ਖੱਬੇਪੱਖੀਅਾਂ ਨੇ ਸ਼ਹਿਰ ’ਚ ਕੱਢਿਆ ਰੋਸ ਮਾਰਚ

Thursday, Aug 30, 2018 - 02:46 AM (IST)

ਖੱਬੇਪੱਖੀਅਾਂ ਨੇ ਸ਼ਹਿਰ ’ਚ ਕੱਢਿਆ ਰੋਸ ਮਾਰਚ

 ਨਵਾਂਸ਼ਹਿਰ,   (ਮਨੋਰੰਜਨ, ਤ੍ਰਿਪਾਠੀ)- ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਨਿਊ ਡੈਮੋਕ੍ਰੇਸੀ ਵੱਲੋਂ ਮਹਾਰਾਸ਼ਟਰ ਪੁਲਸ  ਵੱਲੋਂ ਪੰਜ ਖੱਬੇਪੱਖੀਅਾਂ  ਨੂੰ ਗ੍ਰਿਫਤਾਰ ਕਰਨ ਅਤੇ ਹੋਰ ਦੇਸ਼ ਭਰ ਵਿਚ ਖੱਬੇਪੱਖੀਅਾਂ ਦੇ ਘਰਾਂ ’ਤੇ ਛਾਪੇਮਾਰੀ ਕਰਨ ਦੇ ਵਿਰੋਧ ਵਿਚ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ  ਨਾਅਰੇਬਾਜ਼ੀ ਕੀਤੀ ਗਈ।   
  ਰੋਸ ਪ੍ਰਦਰਸ਼ਨ ਵਿਚ ਪਹਿਲਾਂ ਬਾਰਾਂਦਰੀ ਗਾਰਡਨ ਵਿਚ ਆਯੋਜਿਤ  ਧਰਨੇ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਕੁਲਵਿੰਦਰ ਸਿੰਘ, ਐਡਵੋਕੇਟ ਦਲਜੀਤ ਸਿੰਘ, ਜਸਵੀਰ ਸਿੰਘ ਦੀਪ, ਬੂਟਾ ਸਿੰਘ, ਭੁਪਿੰਦਰ ਸਿੰਘ, ਅਵਤਾਰ ਤਾਰੀ  ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਅੰਦਰ ਫਾਸ਼ੀਵਾਦ ਲਾਗੂ ਕਰਨ ਦੇ ਲਈ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ।  
ਸਰਕਾਰ ਦੀ ਸ਼ਹਿ ’ਤੇ ਸਰਕਾਰੀ ਏਜੰਸੀਅਾਂ ਨੇ ਇਕ ਮਨਘਡ਼ਤ ਕਹਾਣੀ  ਘਡ਼  ਕੇ  ਜੂਨ ਮਹੀਨੇ ਵਿਚ ਦਲਿਤ ਕਾਰਕੁੰਨ ਸੁਧੀਰ ਧਾਵਲੇ, ਵਕੀਲ ਸੁਰਿੰਦਰ ਗਾਡਗਿਲ, ਕਾਰਕੁੰਨ ਮਹੇਸ਼ ਰਾਓਤ, ਸੋਮਾ ਸੇਨ ਅਤੇ ਰੋਨਾ ਵਿਲਸਨ ਨੂੰ ਮੁੰਬਈ, ਨਾਗਪੁਰ ਅਤੇ ਦਿੱਲੀ  ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਜੋ ਪੂਰੀ ਤਰ੍ਹਾਂ ਝੂਠ ਦਾ ਪੁਲੰਦਾ ਹੈ। ਹੁਣ ਸਰਕਾਰ ਵੱਲੋਂ ਇਸ ਮਨਘਡ਼ਤ ਕੇਸ ਵਿਚ ਅਸਹਿਮਤੀ ਪ੍ਰਗਟਾਉਣ ਵਾਲੀਅਾਂ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪੱਤਰਕਾਰਾਂ, ਤਰਕਸ਼ੀਲਾਂ, ਲੇਖਕਾਂ  ਅਤੇ ਕਾਰਕੁੰਨਾਂ ਦੇ ਕਾਤਲਾਂ ਨੂੰ  ਤਾਂ ਫਡ਼ਿਆ  ਨਹੀਂ  ਜਾ   ਸਕਿਆ, ਰੋਜ਼ਾਨਾ ਬੱਚੀਅਾਂ ਦੇ ਨਾਲ  ਜਬਰ-ਜ਼ਨਾਹ ਹੋ ਰਹੇ ਹਨ।  ਪਰ ਸਰਕਾਰੀ ਕਾਰਜਸ਼ੈਲੀ ਖਿਲਾਫ ਬੋਲਣ ਵਾਲਿਅਾਂ ਨੂੰ ਜੇਲ ਵਿਚ ਸੁੱਟਿਆ ਜਾ ਰਿਹਾ ਹੈ। ਰੋਸ ਮਾਰਚ ਫੱਟੀ ਬਸਤਾ ਚੌਕ, ਕੋਠੀ ਰੋਡ, ਅੰਬੇਡਕਰ ਚੌਕ, ਚੰਡੀਗਡ਼੍ਹ ਚੌਕ ਤੋਂ ਹੁੰਦਾ  ਹੋਇਆ ਵਾਪਸ ਬਾਰਾਂਦਰੀ ਗਾਰਡਨ ਵਿਚ ਸਮਾਪਤ  ਹੋਇਆ। 
 


Related News