ਲਾਈਵ ਹੋ ਬਿਆਨ ਕੀਤੀ ਦਿਲ ਕੰਬਾਉਣ ਵਾਲੀ ਕਰਤੂਤ, ਫਿਰ ਕੀਤੀ ਖੁਦਕੁਸ਼ੀ
Friday, Sep 13, 2019 - 06:51 PM (IST)

ਮਖੂ (ਵਾਹੀ) : ਨੇੜਲੇ ਪਿੰਡ ਲਹਿਰਾ ਬੇਟ ਦੇ ਵਸਨੀਕ ਸਵਰਣ ਸਿੰਘ ਪੁੱਤਰ ਦੀਦਾਰ ਸਿੰਘ ਨੇ ਆਪਣੀ ਪ੍ਰੇਮਿਕਾ ਬਲਵਿੰਦਰ ਕੌਰ ਦੇ ਬੇਵਫਾਈ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਸਵਰਣ ਸਿੰਘ ਨੇ ਲਾਈਵ ਹੋ ਕੇ ਆਪਣੀਆਂ ਕਰਤੂਤਾਂ ਦਾ ਖੁਲਾਸਾ ਕੀਤਾ। ਸਵਰਣ ਸਿੰਘ ਨੇ ਦੱਸਿਆ ਕਿ ਉਸ ਦੇ ਬਲਵਿੰਦਰ ਕੌਰ ਪਤਨੀ ਰਸਾਲ ਸਿੰਘ ਨਾਲ 2001 ਤੋਂ ਪ੍ਰੇਮ ਸੰਬੰਧ ਚੱਲਦੇ ਆ ਰਹੇ ਸਨ। ਇਸ ਦੌਰਾਨ ਕਈ ਵਾਰ ਉਨ੍ਹਾਂ ਦੀ ਅਣਬਣ ਵੀ ਹੋਈ ਪਰ ਉਹ ਫਿਰ ਇਕੱਠੇ ਹੋ ਗਏ। ਇਸ ਦੌਰਾਨ ਬਲਵਿੰਦਰ ਕੌਰ ਦਾ ਪਤੀ ਰਸਾਲ ਸਿੰਘ ਉਨ੍ਹਾਂ ਦਾ ਰਾਹ ਦਾ ਰੋੜਾ ਬਣ ਰਿਹਾ ਸੀ, ਜਿਸ ਦੇ ਚੱਲਦੇ ਉਨ੍ਹਾਂ ਨੇ 2014 ਵਿਚ ਉਸ ਦਾ ਕਤਲ ਕਰ ਦਿੱਤਾ।
ਸਵਰਣ ਸਿੰਘ ਨੇ ਦੱਸਿਆ ਕਿ ਰਸਾਲ ਸਿੰਘ ਦੇ ਕਤਲ ਤੋਂ ਬਾਅਦ ਉਹ ਲਗਾਤਾਰ ਰਾਤ ਨੂੰ ਮਿਲਦੇ ਰਹੇ ਪਰ ਫਿਰ ਬਲਵਿੰਦਰ ਕੌਰ ਦਾ ਪੁੱਤਰ ਜਵਾਨ ਹੋ ਗਿਆ ਅਤੇ ਉਨ੍ਹਾਂ ਦੇ ਰਾਹ ਦਾ ਰੋੜਾ ਬਣਨ ਲੱਗਾ, ਜਿਸ ਦੇ ਚੱਲਦੇ ਉਨ੍ਹਾਂ ਦੋਵਾਂ ਨੇ ਉਸ 'ਤੇ ਨਸ਼ੇ ਦਾ ਪਰਚਾ ਪਵਾਉਣ ਲਈ ਉਸ ਦੇ ਘਰ ਨਸ਼ੇ ਵਾਲੀਆਂ ਗੋਲੀਆਂ ਵੀ ਰਖਵਾ ਦਿੱਤੀਆਂ। ਇਸ ਦੌਰਾਨ ਜਦੋਂ ਪੁਲਸ ਨੇ ਉਸ ਦੇ ਘਰ ਰੇਡ ਕੀਤੀ ਤਾਂ ਬਲਵਿੰਦਰ ਕੌਰ ਨੇ ਪੁਲਸ ਸਾਹਮਣੇ ਸੱਚ ਖੋਲ੍ਹਦਿਆਂ ਦੱਸਿਆ ਕਿ ਸਵਰਣ ਸਿੰਘ ਨੇ ਸਾਜ਼ਿਸ਼ ਦੇ ਤਹਿਤ ਉਨ੍ਹਾ ਦੇ ਘਰ ਇਹ ਨਸ਼ੇ ਵਾਲੀਆਂ ਗੋਲੀਆਂ ਰਖਵਾਈਆਂ ਹਨ।
ਪ੍ਰੇਮਿਕਾ ਦੀ ਬੇਵਫਾਈ ਤੋਂ ਦੁਖੀ ਹੋ ਕੇ ਸਵਰਣ ਸਿੰਘ ਨੇ ਲਾਈਵ ਹੋ ਕੇ ਦੋਵਾਂ ਦਾ ਕੱਚਾ ਚਿੱਟਾ ਖੋਲ੍ਹਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੋਵਾਂ ਨੇ 2014 ਵਿਚ ਬਲਵਿੰਦਰ ਦੇ ਪਤੀ ਦਾ ਕਤਲ ਕੀਤਾ ਸੀ ਤੇ ਨਸ਼ੀਲੀਆਂ ਗੋਲੀਆਂ ਵੀ ਦੋਵਾਂ ਨੇ ਸਲਾਹ ਨਾਲ ਰੱਖੀਆਂ ਸਨ ਪਰ ਹੁਣ ਇਹ ਮੁਕਰ ਰਹੀ ਹੈ, ਜਿਸ ਦੇ ਚੱਲਦੇ ਉਹ ਖੁਦਕੁਸ਼ੀ ਕਰ ਰਿਹਾ ਹੈ। ਇੰਨੀ ਗੱਲ ਕਹਿੰਦਿਆਂ ਸਵਰਣ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਇਸ ਦੌਰਾਨ ਉਸ ਨੂੰ ਮਖੂ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਹਾਲਤ ਵਧੇਰੇ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਮਾਮਲਾ ਗੰਭੀਰ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਥਾਣਾ ਐੱਸ. ਐੱਚ. ਓ. ਮੁਤਾਬਕ ਵੀਡੀਓ 'ਚ ਦਿੱਤੇ ਬਿਆਨ ਅਨੁਸਾਰ ਬਲਵਿੰਦਰ ਕੌਰ ਦਾ ਲੜਕਾ ਬੇਕਸੂਰ ਹੈ ਅਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।