''ਲੈਦਰ ਕੰਪਲੈਕਸ'' ਦੀਆਂ ਫੈਕਟਰੀਆਂ ਨੂੰ ਹਾਈਕੋਰਟ ਵਲੋਂ ਰਾਹਤ ਨਹੀਂ

Wednesday, Dec 18, 2019 - 11:44 AM (IST)

''ਲੈਦਰ ਕੰਪਲੈਕਸ'' ਦੀਆਂ ਫੈਕਟਰੀਆਂ ਨੂੰ ਹਾਈਕੋਰਟ ਵਲੋਂ ਰਾਹਤ ਨਹੀਂ

ਚੰਡੀਗੜ੍ਹ/ਜਲੰਧਰ : ਜਲੰਧਰ 'ਚ ਲੈਦਰ ਕੰਪਲੈਕਸ ਸਥਿਤ ਲੈਦਰ ਟੈਨਰੀਜ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲ ਸਕੀ ਹੈ। ਪ੍ਰਦੂਸ਼ਣ ਫੈਲਾਉਣ ਕਾਰਨ ਹਾਈਕੋਰਟ ਵਲੋਂ ਕਰੀਬ ਢਾਈ ਮਹੀਨੇ ਪਹਿਲਾਂ ਹੀ ਲੈਦਰ ਕੰਪਲੈਕਸ ਨੂੰ ਬੰਦ ਕਰਵਾ ਦਿੱਤਾ ਗਿਆ ਸੀ। ਇਨ੍ਹਾਂ ਫੈਕਟਰੀਆਂ ਵਲੋਂ ਪ੍ਰਦੂਸ਼ਣ ਕੰਟਰੋਲ ਦੇ ਉਪਾਵਾਂ ਸਬੰਧੀ ਹਲਫਨਾਮਾ ਸਿੱਧਾ ਅਦਾਲਤ 'ਚ ਪੇਸ਼ ਕਰਨ ਦੀ ਕੋਸ਼ਿਸ਼ ਨੂੰ ਨਕਾਰਦੇ ਹੋਏ ਜੱਜਾਂ ਨੇ ਸੁਣਵਾਈ ਨੂੰ 19 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਅਤੇ ਕਿਹਾ ਕਿ ਫੈਕਟਰੀਆਂ ਦੇ ਮਾਲਕ ਆਪਣੇ ਹਲਫਨਾਮੇ ਨੂੰ ਹਾਈਕੋਰਟ ਦੀ ਰਜਿਸਟਰੀ 'ਚ ਦਾਇਰ ਕਰਨ।

ਇਨ੍ਹਾਂ ਫੈਕਟਰੀਆਂ ਕਾਰਨ ਫੈਲਣ ਵਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪੀ. ਪੀ. ਸੀ. ਬੀ. ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ 'ਤੇ ਹਾਈਕੋਰਟ ਨੇ ਪਿਛਲੀ ਸੁਣਵਾਈ 'ਤੇ ਹਲਫਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਪੀ. ਪੀ. ਸੀ. ਬੀ. ਦੇ ਮੈਂਬਰ ਸਕੱਤਰ ਨੇ ਹਾਈਕੋਰਟ 'ਚ ਦਾਇਰ ਹਲਫਨਾਮੇ 'ਚ ਇਨ੍ਹਾਂ ਫੈਕਟਰੀਆਂ ਲਈ ਪ੍ਰਦੂਸ਼ਣ ਕੰਟਰੋਲ ਸਬੰਧੀ 6 ਨਵੇਂ ਨਿਯਮ ਸੁਝਾਏ ਹਨ। ਜਾਣਕਾਰੀ ਮੁਤਾਬਕ ਸਾਰੀਆਂ ਫੈਕਟਰੀਆਂ ਦੇ ਮਾਲਕਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੁਝਾਏ ਗਏ ਸਾਰੇ ਨਿਯਮ ਅਪਨਾਉਣ ਦੀ ਗੱਲ ਮੰਨ ਲਈ ਹੈ। ਹਾਈਕੋਰਟ ਨੇ 29 ਅਕਤੂਬਰ ਦੇ ਨਿਰਦੇਸ਼ਾਂ 'ਚ ਪ੍ਰਦੂਸ਼ਣ ਕੰਟਰੋਲ ਵਾਤਾਵਰਣ ਸੁਰੱਖਿਆ ਐਕਟ01974 ਅਤੇ ਜਲ ਪ੍ਰਦੂਸ਼ਣ ਨਿਵਾਰਣ ਦੇ ਨਿਯਮਾਂ ਦਾ ਉਲੰਘਣ ਕਰਨ ਲਈ ਲੈਦਰ ਕੰਪਲੈਕਸ 'ਚ ਸਥਿਤ ਟੈਨਰੀਜ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਤੋਂ 61 ਲੈਦਰ ਫੈਕਟਰੀਆਂ ਨੂੰ ਬੰਦ ਕਰਵਾ ਦਿੱਤਾ ਗਿਆ ਸੀ।


author

Babita

Content Editor

Related News