ਲਾਕਡਾਊਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਤਕ ਦਾ ਸਭ ਤੋਂ ਵੱਡਾ ਫੈਸਲਾ
Saturday, May 30, 2020 - 09:15 PM (IST)
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਲੋਂ ਸ਼ਨੀਵਾਰ ਨੂੰ ਲਾਕਡਾਊਨ ਨੂੰ ਲੈ ਕੇ ਹੁਣ ਤਕ ਦਾ ਸਭ ਤੋਂ ਵੱਡਾ ਫੈਸਲਾ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੁੱਝ ਹੋਰ ਢਿੱਲ ਦੇ ਨਾਲ 30 ਜੂਨ ਤਕ ਪੰਜਾਬ 'ਚ ਲਾਕਡਾਊਨ 'ਚ 4 ਹਫਤੇ ਦੇ ਵਾਧੇ ਦਾ ਐਲਾਨ ਕੀਤਾ ਹੈ। ਹਾਲਾਂਕਿ ਮਾਹਿਰਾਂ ਨੇ ਪ੍ਰਾਹੁਣਚਾਰੀ ਉਦਯੋਗ ਅਤੇ ਮਾਲ ਖੋਲ੍ਹਣ ਦੇ ਵਿਰੁੱਧ ਸਲਾਹ ਦਿੱਤੀ ਹੈ ਪਰ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਲਾਕਡਾਊਨ 5.0 ਲਈ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ 'ਚ ਰੱਖੇਗਾ। ਮੁੱਖ ਮੰਤਰੀ ਨੇ ਸਿਹਤ ਮਾਹਿਰਾਂ, ਉਚ ਅਧਿਕਾਰੀਆਂ ਅਤੇ ਕੈਬਨਿਟ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੰਘ ਸਿੱਧੂ ਅਤੇ ਤ੍ਰਿਪਤ ਸਿੰਘ ਬਾਜਵਾ ਦੇ ਨਾਲ ਵੀਡੀਓ ਕਾਨਫਰੰਸ ਰਾਹੀਂ ਕੋਵਿਡ-19 ਸਥਿਤੀ ਦੇ ਜ਼ਮੀਨੀ ਮੁਲਾਂਕਣ ਤੋਂ ਬਾਅਦ ਆਪਣੇ ਫੈਸਲੇ ਦਾ ਐਲਾਨ ਕੀਤਾ। ਇਹ ਕਦਮ ਵੀ ਕੇਂਦਰ ਸਰਕਾਰ ਦੇ ਕੌਮੀ ਤਾਲਾਬੰਦੀ ਨੂੰ 31 ਮਈ ਤੋਂ ਅੱਗੇ ਵਧਾਉਣ ਦੇ ਫੈਸਲੇ ਨਾਲ ਮੇਲ ਖਾਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਬਾਅਦ ਵਿਚ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕਿਹਾ ਕਿ ਕੋਵਿਡ ਦੀ ਧਮਕੀ ਅਜੇ ਖਤਮ ਨਹੀਂ ਹੋਈ ਹੈ ਅਤੇ ਜੇ ਜ਼ਰੂਰੀ ਹੋਇਆ ਤਾਂ ਉਹ ਪੰਜਾਬੀਆਂ ਦੀ ਜਾਨ ਬਚਾਉਣ ਲਈ ਸਖਤ ਕਦਮ ਚੁੱਕਦੇ ਰਹਿਣਗੇ। ਅਤਿਅੰਤ ਸਾਵਧਾਨੀ ਵਰਤਦੇ ਰਹਿਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਨਾਗਰਿਕਾਂ ਦੀ ਸਿਹਤ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰਸ਼ਾਸਨ ਦੀ ਪ੍ਰਸ਼ੰਸਾ ਕੀਤੀ।