ਜੀਰਾ ਦੇ ਬਾਗੀ ਸੁਰਾਂ ਨੇ ਲਿਆਂਦਾ ਭੂਚਾਲ (ਵੀਡੀਓ)

Saturday, Jan 12, 2019 - 03:32 PM (IST)

ਫਿਰੋਜ਼ਪੁਰ/ਜ਼ੀਰਾ (ਕੁਮਾਰ) : ਅੱਜ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ, ਸਰਪੰਚਾਂ, ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਨੂੰ ਸੰਵਿਧਾਨਕ ਅਤੇ ਨਸ਼ਾ ਖੋਰੀ ਖਿਲਾਫ ਸਹੁੰ ਚੁੱਕਵਾਉਣ ਲਈ ਅਨਾਜ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਪਹੁੰਚੇ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਸਬੰਧਤ ਮੈਂਬਰਾਂ ਦੇ ਸਹੁੰ ਚੁੱਕਣ ਦੀ ਰਸਮ ਤੋਂ ਪਹਿਲਾਂ ਹੀ ਉਸ ਸਮੇਂ ਖਲਲ ਪੈ ਗਿਆ ਜਦ ਜ਼ੀਰਾ ਤੋਂ ਹਲਕਾ ਵਿਧਾਇਕ ਪੁਲਸ ਦੇ ਅਧਿਕਾਰੀਆਂ 'ਤੇ ਕਈ ਤਰ੍ਹਾਂ ਦੇ ਦੋਸ਼ ਲਾਉਂਦੇ ਹੋਏ ਸਮਾਗਮ ਦਾ ਬਾਈਕਾਟ ਕਰ ਗਏ ਤੇ ਉਨ੍ਹਾਂ ਦੇ ਮਗਰ ਜ਼ੀਰਾ ਹਲਕੇ ਨਾਲ ਸਬੰਧਤ ਲਗਭਗ ਸਾਰੇ ਹੀ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਪੰਡਾਲ 'ਚੋਂ ਬਾਹਰ ਚਲੇ ਗਏ। ਇਸ ਸਮਾਗਮ ਵਿਚ ਜੋ ਇਕ ਹੋਰ ਰੜਕਵੀਂ ਘਾਟ ਮਹਿਸੂਸ ਹੋਈ, ਉਹ ਇਹ ਸੀ ਕਿ ਭਾਵੇਂ ਹਲਕਾ ਗੁਰੂਹਰਸਹਾਏ ਦੇ ਵੱਖ-ਵੱਖ ਬਲਾਕਾਂ ਨਾਲ ਸਬੰਧਤ ਮੈਂਬਰ ਸਹੁੰ ਚੁੱਕਣ ਲਈ ਪੁੱਜੇ ਹੋਏ ਸਨ ਪਰ ਇਸ ਹਲਕੇ ਦਾ ਕੋਈ ਵੀ ਆਗੂ ਸਟੇਜ 'ਤੇ ਨਜ਼ਰ ਨਹੀਂ ਆਇਆ। 

ਇਸ ਮੌਕੇ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ  ਅੱਜ ਪੰਜਾਬ ਦੇ ਨੌਜਵਾਨਾਂ ਨੂੰ ਆਰਾਮ ਦਾ ਰਾਹ ਛੱਡ ਕੇ ਮਿਹਨਤ ਦਾ ਲੜ ਫੜਨ  ਦੀ ਲੋੜ ਹੈ ਤਾਂ ਹੀ ਅਸੀਂ ਕੁਰਬਾਨੀਆਂ ਤੋਂ ਬਾਅਦ ਮਿਲੀ ਆਜ਼ਾਦੀ ਦੀ ਕਦਰ ਬਣਾ ਸਕਦੇ ਹਾਂ। ਉਨ੍ਹਾਂ ਰਸਮੀ ਸਹੁੰ ਚੁੱਕਾਉਣ ਤੋਂ ਪਹਿਲਾਂ ਆਪਣੇ ਤਰੀਕੇ ਨਾਲ ਸਹੁੰ ਚੁੱਕਾਉਂਦੇ ਹੋਏ ਕਿਹਾ ਕਿ ਅੱਜ ਸਾਨੂੰ ਹਲਫ ਲੈਣਾ ਚਾਹੀਦਾ ਹੈ ਕਿ ਅਸੀਂ ਬੇਰੋਜ਼ਗਾਰੀ, ਨਸ਼ਾ ਖੋਰੀ ਸਮੇਤ ਹਰ ਤਰ੍ਹਾਂ ਦੀਆਂ ਵਤਨ ਦੇ ਖਿਲਾਫ ਕਾਰਵਾਈਆਂ ਦਾ ਦਲੇਰੀ ਨਾਲ ਸਾਹਮਣਾ ਕਰੀਏ ਤੇ ਦੇਸ਼ ਅਤੇ ਰਾਜ ਨੂੰ ਤਰੱਕੀ ਦੀ ਰਾਹ ਤੋਰੀਏ। ਉਨ੍ਹਾਂ ਕਿਹਾ ਕਿ ਤਾਕਤ ਤੇ ਹਕੂਮਤ ਸਦਾ ਨਹੀਂ ਰਹਿੰਦੀ, ਕੌਮਾਂ ਨੂੰ ਆਪਣੀ ਹਾਲਤ ਆਪ ਬਦਲਣੀ ਪੈਂਦੀ ਹੈ। ਇਸ ਮੌਕੇ ਉਨ੍ਹਾਂ ਫਿਰੋਜ਼ਪੁਰ ਬਾਰ ਐਸੋਸੀਏਸ਼ਨ ਨੂੰ 50 ਲੱਖ ਰੁਪਏ, ਪ੍ਰੈੱਸ ਕਲੱਬ ਫਿਰੋਜ਼ਪੁਰ ਨੂੰ 5 ਲੱਖ, ਦਿਹਾਤੀ ਹਲਕੇ ਦੇ ਵਿਕਾਸ ਲਈ 50 ਲੱਖ  ਰੁਪਏ ਦੀ ਗ੍ਰਾਂਟ ਦੇਣ ਸਮੇਤ ਜ਼ੀਰਾ ਸ਼ਹਿਰ ਵਿਚ ਨਵਾਂ ਬੱਸ ਸਟੈਂਡ ਬਣਾਏ ਜਾਣ ਦਾ ਐਲਾਨ ਵੀ ਕੀਤਾ।        

ਇਸ ਮੌਕੇ ਸਥਿਤੀ ਅਜੀਬ ਬਣ ਗਈ ਜਦੋਂ ਇਸ ਸਮਾਗਮ ਵਿਚ ਪੰਚਾਂ-ਸਰਪੰਚਾਂ ਨਾਲ ਸਹੁੰ ਚੁੱਕਣ ਦੇ ਮੰਤਵ ਨਾਲ ਪੁੱਜੇ ਵਿਧਾਇਕ  ਕੁਲਬੀਰ ਸਿੰਘ ਜ਼ੀਰਾ ਨੇ ਆਪਣੇ ਭਾਸ਼ਣ ਦੌਰਾਨ  ਆਪਣੀ  ਹੀ ਸਰਕਾਰ  ਉੱਤੇ  ਵਰ੍ਹਦਿਆਂ ਖੂਬ ਰਗੜੇ ਲਾਏ। ਪੁਲਸ ਅਧਿਕਾਰੀਆਂ 'ਤੇ ਕਥਿਤ ਤੌਰ 'ਤੇ ਮਹੀਨੇ ਹਾਸਲ ਕਰਨ ਦੇ ਦੋਸ਼ ਲਾਏ। ਉਨ੍ਹਾਂ ਫਿਰੋਜ਼ਪੁਰ ਪੁਲਸ ਵੱਲੋਂ ਸ਼ਰਾਬ ਠੇਕੇਦਾਰਾਂ ਦੇ ਬੇਨਿਯਮੀਆਂ ਤਹਿਤ ਕੀਤੇ ਗਏ ਪਰਚਿਆਂ ਤੇ  ਉਨ੍ਹਾਂ ਨੂੰ ਰੱਦ ਕਰਨ ਦੀਆਂ ਅਨੇਕਾਂ ਮਿਸਾਲਾਂ ਸਬੂਤਾਂ ਸਮੇਤ ਪੇਸ਼ ਕੀਤੀਆਂ। ਉਨ੍ਹਾਂ ਇਹ  ਵੀ ਸਾਬਤ ਕਰਨ ਦਾ ਯਤਨ ਕੀਤਾ ਕਿ ਪੁਲਸ  ਵੱਲੋਂ ਠੇਕੇਦਾਰਾਂ ਅਤੇ ਹੋਰ ਨਾਗਰਿਕਾਂ ਦੇ  ਹੱਕ ਵਿਚ ਕੀਤੇ ਜਾਂਦੇ ਫੈਸਲਿਆਂ ਵਿਚ ਪੱਖਪਾਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ  ਕਿ ਜਿਸ  ਤਰ੍ਹਾਂ ਫਿਰੋਜ਼ਪੁਰ ਪੁਲਸ ਅਤੇ ਹੋਰ ਅਧਿਕਾਰੀਆਂ ਦਾ ਮੇਰੇ ਹਲਕੇ ਪ੍ਰਤੀ ਵਤੀਰਾ ਹੈ, ਮੈਂ ਉਸ ਤੋਂ ਖੁਸ਼ ਨਹੀਂ ਹਾਂ। ਮੇਰੇ ਲਈ ਮੇਰਾ ਵਰਕਰ ਅਤੇ ਮੇਰੇ ਹਲਕੇ ਦੀ ਭਲਾਈ ਹੀ ਸਭ  ਤੋਂ ਅਹਿਮ ਹੈ। ਇਸ ਲਈ ਮੈਂ ਇਸ ਸਮਾਗਮ ਦਾ ਬਾਈਕਾਟ ਕਰਦਾ ਹਾਂ। ਇਸ ਭਾਸ਼ਣ ਦੌਰਾਨ ਭਾਵੁਕ  ਹੋਏ ਕੁਲਬੀਰ ਸਿੰਘ ਜ਼ੀਰਾ ਦਾ ਗੱਚ ਭਰ ਆਇਆ, ਉਨ੍ਹਾਂ ਦੀ ਆਵਾਜ਼ ਬੈਠ ਗਈ ਤੇ ਉਨ੍ਹਾਂ   ਭਾਸ਼ਣ ਦੌਰਾਨ ਪਾਣੀ ਪੀ ਕੇ ਆਪਣੇ ਆਪ ਨੂੰ ਸੰਤੁਲਿਤ ਕੀਤਾ।ਇਸ ਮੌਕੇ ਸਪੈਸ਼ਲ ਟਾਸਕ ਫੋਰਸ ਦੇ ਇੰਚਾਰਜ ਆਈ. ਜੀ. ਬਲਕੌਰ ਸਿੰਘ ਤੇ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਨੇ ਵੀ ਸੰਬੋਧਨ ਕੀਤਾ।  ਇਸ ਮੌਕੇ ਕਮਿਸ਼ਨਰ ਫਿਰੋਜ਼ਪੁਰ ਸੁਮੇਰ ਸਿੰਘ ਗੁਰਜਰ, ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ, ਜ਼ਿਲਾ ਪੁਲਸ ਮੁਖੀ ਪ੍ਰੀਤਮ ਸਿੰਘ, ਏ. ਡੀ. ਵਿਕਾਸ ਰਵਿੰਦਰਪਾਲ ਸਿੰਘ ਸੰਧੂ, ਜ਼ਿਲਾ ਕਾਂਗਰਸ ਪ੍ਰਧਾਨ ਗੁਰਚਰਨ ਸਿੰਘ ਨਾਹਰ,  ਹਰਿੰਦਰ ਸਿੰਘ ਖੋਸਾ, ਗੋਗੀ ਪਿਆਰੇਆਣਾ, ਹਰਿੰਦਰ ਸਿੰਘ ਖੋਸਾ ਆਦਿ  ਹਾਜ਼ਰ ਸਨ। 

ਚਰਚਾ 'ਚ ਰਹੀ ਮਨਪ੍ਰੀਤ ਬਾਦਲ ਦੀ ਖੱਬੀ ਪੱਗ 
ਅੱਜ ਫਿਰੋਜ਼ਪੁਰ ਸ਼ਹਿਰ ਦੀ ਅਨਾਜ ਮੰਡੀ ਵਿਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਅਤੇ ਬਲਾਕ ਸੰਮਤੀਆਂ ਆਦਿ ਦੇ ਮੈਂਬਰਾਂ ਅਤੇ ਹੋਰ ਨੁਮਾਇੰਦਿਆਂ ਨੂੰ ਸਹੁੰ ਚੁੱਕਵਾਉਣ ਲਈ ਰੱਖੇ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਮਨਪ੍ਰੀਤ ਸਿੰਘ ਬਾਦਲ ਦੀ ਖੱਬੀ ਪੱਗ ਪੂਰੀ ਤਰ੍ਹਾਂ ਚਰਚਾ ਵਿਚ ਰਹੀ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਖੱਬੀ ਪੱਗ ਮਾਲਵੇ ਦੇ ਗੱਭਰੂਆਂ ਦੀ ਪਛਾਣ ਰਹੀ ਹੈ। ਜੋ ਹੌਲੀ-ਹੌਲੀ ਅਲੋਪ ਹੁੰਦੀ ਜਾਪ ਰਹੀ ਹੈ ਪਰ ਇਸ ਸਮਾਗਮ ਦੇ ਪ੍ਰਬੰਧਕਾਂ ਨੇ ਉਸ ਵਿਰਾਸਤ ਨੂੰ ਦਿਖਾਉਣ ਜਾਂ ਗਲਤੀ  ਨਾਲ ਮਨਪ੍ਰੀਤ ਸਿੰਘ ਬਾਦਲ ਦੀ ਖੱਬੀ ਬੰਨ੍ਹੀ ਹੋਈ ਪੱਗ ਵਾਲੀ ਤਸਵੀਰ ਮੰਚ ਦੇ ਪਿੱਛੇ ਲੱਗੇ ਬੈਨਰ 'ਤੇ ਪ੍ਰਕਾਸ਼ਿਤ ਕਰ ਦਿੱਤੀ, ਜੋ ਵੱਡੀ ਚਰਚਾ ਦਾ ਵਿਸ਼ਾ ਰਹੀ। ਦੱਸਣਯੋਗ ਹੈ ਕਿ ਸਮਾਗਮ ਵਿਚ ਪੁੱਜੇ ਮਨਪ੍ਰੀਤ ਸਿੰਘ ਬਾਦਲ ਨੇ ਉਸੇ ਹੀ ਰੰਗ ਦੀ ਪੱਗ ਸਜਾਈ ਹੋਈ ਸੀ ਪਰ  ਇਹ ਖੱਬੀ ਦੀ ਬਜਾਏ ਸੱਜੀ ਬੰਨ੍ਹੀ ਹੋਈ ਸੀ। ਸੂਤਰ ਇਹ ਵੀ ਦੱਸਦੇ ਹਨ ਕਿ ਇਹ ਪ੍ਰਬੰਧਕਾਂ ਦੀ ਗਲਤੀ ਹੈ, ਜਿਸ ਨੂੰ ਬੈਨਰ ਤਿਆਰ ਕਰਵਾਉਣ ਸਮੇਂ ਧਿਆਨ ਵਿਚ ਨਹੀਂ ਰੱਖਿਆ ਗਿਆ।


author

Baljeet Kaur

Content Editor

Related News