ਓਵਰਲੋਡ ਟਰੱਕਾਂ ਨਾਲ ਲਿੰਕ ਰੋਡ ਹੋ ਰਹੇ ਹਨ ਤਬਾਹ!
Tuesday, Nov 14, 2017 - 02:16 AM (IST)

ਬਟਾਲਾ, (ਸੈਂਡੀ)- ਅਕਸਰ ਦੇਖਿਆ ਜਾਂਦਾ ਹੈ ਕਿ ਸਾਡੇ ਸੂਬੇ 'ਚ ਜਿਹੜਾ ਵੀ ਕਾਨੂੰਨ ਬਣਦਾ ਹੈ, ਉਸ ਨੂੰ ਤੋੜਦੇ ਹੋਏ ਨਾ ਸਿਰਫ਼ ਉਸ ਕਾਨੂੰਨ ਦੀਆਂ ਧੱਜੀਆਂ ਉੱਡਾਈਆਂ ਜਾਂਦੀਆਂ ਹਨ, ਬਲਕਿ ਅਜਿਹਾ ਕਰਨ ਵਾਲੇ ਆਪਣੇ ਆਪ 'ਤੇ ਬੜਾ ਮਾਣ ਮਹਿਸੂਸ ਕਰਦੇ ਹਨ। ਅਜਿਹਾ ਹੀ ਇਕ ਕਾਨੂੰਨ ਗੁਜ਼ਰੇ ਲੰਮੇਂ ਅਰਸੇ ਤੋਂ ਜਾਣ-ਬੁੱਝ ਕੇ ਤੋੜਿਆ ਜਾ ਰਿਹਾ ਹੈ, ਜਿਸ ਦੇ ਕਾਰਨ ਸਰਹੱਦੀ ਜ਼ਿਲੇ ਦੇ ਪੇਂਡੂ ਖੇਤਰਾਂ ਦੀਆਂ ਸੜਕਾਂ ਤਬਾਹ ਹੋਣ ਲੱਗੀਆਂ ਹਨ।
ਜ਼ਿਕਰਯੋਗ ਹੈ ਕਿ ਮਾਝੇ 'ਚ ਪਠਾਨਕੋਟ ਇਕ ਅਜਿਹਾ ਸ਼ਹਿਰ ਹੈ, ਜਿਥੇ ਦਰਿਆ ਦੇ ਲੰਮੇ ਰੇਤਾ, ਬੱਜਰੀ ਤੇ ਗਟਕਾ ਆਦਿ ਦੀਆਂ ਅਨੇਕਾਂ ਖੱਡਾਂ ਬਣੀਆਂ ਹੋਈਆਂ ਹਨ। ਜਿਥੋਂ ਉਕਤ ਸਾਰਾ ਮਾਲ ਚਾਰ-ਪੰਜ ਜ਼ਿਲਿਆਂ ਵਿਚ ਸਪਲਾਈ ਹੁੰਦਾ ਹੈ। ਅਜਿਹੇ ਮਾਲ ਦੀ ਢੋਆ-ਢੁਆਈ ਲਈ ਟਿੱਪਰ, ਟਰੱਕ ਅਤੇ ਟਰਾਲੇ ਆਦਿ ਦਾ ਨਿਰੰਤਰ ਇਸਤੇਮਾਲ ਹੁੰਦਾ ਹੈ ਅਤੇ ਇਨ੍ਹਾਂ ਦੇ ਵਜ਼ਨ ਮੁਤਾਬਕ ਹੀ ਰੋਡ ਬਣਨੇ ਹੁੰਦੇ ਹਨ ਪਰ ਨੈਸ਼ਨਲ ਹਾਈਵੇ ਬਣਨ ਤੋਂ ਪਹਿਲਾਂ ਇਸ ਪੈਮਾਨੇ 'ਤੇ ਕੋਈ ਵੀ ਰੋਡ ਖਰਾ ਨਹੀਂ ਉਤਰਦਾ ਸੀ, ਜਿਸ ਕਾਰਨ ਭਾਰੀ ਵਾਹਨਾਂ ਕਰ ਕੇ ਰੋਡ ਬਹੁਤ ਜਲਦੀ ਟੁੱਟ ਜਾਇਆ ਕਰਦੇ ਹਨ ਪਰ ਬਾਅਦ 'ਚ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਨੈਸ਼ਨਲ ਹਾਈਵੇ ਬਣ ਗਿਆ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਹੁਣ ਇਕ ਤਾਂ ਰੋਡ ਜਲਦੀ ਨਹੀਂ ਟੁੱਟਣਗੇ, ਦੂਜਾ ਉਕਤ ਵੱਡੇ ਵਾਹਨਾਂ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਵਿਚ ਭਾਰੀ ਕਮੀ ਆਵੇਗੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਹਾਦਸੇ ਘਟਣ ਦੀ ਬਜਾਏ ਵੱਧ ਗਏ ਹਨ ਕਿਉਂਕਿ ਉਕਤ ਵਾਹਨ ਚੰਦ ਪੈਸੇ ਬਚਾਉਣ ਲਈ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਹੋਏ ਲਿੰਕ ਰੋਡ ਤਬਾਹ ਕਰ ਰਹੇ ਹਨ।