ਗੰਦਗੀ ਦੀ ਸ਼ਿਕਾਇਤ ਕਰਨ ’ਤੇ ਭੜਕੀ ਗੁਆਂਢਣ, ਔਰਤ ’ਤੇ ਡੰਡੇ ਨਾਲ ਕੀਤੇ ਕਈ ਵਾਰ

Thursday, Sep 10, 2026 - 12:43 PM (IST)

ਗੰਦਗੀ ਦੀ ਸ਼ਿਕਾਇਤ ਕਰਨ ’ਤੇ ਭੜਕੀ ਗੁਆਂਢਣ, ਔਰਤ ’ਤੇ ਡੰਡੇ ਨਾਲ ਕੀਤੇ ਕਈ ਵਾਰ

ਖਰੜ (ਰਣਬੀਰ) : ਕੁੱਤਿਆਂ ਵੱਲੋਂ ਪੌੜੀਆਂ ’ਤੇ ਗੰਦਗੀ ਫੈਲਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇਕ ਮਹਿਲਾ ’ਤੇ ਡੰਡੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਖਰੜ ਪੁਲਸ ਨੇ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ’ਤੇ ਗੁਆਂਢ ’ਚ ਰਹਿਣ ਵਾਲੀ ਇਕ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਪਾਮ ਸਿਟੀ, ਸੈਕਟਰ-127 ਦੀ ਵਸਨੀਕ ਮਹਿਲਾ ਨੇ ਦੱਸਿਆ ਕਿ ਉਹ ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਕਰਦੀ ਹੈ।

ਬੀਤੀ 4 ਸਤੰਬਰ ਨੂੰ ਉਸ ਦਾ ਪਤੀ ਕੰਮ ਦੇ ਸਿਲਸਿਲੇ ’ਚ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਉਹ ਆਪਣੀ ਗੁਆਂਢਣ ਨਾਲ ਉਸ ਦੇ ਪਾਲਤੂ ਕੁੱਤਿਆਂ ਵੱਲੋਂ ਪੌੜੀਆਂ ’ਤੇ ਫੈਲਾਈ ਜਾ ਰਹੀ ਗੰਦਗੀ ਸਬੰਧੀ ਗੱਲਬਾਤ ਕਰਨ ਤੋਂ ਬਾਅਦ ਆਪਣੇ ਫਲੈਟ ਵੱਲ ਜਾ ਰਹੀ ਸੀ। ਦਰਖਾਸਤਕਰਤਾ ਮੁਤਾਬਕ ਰਸਤੇ ਵਿੱਚ ਗੁਆਂਢ ਵਿੱਚ ਰਹਿਣ ਵਾਲੀ ਪਵਨਪ੍ਰੀਤ ਕੌਰ ਨੇ ਉਸ ਨੂੰ ਰੋਕ ਲਿਆ ਅਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਪਵਨਪ੍ਰੀਤ ਕੌਰ ਨੇ ਲੱਕੜ ਦੇ ਡੰਡੇ ਨਾਲ ਉਸ ’ਤੇ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਡੰਡੇ ਦੇ ਕਈ ਵਾਰ ਉਸ ਦੇ ਸਿਰ ’ਤੇ ਕੀਤੇ ਗਏ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ ਅਤੇ ਸਿਰ ਵਿੱਚੋਂ ਖੂਨ ਵਗਣ ਲੱਗ ਪਿਆ। ਪੁਲਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ’ਤੇ ਪਵਨਪ੍ਰੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News