ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਪੀਤੀ ਜ਼ਹਿਰੀਲੀ ਦਵਾਈ, ਮੌਤ

02/11/2019 12:10:55 PM

ਫਿਰੋਜ਼ਪੁਰ (ਕੁਮਾਰ, ਸਨੀ) - ਫਿਰੋਜ਼ਪੁਰ ਦੇ ਪਿੰਡ ਮਹਿਮਾ 'ਚ ਅੱਜ ਕਰਜ਼ੇ ਤੋਂ ਪਰੇਸ਼ਾਨ ਇਕ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕਰਮਜੀਤ ਸਿੰਘ (46) ਪੁੱਤਰ ਬਲਵੰਤ ਸਿੰਘ ਵਾਸੀ ਮਹਿਮਾ ਵਜੋਂ ਹੋਈ ਹੈ, ਜਿਸ ਦੇ ਸਿਰ 'ਤੇ 20 ਲੱਖ ਰੁਪਏ ਦੇ ਕਰੀਬ ਦਾ ਕਰਜ਼ਾ ਸੀ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਗੁਰਮੀਤ ਸਿੰਘ ਮਹਿਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਕਰਮਜੀਤ ਸਿੰਘ ਕੋਲ ਕਰੀਬ 3-4 ਏਕੜ ਜ਼ਮੀਨ ਹੈ ਅਤੇ ਉਸ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਕੁਝ ਜ਼ਮੀਨ ਵੇਚ ਕੇ ਥੋੜਾ ਕਰਜ਼ਾ ਚੁੱਕਾ ਦਿੱਤਾ ਸੀ। ਬਾਕੀ ਦਾ ਕਰਜ਼ਾ ਦੇਣ ਲਈ ਉਸ ਕੋਲ ਪੈਸੇ ਨਹੀਂ ਸਨ, ਜਿਸ ਕਾਰਨ ਉਹ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ। ਉਸ ਦਾ ਇਕ ਲੜਕਾ ਅਤੇ ਇਕ ਲੜਕੀ ਵੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਘੱਟ ਤੋਂ ਘੱਟ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

 


Related News