ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਕਾਫ਼ਿਲੇ ''ਤੇ ''ਆਪ'' ਵਰਕਰਾਂ ਵਲੋਂ ਹਮਲਾ

Thursday, Sep 10, 2026 - 09:14 PM (IST)

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਕਾਫ਼ਿਲੇ ''ਤੇ ''ਆਪ'' ਵਰਕਰਾਂ ਵਲੋਂ ਹਮਲਾ

ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਕਾਫ਼ਿਲੇ ਉਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਹਮਲਾ ਕੀਤਾ ਗਿਆ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਕੇਵਲ ਸਿੰਘ ਢਿੱਲੋਂ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਦੇ ਪਿੰਡ ਤੂਰ ਬੰਜਾਰਾ ਵਿਖੇ 'ਆਪ' ਸਰਕਾਰ ਦੀ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਵਾਲੇ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਕਰਨ ਜਾ ਰਹੇ ਸਨ। ਉਹਨਾਂ ਨਾਲ ਗੱਡੀ ਵਿਚ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਸਨ।

ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਰਾਜ ਇੱਕ ਗੁੰਡਾਗਰਦੀ ਦਾ ਰਾਜ ਬਣ ਗਿਆ ਹੈ, ਜਿੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਉਹਨਾਂ ਦੀ ਗੱਡੀ ਨੂੰ ਰੋਕ ਕੇ ਹਮਲਾ ਕੀਤਾ ਗਿਆ ਹੈ। ਇਹ ਹਮਲਾ ਉਹਨਾਂ ਉਪਰ ਨਹੀਂ ਹੋਇਆ, ਬਲਕਿ ਇਹ ਲੋਕਤੰਤਰ ਉਪਰ ਹਮਲਾ ਹੋਇਆ ਹੈ।

ਉਹਨਾਂ ਕਿਹਾ ਕਿ ਉਹ ਆਪਣੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਗੁਲਜ਼ਾਰ ਸਿੰਘ ਦੇ ਪਰਿਵਾਰ ਲਈ ਇਨਸਾਫ਼ ਦੀ ਆਵਾਜ਼ ਉਠਾਉਣ ਜਾ ਰਹੇ ਸਨ ਕਿ ਰਸਤੇ ਵਿਚ ਉਹਨਾਂ ਦੀ ਗੱਡੀ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਆਪਣੇ ਦਿੱਲੀ ਦੇ ਆਕਾਵਾਂ ਦੇ ਇਸ਼ਾਰੇ 'ਤੇ ਘੇਰਿਆ ਗਿਆ।

ਉਹਨਾਂ ਕਿਹਾ ਕਿ ਇਸਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਦੌਰਾਨ 100 ਮੀਟਰ ਅੱਗੇ ਖੜੀ ਤਮਾਸ਼ਾ ਦੇਖ ਰਹੀ ਸੀ। ਸਰਕਾਰ ਲੋਕਾਂ ਦੀ ਆਵਾਜ਼ ਦੇ ਨਾਲ ਨਾਲ ਵਿਰੋਧੀ ਧਿਰਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਮ ਆਦਮੀ ਪਾਰਟੀ ਸ਼ਾਮ, ਦਾਮ, ਦੰਡ ਭੇਦ ਦੀ ਰਾਜਨੀਤੀ 'ਤੇ ਉਤਰ ਆਈ ਹੈ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਜ਼ੁਲਮ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਇਸਦਾ ਅੰਤ ਨੇੜੇ ਹੈ। ਪੰਜਾਬ ਦੇ ਅਣਖੀ ਲੋਕ ਇਸ ਧੱਕੇਸ਼ਾਹੀ ਦੲ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਬੈਠੇ ਹਨ।

ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪ ਸਰਕਾਰ ਦੀ ਇਹਨਾਂ ਹਮਲਿਆਂ ਤੋਂ ਡਰਨ ਵਾਲੀ ਨਹੀਂ ਹੈ, ਸਰਕਾਰ ਦੀ ਹਰ ਧੱਕੇਸ਼ਾਹੀ ਦਾ ਡੱਟ ਕੇ ਸਾਹਮਣਾ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕੇਵਲ ਸਿੰਘ ਢਿੱਲੋਂ ਤੇ ਸਾਥੀ ਭਾਜਪਾ ਨੇਤਾਵਾਂ ਦਾ ਵਾਪਸੀ ਮੌਕੇ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਰਸਤਾ ਰੋਕਿਆ ਗਿਆ। ਪਰ ਢਿੱਲੋਂ ਤੇ ਸਾਥੀ ਭਾਜਪਾ ਨੇਤਾ ਗੱਡੀਆਂ ਤੋਂ ਉਤਰ ਕੇ ਆਮ ਆਦਮੀ ਪਾਰਟੀ ਵਲੋਂ ਰੋਕੇ ਰਸਤੇ ਵੱਲ ਵਧੇ ਅਤੇ ਪੈਦਲ ਹੀ ਕਾਫ਼ਲੇ ਨਾਲ ਰਸਤਾ ਪਾਰ ਕੀਤਾ।
 


author

Inder Prajapati

Content Editor

Related News