ਜਬਰ-ਜ਼ਿਨਾਹ ਤੋਂ ਬਾਅਦ ਕੁੜੀ ਦਾ ਕਤਲ ਕਰਨ ਦੇ ਦੋਸ਼ੀ ਨੂੰ ਉਮਰ ਕੈਦ

Tuesday, Dec 07, 2021 - 12:19 PM (IST)

ਜਬਰ-ਜ਼ਿਨਾਹ ਤੋਂ ਬਾਅਦ ਕੁੜੀ ਦਾ ਕਤਲ ਕਰਨ ਦੇ ਦੋਸ਼ੀ ਨੂੰ ਉਮਰ ਕੈਦ

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਜਰਨੈਲ ਸਿੰਘ ਦੀ ਅਦਾਲਤ ਨੇ ਇਕ ਕੁੜੀ ਨਾਲ ਜਬਰ-ਜ਼ਿਨਾਹ ਕਰਨ ਉਪਰੰਤ ਉਸ ਦਾ ਕਤਲ ਕਰਨ ਦੇ ਦੋਸ਼ ’ਚ ਮੁਲਜ਼ਮ ਸੰਜੇ ਕੁਮਾਰ ਨਿਵਾਸੀ ਕਮਲਾ ਨਗਰ, ਲੁਧਿਆਣਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ ਲੜਕੀ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦੇ ਦੋਸ਼ਾਂ ਤਹਿਤ ਵੀ ਉਸ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਉਂਦੇ ਹੋਏ 1 ਲੱਖ 51 ਹਜ਼ਾਰ ਰੁਪਏ ਜੁਰਮਾਨਾ ਵੀ ਅਦਾ ਕਰਨ ਦਾ ਹੁਕਮ ਦਿੱਤਾ ਹੈ, ਜਦੋਂਕਿ ਇਸ ਕੇਸ ਵਿਚ ਦੂਜੇ ਮੁਲਜ਼ਮ ਜਤਿੰਦਰ ਕੁਮਾਰ ਉਰਫ਼ ਮਿੱਠੂ ਨਿਵਾਸੀ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਗਿਆ।

ਇਸ ਸਬੰਧੀ ਪੁਲਸ ਥਾਣਾ ਫੋਕਲ ਪੁਆਇੰਟ ਵੱਲੋਂ 20 ਦਸੰਬਰ 2015 ਨੂੰ ਮ੍ਰਿਤਕ ਕੁੜੀ ਦੇ ਦਾਦਾ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੋਸ਼ ਲਾਇਆ ਕਿ ਉਸ ਦੀ ਪੋਤੀ ਜੋ ਸਕੂਲ ’ਚ ਪੜ੍ਹਾਉਂਦੀ ਸੀ ਅਤੇ 5 ਦਸੰਬਰ ਨੂੰ ਜਦੋਂ ਉਹ ਸਕੂਲ ਗਈ ਪਰ ਘਰ ਵਾਪਸ ਨਹੀਂ ਆਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਸੰਜੇ ਕੁਮਾਰ ਉਸ ਦੀ ਪੋਤਰੀ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਉਸ ਨੂੰ ਅਗਵਾ ਕੀਤਾ ਹੈ।

ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਪੁਲਸ ਦੇ ਸਾਹਮਣੇ ਕਬੂਲ ਕੀਤਾ ਕਿ ਉਸ ਨੇ ਆਪਣੇ ਮਿੱਤਰ ਮੁਲਜ਼ਮ ਜਤਿੰਦਰ ਕੁਮਾਰ ਦੇ ਨਾਲ ਮਿਲ ਕੇ ਕੁੜੀ ਨੂੰ ਅਗਵਾ ਕੀਤਾ ਸੀ ਅਤੇ ਬਾਅਦ ਵਿਚ ਇਕ ਕੋਠੀ ਵਿਚ ਲਿਜਾ ਕੇ ਦੋਵਾਂ ਨੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਮੁਤਾਬਕ ਪੀੜਤਾ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਇਸ ਸਬੰਧੀ ਪੁਲਸ ਨੂੰ ਦੱਸ ਦੇਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਤੋਂ ਬਚਣ ਲਈ ਉਸ ਦਾ ਕਤਲ ਕਰ ਦਿੱਤਾ।
 


author

Babita

Content Editor

Related News