ਲਿਵ ਇਨ ਰਿਲੇਸ਼ਨ ''ਚ ਰਹਿਣ ਵਾਲੇ ਮੁੰਡੇ ਦਾ ਕਤਲ ਕਰਨ ਵਾਲੀ ਪ੍ਰੇਮਿਕਾ ਤੇ ਪ੍ਰੇਮੀ ਗ੍ਰਿਫ਼ਤਾਰ
Monday, May 13, 2024 - 06:23 PM (IST)

ਖਰੜ (ਅਮਰਦੀਪ) : ਖਰੜ ਸਿਟੀ ਪੁਲਸ ਨੇ ਦਰਪਨ ਸਿਟੀ ’ਚ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ.ਐੱਚ.ਓ. ਐੱਸ.ਆਈ. ਮਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਮ੍ਰਿਤਕ ਤੁਸ਼ਾਰ ਕੁਮਾਰ ਦੀ ਪ੍ਰੇਮਿਕਾ ਤਮੰਨਾ ਵਾਸੀ ਸ਼ੀਤਲਾਪੁਰ ਕਲੋਨੀ ਜੀਂਦ ਹਰਿਆਣਾ ਤੇ ਕੁੜੀ ਦੇ ਦੂਜੇ ਪ੍ਰੇਮੀ ਅਮਨ ਵਾਸੀ ਸੈਕਟਰ 79 ਮੋਹਾਲੀ ਨੂੰ ਨਯਾਗਾਓਂ ਨੇੜੇ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਨੇ ਮੰਨਿਆ ਹੈ ਕਿ ਤੁਸ਼ਾਰ ਦਾ ਕਤਲ ਉਨ੍ਹਾਂ ਨੇ ਮਿਲ ਕੇ ਕੀਤਾ ਹੈ।
ਤਮੰਨਾ ਤੁਸ਼ਾਰ ਨਾਲ ਦਰਪਨ ਸਿਟੀ ਖਰੜ ਦੇ ਕਮਰੇ ’ਚ ਲਿਵ-ਇਨ ਰਿਲੇਸ਼ਨ ’ਚ ਰਹਿੰਦੀ ਸੀ। ਇੱਥੇ ਅਕਸਰ ਤੁਸ਼ਾਰ ਦਾ ਦੋਸਤ ਅਮਨ ਉਸ ਦੇ ਕਮਰੇ ’ਚ ਆਉਂਦਾ ਸੀ ਤਾਂ ਤਮੰਨਾ ਦਾ ਪਿਆਰ ਅਮਨ ਨਾਲ ਪੈ ਗਿਆ ਤੇ ਇਸ ਦੀ ਭਿਣਕ ਤੁਸ਼ਾਰ ਨੂੰ ਲੱਗ ਗਈ ਸੀ। ਇਸ ਨੂੰ ਲੈ ਕੇ ਤਿੰਨਾਂ ’ਚ ਥੋੜ੍ਹਾ ਝਗੜਾ ਹੋਇਆ ਤਾਂ 12 ਮਈ ਨੂੰ ਤੜਕੇ 4 ਵਜੇ ਦੇ ਕਰੀਬ ਪ੍ਰੇਮਿਕਾ ਨੇ ਆਪਣੇ ਦੂਜੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਹਿਲੇ ਪ੍ਰੇਮੀ ਦੇ ਸਿਰ ’ਚ ਗੈਸ ਸਿਲੰਡਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਖਰੜ ਦੀ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਜੱਜ ਨੇ ਉਨ੍ਹਾਂ ਨੂੰ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ।