ਲਾਕਡਾਊਨ ਦੇ ਚੱਲਦੇ 2576 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈਆਂ 2 ਟਰੇਨਾਂ
Sunday, May 10, 2020 - 07:57 PM (IST)
ਬਠਿੰਡਾ,(ਵਰਮਾ)- ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦੇ ਬਠਿੰਡਾ ਰੇਲਵੇ ਜੰਕਸ਼ਨ ਤੋਂ ਐਤਵਾਰ ਬਿਹਾਰ ਅਤੇ ਝਾਰਖੰਡ ਲਈ 2 ਰੇਲਗੱਡੀਆਂ ਸਵੇਰੇ 11 ਵਜੇ ਅਤੇ ਸ਼ਾਮ 5 ਵਜੇ ਰਵਾਨਾ ਹੋਈਆਂ, ਜਿਸ 'ਚ ਕੁੱਲ 2576 ਯਾਤਰੀ ਸਵਾਰ ਸਨ। ਇਹ ਸਾਰੇ ਮੁਲਾਜ਼ਮ ਅਤੇ ਕੁਝ ਵਿਦਿਆਰਥੀ ਸਨ, ਜਿਨ੍ਹਾਂ ਦਾ ਪੂਰਾ ਖਰਚ ਪੰਜਾਬ ਸਰਕਾਰ ਨੇ ਚੁੱਕਿਆ। ਜਿਵੇਂ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡ ਪਹੁੰਚਾਉਣ ਲਈ ਪੂਰਾ ਖਰਚ ਕਾਂਗਰਸ ਕਰੇਗੀ । ਉਸ ਦੇ ਚੱਲਦੇ ਟਿਕਟਾਂ ਸਮੇਤ ਖਾਣ-ਪੀਣ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਸੀ। ਜ਼ਿਲਾ ਪ੍ਰਸ਼ਾਸਨ ਵਲੋਂ ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਲੈ ਜਾਣ ਲਈ ਪ੍ਰਬੰਧ ਵੀ ਕੀਤੇ ਗਏ ਸੀ ਪਰ ਯਾਤਰਾ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਦੀਆਂ ਵੇਖੀਆਂ ਗਈਆਂ। ਪੂਰੀ ਗੱਡੀ ਨੂੰ ਪਹਿਲਾਂ ਤੋਂ ਸੈਨੇਟਾਈਜ਼ ਕੀਤਾ ਗਿਆ ਸੀ, ਜਦਕਿ ਉਸ 'ਚ ਜਾਣ ਵਾਲੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਦੇ ਨਾਲ ਹੋਰ ਟੈਸਟ ਵੀ ਹੋਏ ਸੀ।
ਪੰਜਾਬ ਸਰਕਾਰ ਨੇ ਇਨ੍ਹਾਂ ਯਾਤਰੀਆਂ ਨੂੰ ਬਠਿੰਡਾ ਤੋਂ ਬਿਹਾਰ ਅਤੇ ਝਾਰਖੰਡ ਭੇਜਣ ਲਈ ਸਾਰੇ ਯਾਤਰੀਆਂ 'ਤੇ 14.33 ਲੱਖ ਰੁਪਏ ਖਰਚ ਕੀਤਾ। ਉਸ ਦਾ ਗਿੱਦੜਬਾਹਾ ਦੇ ਰਾਜਾ ਵੜਿੰਗ ਨੇ ਖੁਲਾਸਾ ਕੀਤਾ। ਉਨ੍ਹਾਂ ਦੇ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ. ਕੇ. ਅਗਰਵਾਲ , ਪੀ. ਪੀ. ਸੀ. ਸਕੱਤਰ ਰਾਜ ਕੁਮਾਰ ਨੰਬਰਦਾਰ, ਪਵਨ ਮਾਨੀ, ਜ਼ਿਲਾ ਕਾਂਗਰਸ ਪ੍ਰਧਾਨ ਅਰੁਣ ਵਧਾਵਨ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਯਾਤਰੀਆਂ ਨੂੰ ਪਹਿਲਾਂ ਜਾਂਚ ਦੇ ਬਾਅਦ ਕੁਆਰੰਟਾਈਨ ਕੇਂਦਰ 'ਚ ਰੱਖਿਆ ਗਿਆ ਸੀ। ਪਹਿਲੀ ਰੇਲਗੱਡੀ ਸਵੇਰੇ 11 ਵਜੇ 1388 ਮਜ਼ਦੂਰਾਂ ਅਤੇ ਹੋਰ ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈ, ਜਦਕਿ ਬਿਹਾਰ ਲਈ ਗੱਡੀ ਸ਼ਾਮ 5 ਵਜੇ ਚੱਲੀ ਜਿਸ 'ਚ 1188 ਯਾਤਰੀ ਸਵਾਰ ਸਨ। ਇਨ੍ਹਾਂ ਸਾਰਿਆਂ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਟਿਕਟਾਂ ਖਰੀਦ ਕੇ ਦਿੱਤੀਆਂ ਗਈਆਂ ਸਨ ਜਿਸ 'ਤੇ ਲਗਭਗ ਪ੍ਰਤੀ ਯਾਤਰੀ 600 ਰੁਪਏ ਖਰਚ ਆਇਆ। ਰੇਲਗੱਡੀ ਨੂੰ ਆਈਸੋਲੇਟ ਕਰਨ ਦੇ ਬਾਅਦ ਹੀ ਯਾਤਰੀਆਂ ਨੂੰ ਬੈਠਣ ਦੀ ਇਜਾਜ਼ਤ ਦਿੱਤੀ ਗਈ।