ਵੱਖ-ਵੱਖ ਥਾਈਂ ਨਾਜਾਇਜ਼ ਸ਼ਰਾਬ ਬਰਾਮਦ
Wednesday, Jun 27, 2018 - 05:29 AM (IST)
ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਡਲ ਟਾਊਨ ਪੁਲਸ ਨੇ ਨਲੋਈਆ ਚੌਕ ’ਤੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਕੋਲੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਦੋਸ਼ੀ ਕੁਲਦੀਪ ਸਿੰਘ ਵਾਸੀ ਮੁਗਲਪੁਰਾ ਦੇ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਾਂਡਾ ਉਡ਼ਮੁਡ਼, (ਪੰਡਿਤ)-ਟਾਂਡਾ ਪੁਲਸ ਨੇ ਕਿਸੇ ਮੁਖ਼ਬਰ ਦੀ ਸੂਚਨਾ ਦੇ ਅਾਧਾਰ ਤੇ ਕਾਰਵਾਈ ਕਰਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਇਕ ਝੁੱਗੀ ਵਿਚੋਂ ਨਾਜਾਇਜ ਸ਼ਰਾਬ ਦੀਆਂ 30 ਬੋਤਲਾਂ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਅਮਰੀਕ ਸਿੰਘ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਰੌਕੀ ਪੁੱਤਰ ਹਰਮੇਸ਼ ਕੁਮਾਰ ਨਿਵਾਸੀ ਵਾਰਡ 8 ਟਾਂਡਾ ਨੂੰ 30 ਬੋਤਲਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਆਪਣੀ ਝੁੱਗੀ ਵਿਚ ਨਾਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਪੁਲਸ ਨੇ ਦੋਸ਼ੀ ਖਿਲਾਫ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਸੀ. ਆਈ. ਏ. ਸਟਾਫ਼ ਦਸੂਹਾ ਦੀ ਟੀਮ ਨੇ ਪਿੰਡ ਮਿਆਣੀ ’ਚ ਇਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਦੀਆਂ 20 ਬੋਤਲਾਂ ਸਮੇਤ ਕਾਬੂ ਕੀਤਾ ਹੈ। ਪੁਲਸ ਦੀ ਗ੍ਰਿਫਤ ’ਚ ਆਏ ਦੋਸ਼ੀ ਦੀ ਪਛਾਣ ਰਜਤ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਵਾਰਡ ਨੰ. 6 ਮਿਆਣੀ ਦੇ ਰੂਪ ’ਚ ਹੋਈ ਹੈ। ਸੀ. ਆਈ. ਏ. ਸਟਾਫ ਦੇ ਹੈੱਡ ਕਾਂਸਟੇਬਲ ਜੀਵਨ ਲਾਲ ਦੇ ਬਿਆਨ ਦੇ ਅਧਾਰ ’ਤੇ ਟਾਂਡਾ ਪੁਲਸ ਨੇ ਉਕਤ ਦੋਸ਼ੀ ਖਿਲਾਫ਼ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਜੀਵਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਉਕਤ ਦੋਸ਼ੀ ਨੂੰ ਮੈਨੀ ਮੋਡ਼ ਨਜ਼ਦੀਕ 20 ਬੋਤਲਾਂ ਸਮੇਤ ਕਾਬੂ ਕਰਕੇ ਟਾਂਡਾ ਪੁਲਸ ਹਵਾਲੇ ਕੀਤਾ ਗਿਆ। ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁਕੇਰੀਆਂ, (ਝਾਵਰ)-ਬੱਸ ਸਟੈਂਡ ਮੁਕੇਰੀਆਂ ਵਿਖੇ ਛਾਪਾ ਮਾਰ ਕੇ ਹੌਲਦਾਰ ਰਾਮ ਸਿੰਘ ਨੇ ਇਕ ਵਿਅਕਤੀ ਰਾਮ ਪ੍ਰਸਾਦ ਪੁੱਤਰ ਕੁੰਡਾ ਰਾਮ ਨਿਵਾਸੀ ਭਗੋਲੀ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਗੁਡੀਆ ਸ਼ਿਵਾਲਾ ਮੁਕੇਰੀਆਂ ਨੂੰ ਦਡ਼ਾ-ਸੱਟਾ ਲਾਉਣ ਦੇ ਦੋਸ਼ ’ਚ ਕਾਬੂ ਕੀਤਾ ਹੈ। ਉਕਤ ਦੋਸ਼ੀ 10 ਰੁਪਏ ਬਦਲੇ 100 ਰੁਪਏ ਦੇਣ ਦਾ ਹੋਕਾ ਦੇ ਰਿਹਾ ਸੀ। ਪੁਲਸ ਨੇ ਜੂਆ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸੀ. ਆਈ. ਏ. ਸਟਾਫ਼ ਦਸੂਹਾ ਦੇ ਹੌਲਦਾਰ ਜੀਵਨ ਲਾਲ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਰਜਤ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਮਿਆਣੀ ਕੋਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
