ਨਾਜਾਇਜ਼ ਉਸਾਰੀ ਦੀ ਕੋਸ਼ਿਸ਼ ਸਫਲ ਨਾ ਹੋਈ ਤਾਂ ਗ੍ਰੀਨ ਬੈਲਟ ਦੀ ਜਗ੍ਹਾ ’ਤੇ ਕਬਜ਼ੇ ਕਰਨ ਲੱਗੇ ਸ਼ਰਾਬ ਦੇ ਠੇਕੇਦਾਰ

Tuesday, Aug 20, 2024 - 04:07 PM (IST)

ਨਾਜਾਇਜ਼ ਉਸਾਰੀ ਦੀ ਕੋਸ਼ਿਸ਼ ਸਫਲ ਨਾ ਹੋਈ ਤਾਂ ਗ੍ਰੀਨ ਬੈਲਟ ਦੀ ਜਗ੍ਹਾ ’ਤੇ ਕਬਜ਼ੇ ਕਰਨ ਲੱਗੇ ਸ਼ਰਾਬ ਦੇ ਠੇਕੇਦਾਰ

ਲੁਧਿਆਣਾ (ਹਿਤੇਸ਼)- ਮਹਾਨਗਰ ’ਚ ਪਿਛਲੇ ਕੁਝ ਸਮੇਂ ਦੌਰਾਨ ਵੱਡੀ ਗਿਣਤੀ ’ਚ ਸ਼ਰਾਬ ਦੇ ਠੇਕਿਆਂ ਦੀ ਉਸਾਰੀ ਕੀਤੀ ਗਈ ਹੈ ਅਤੇ ਜਿਥੇ ਇਹ ਕੋਸ਼ਿਸ਼ ਸਫਲ ਨਹੀਂ ਹੋ ਰਹੀ, ਉਥੇ ਸ਼ਰਾਬ ਦੇ ਠੇਕੇਦਾਰਾਂ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਜੁੜਿਆ ਤਾਜ਼ਾ ਮਾਮਲਾ ਨਗਰ ਨਿਗਮ ਜ਼ੋਨ-ਏ ਦੇ ਅਧੀਨ ਆਉਂਦੇ ਛਾਉਣੀ ਮੁਹੱਲੇ ਦੇ ਆਸ-ਪਾਸ ਸਾਹਮਣੇ ਆਇਆ ਹੈ, ਜਿਥੇ ਕੁਝ ਸਮਾਂ ਪਹਿਲਾਂ ਠੇਕੇਦਾਰਾਂ ਵੱਲੋਂ ਪੈਟ੍ਰੋਲ ਪੰਪ ਨੇੜੇ ਸਥਿਤ ਪਲਾਟ ’ਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਯਤਨ ਕੀਤਾ ਗਿਆ ਸੀ ਪਰ ਆਸ-ਪਾਸ ਦੇ ਲੋਕਾਂ ਵੱਲੋਂ ਵਿਰੋਧ ਕਰਨ ਕਰ ਕੇ ਨਗਰ ਨਿਗਮ ਦੀ ਇਮਾਰਤੀ ਸ਼ਾਖਾ ਵੱਲੋਂ ਸ਼ਰਾਬ ਦਾ ਠੇਕਾ ਖੋਲ੍ਹਣ ਲਈ ਬਣਾਏ ਜਾ ਰਹੇ ਢਾਂਚੇ ਨੂੰ ਤੋੜ ਦਿੱਤਾ ਗਿਆ।

ਇਸ ਤੋਂ ਬਾਅਦ ਵੀ ਠੇਕੇਦਾਰ ਸ਼ਾਂਤ ਨਹੀਂ ਹੋਏ ਅਤੇ ਉਨ੍ਹਾਂ ਨੇ ਪੈਟ੍ਰੋਲ ਪੰਪ ਨੇੜੇ ਹੀ ਸਥਿਤ ਉਸ ਜਗ੍ਹਾ ’ਤੇ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਯਤਨ ਕੀਤਾ, ਜਿਥੇ ਬਣੇ ਢਾਂਚੇ ਨੂੰ ਨਗਰ ਨਿਗਮ ਵੱਲੋਂ ਕੁਝ ਸਮਾਂ ਪਹਿਲਾਂ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ’ਚ ਤੋੜ ਦਿੱਤਾ ਗਿਆ ਸੀ।

ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਨਗਰ ਨਿਗਮ ਦੀ ਟੀਮ ਵੱਲੋਂ ਸ਼ਰਾਬ ਦਾ ਠੇਕਾ ਖੋਲ੍ਹਣ ਲਈ ਰੱਖੇ ਗਏ ਕੰਟੇਨਰ ਨੂੰ ਸੀਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸ਼ਰਾਬ ਦੇ ਠੇਕੇਦਾਰ ਵੱਲੋਂ ਕੰਟੇਨਰ ਨੂੰ ਮੰਨਾ ਸਿੰਘ ਨਗਰ ਦੇ ਬਾਹਰ ਸਥਿਤ ਗ੍ਰੀਨ ਬੈਲਟ ’ਚ ਲਿਜਾ ਕੇ ਕਬਜ਼ਾ ਜਮਾ ਲਿਆ ਗਿਆ ਹੈ ਅਤੇ ਕਈ ਦਿਨਾਂ ਤੋਂ ਉਸ ਦੇ ਖਿਲਾਫ ਨਗਰ ਨਿਗਮ ਦੀ ਕਾਰਵਾਈ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਬਸਤੀ ਜੋਧੇਵਾਲ ਚੌਕ ਅਤੇ ਜਲੰਧਰ ਬਾਈਪਾਸ ਚੌਕ ਨੇੜੇ ਬਣੇ ਸ਼ਰਾਬ ਦੇ ਠੇਕਿਆਂ ਤੋਂ ਅਜੇ ਤੱਕ ਨਹੀਂ ਵਸੂਲੀ ਗਈ ਲੱਖਾਂ ਦੀ ਫੀਸ

ਸ਼ਰਾਬ ਦੇ ਠੇਕਿਆਂ ਦੀ ਨਾਜਾਇਜ਼ ਉਸਾਰੀ ਨਾਲ ਜੁੜਿਆ ਇਕ ਪਹਿਲੂ ਇਹ ਵੀ ਹੈ ਕਿ ਕਈ ਜਗ੍ਹਾ ਰਿਹਾਇਸ਼ੀ ਇਲਾਕੇ ’ਚ ਨਾਜਾਇਜ਼ ਤੌਰ ’ਤੇ ਵਪਾਰਕ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮੇਨ ਰੋਡ ’ਤੇ ਸਥਿਤ ਜਿਨ੍ਹਾਂ ਸ਼ਰਾਬ ਦੇ ਠੇਕਿਆਂ ਦੀ ਉਸਾਰੀ ਨੂੰ ਰੈਗੁੂਲਰ ਕੀਤਾ ਜਾ ਸਕਦਾ ਹੈ, ਉਨ੍ਹਾਂ ਤੋਂ ਨਗਰ ਨਿਗਮ ਦੀ ਇਮਾਰਤੀ ਸ਼ਾਖਾ ਵੱਲੋਂ ਹੁਣ ਤੱਕ ਲੱਖਾਂ ਦੀ ਫੀਸ ਨਹੀਂ ਵਸੂਲੀ ਗਈ।

ਇਹ ਖ਼ਬਰ ਵੀ ਪੜ੍ਹੋ - ਲੋਕਾਂ ਨੇ ਨਸ਼ੇ 'ਚ ਟੁੰਨ ਫੜੇ ਪੁਲਸ ਵਾਲੇ, ਅਗਿਓਂ ਕਹਿੰਦੇ- "ਬੇਅਦਬੀ ਦੀ ਜਾਂਚ ਲਈ ਲੱਗੀ ਹੈ ਡਿਊਟੀ"(ਵੀਡੀਓ)

ਇਸ ਦਾ ਸਬੂਤ ਜ਼ੋਨ-ਏ ਦੇ ਇਲਾਕੇ ’ਚ ਦੇਖਣ ਨੂੰ ਮਿਲ ਸਕਦਾ ਹੈ, ਜਿਥੇ ਬਸਤੀ ਜੋਧੇਵਾਲ ਚੌਕ ਅਤੇ ਜਲੰਧਰ ਬਾਈਪਾਸ ਚੌਕ ਨੇੜੇ ਸ਼ਰਾਬ ਦੇ ਠੇਕਿਆਂ ਦੀ ਉਸਾਰੀ ਕੀਤੀ ਗਈ ਹੈ। ਇਨ੍ਹਾਂ ਠੇਕਿਆਂ ਨੂੰ ਪਹਿਲਾਂ ਨਗਰ ਨਿਗਮ ਵੱਲੋਂ ਉਸਾਰੀ ਦੇ ਦੋਸ਼ ’ਚ ਸੀਲ ਕਰ ਦਿੱਤਾ ਗਿਆ ਸੀ ਅਤੇ ਫਿਰ ਚੰਦ ਘੰਟਿਆਂ ਅੰਦਰ ਫੀਸ ਵਸੂਲਣ ਦਾ ਹਵਾਲਾ ਦਿੰਦੇ ਹੋਏ ਖੋਲ੍ਹ ਦਿੱਤਾ ਗਿਆ।

ਜਦੋਂਕਿ ਡੀ. ਸੀ. ਕੋਲ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਆਉਣ ਦੌਰਾਨ ਜਦੋਂ ਸ਼ਿਕਾਇਤ ਪੁੱਜੀ ਤਾਂ ਫੀਸ ਨਾ ਵਸੂਲੇ ਜਾਣ ਦਾ ਖੁਲਾਸਾ ਹੋਇਆ। ਉਸ ਤੋਂ ਬਾਅਦ ਨਗਰ ਨਿਗਮ ਜ਼ੋਨ-ਏ ਦੀ ਇਮਾਰਤੀ ਸ਼ਾਖਾ ਦੇ ਅਫਸਰ ਸ਼ਰਾਬ ਦੇ ਠੇਕਿਆਂ ਦੀ ਨਾਜਾਇਜ਼ ਉਸਾਰੀ ਨੂੰ ਰੈਗੁੂਲਰ ਕਰਨ ਦੀ ਮਨਜ਼ੂਰੀ ਲੈਣ ਲਈ ਰਿਪੋਰਟ ਬਣਾ ਕੇ ਭੇਜਣ ਦਾ ਬਹਾਨਾ ਬਣਾ ਰਹੇ ਹਨ। ਹੁਣ ਇਸ ਸਬੰਧੀ ਫਾਈਲ ਨੂੰ ਆਲ੍ਹਾ ਅਫਸਰਾਂ ਨੇ ਕਲੀਅਰ ਕਰ ਦਿੱਤਾ ਹੈ ਪਰ ਹੁਣ ਤੱਕ ਲੱਖਾਂ ਦੀ ਫੀਸ ਦੀ ਵਸੂਲੀ ਨਹੀਂ ਹੋਈ ਹੈ।

ਇਸ ਸਬੰਧੀ ਏ.ਟੀ.ਪੀ. ਮਦਨਜੀਤ ਬੇਦੀ ਨੇ ਕਿਹਾ ਕਿ ਸ਼ਰਾਬ ਦੇ ਠੇਕੇਦਾਰ ਵੱਲੋਂ ਪਹਿਲਾਂ ਛਾਉਣੀ ਮੁਹੱਲਾ ਦੇ ਬਾਹਰ ਪੈਟ੍ਰੋਲ ਪੰਪ ਦੇ ਨਾਲ ਖਾਲੀ ਜਗ੍ਹਾ ’ਚ ਕੰਟੇਨਰ ਲਗਾਇਆ ਗਿਆ ਸੀ, ਜਿਸ ਨੂੰ ਸੀਲ ਕਰ ਦਿੱਤਾ ਗਿਆ ਸੀ। ਹੁਣ ਇਹ ਕੰਟੇਨਰ ਮੰਨਾ ਸਿੰਘ ਨਗਰ ਦੇ ਬਾਹਰ ਗ੍ਰੀਨ ਬੈਲਟ ਦੀ ਜਗ੍ਹਾ ’ਚ ਰੱਖਣ ਦੀ ਸ਼ਿਕਾਇਤ ਮਿਲੀ ਹੈ, ਜਿਸ ਨੂੰ ਹਟਾਉਣ ਲਈ ਤਹਿਬਾਜ਼ਾਰੀ ਸ਼ਾਖਾ ਦੇ ਨਾਲ ਬਾਗਵਾਨੀ ਅਤੇ ਬੀ. ਐਂਡ ਆਰ. ਸ਼ਾਖਾ ਨੂੰ ਰਿਪੋਰਟ ਭੇਜੀ ਜਾਵੇਗੀ। ਜਿਥੋਂ ਤੱਕ ਬਸਤੀ ਜੋਧੇਵਾਲ ਚੌਕ ਅਤੇ ਜਲੰਧਰ ਬਾਈਪਾਸ ਚੌਕ ਨੇੜੇ ਬਣਾਏ ਗਏ ਸ਼ਰਾਬ ਦੇ ਠੇਕਿਆਂ ਦਾ ਸਵਾਲ ਹੈ, ਉਨ੍ਹਾਂ ਨੂੰ ਕੰਪਾਊਂਡ ਕਰਨ ਦਾ ਕੇਸ ਕਮਿਸ਼ਨਰ ਤੋਂ ਪਾਸ ਹੋ ਕੇ ਆ ਗਿਆ ਹੈ ਅਤੇ ਫੀਸ ਦੀ ਵਸੂਲੀ ਲਈ ਠੇਕੇਦਾਰਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News