''ਲਿਪ'' ਵਰਕਰਾਂ ''ਤੇ ਤਸ਼ੱਦਦ ਕਰ ਪੰਜਾਬ ਵਾਸੀਆਂ ਦੇ ਮੂੰਹ ਬੰਦ ਨਹੀਂ ਕਰ ਸਕਦੀ ਕੈਪਟਨ ਸਰਕਾਰ : ਬੈਂਸ
Wednesday, Sep 09, 2020 - 01:36 AM (IST)
ਲੁਧਿਆਣਾ,(ਪਾਲੀ)- ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਬਹੁ-ਕਰੋੜੀ ਘਪਲੇ ਦੇ ਵਿਰੋਧ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੋਤੀ ਮਹਿਲ ਘੇਰਨ ਜਾਂਦੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ 'ਤੇ ਪੰਜਾਬ ਪੁਲਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕਰਨ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹੋਏ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਯੂਥ ਆਗੂ ਸੰਨੀ ਕੈਂਥ ਨੇ ਪੱਤਰਕਾਰਾਂ ਨੂੰ ਜ਼ਖਮੀ 'ਲਿਪ' ਆਗੂਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਇਹ ਲਾਠੀਚਾਰਜ ਕੈਪਟਨ ਸਰਕਾਰ ਦੇ ਕਫਨ 'ਚ ਆਖਰੀ ਕਿੱਲ ਸਾਬਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਸਬੰਧਿਤ ਮਹਿਕਮੇ ਦਾ ਮੰਤਰੀ ਧਰਮਸੌਤ ਜੋ ਕਿ ਆਪ ਦਲਿਤ ਵੋਟਾਂ ਨਾਲ ਜਿੱਤ ਕੇ ਇਸ ਮੁਕਾਮ 'ਤੇ ਪੁੱਜਾ ਪਰ ਕੇਂਦਰ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਲਈ ਆਈ ਗਰਾਂਟ 'ਚੋਂ 64 ਕਰੋੜ ਰੁਪਏ ਡਕਾਰ ਗਿਆ, ਜਿਸ ਸਬੰਧੀ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਬੀਤੇ ਦਿਨੀਂ ਬੁਲਾਏ ਗਏ ਇਕ ਦਿਨਾਂ ਸੈਸ਼ਨ ਦੌਰਾਨ 20-25 ਮਿੰਟ ਧਰਨਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਸੀ ਕਿ ਇਸ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ ਪਰ ਕੈਪਟਨ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ, ਇਉਂ ਜਾਪਦਾ ਹੈ ਕਿ ਜਿਵੇਂ ਇਸ ਘਪਲੇ ਵਿਚ ਕੈਪਟਨ ਦਾ ਵੀ ਬਰਾਬਰ ਦਾ ਹਿੱਸਾ ਹੋਵੇ।
'ਲਿਪ' ਆਗੂਆਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ 'ਤੇ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਦੇ ਕੇਸ ਦਰਜ ਕੀਤੇ ਜਾ ਰਹੇ ਹਨ ਪਰ ਕਾਂਗਰਸੀਆਂ ਨੂੰ ਇਸ ਤੋਂ ਛੋਟ ਦਿੱਤੀ ਜਾਪਦੀ ਹੈ। ਕੈਪਟਨ ਸਰਕਾਰ ਦੀਆਂ ਇਨ੍ਹਾਂ ਆਪਹੁਦਰੀਆਂ ਕਾਰਵਾਈਆਂ ਦਾ ਖਮਿਆਜ਼ਾ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾ ਵਿਚ ਭੁਗਤਣਾ ਪਵੇਗਾ ਅਤੇ ਪੰਜਾਬ ਸਰਕਾਰ ਦੀ ਚਾਬੀ ਲੋਕ ਇਨਸਾਫ ਪਾਰਟੀ ਦੇ ਹੱਥ ਹੋਵੇਗੀ।