ਗੋਲੀਆਂ ਨਾਲ ਛਲਣੀ ਚੀਤੇ ਦੀ ਲਾਸ਼ ਬਰਾਮਦ
Tuesday, Jan 03, 2023 - 03:40 PM (IST)
ਰੂਪਨਗਰ/ ਨੂਰਪੁਰਬੇਦੀ (ਕੈਲਾਸ਼, ਕੁਲਦੀਪ, ਦਲਜੀਤ) : ਨੰਗਲ ਅਧੀਨ ਪੈਂਦੇ ਪਿੰਡ ਨਿੱਕੂ ਨੰਗਲ ’ਚ ਚੀਤੇ ਦੇ ਬੱਚੇ ਦੇ ਸ਼ਿਕਾਰ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਪਿੰਡ ਸਬੌਰ ਦੇ ਜੰਗਲ ਰੋਡ ਨੇੜੇ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਸਾਹਮਣੇ ਆਇਆ ਹੈ। ਨੂਰਪੁਰਬੇਦੀ ਤੋਂ ਭੱਦੀ ਰੋਡ ’ਤੇ ਨੇੜੇ ਤੋਂ ਗੋਲੀਆਂ ਨਾਲ ਵਿੰਨ੍ਹੇ ਚੀਤੇ ਦੀ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਵਣ ਰੇਂਜ ਅਫ਼ਸਰ ਜੰਗਲੀ ਜੀਵ ਮੋਹਨ ਸਿੰਘ ਅਤੇ ਡੀ. ਐੱਫ. ਓ. ਕੁਲਰਾਜ ਸਿੰਘ ਨੇ ਦੱਸਿਆ ਕਿ 1 ਜਨਵਰੀ ਨੂੰ ਬਾਅਦ ਦੁਪਹਿਰ 3.30 ਵਜੇ ਜੰਗਲਾਤ ਗਾਰਡ ਇੰਚਾਰਜ ਜਸਬੀਰ ਸਿੰਘ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਸੜਕ ’ਤੇ ਇਕ ਚੀਤੇ ਦੀ ਲਾਸ਼ ਪਈ ਹੈ।
ਉਹ ਤੁਰੰਤ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਚੀਤੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ, ਜਿਸ ਦਾ ਪਿੰਡ ਜਾਜਰ ਬੀਚੋਲੀ ਦੇ ਜੰਗਲੀ ਜੀਵ ਕੇਂਦਰ ’ਚ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਦੌਰਾਨ ਡਾਕਟਰਾਂ ਦੀ ਟੀਮ ਵਲੋਂ 5 ਗੋਲੀਆਂ ਬਰਾਮਦ ਕੀਤੀਆਂ ਗਈਆਂ।
