ਪੰਜਾਬ ਵਿਧਾਨ ਸਭਾ ਦੀ ਤੀਜੇ ਦਿਨ ਦੀ ਕਾਰਵਾਈ ਸ਼ੁਰੂ, ਕਾਂਗਰਸ ਵਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ
Wednesday, Aug 05, 2026 - 10:06 AM (IST)
ਚੰਡੀਗੜ੍ਹ (ਵੈੱਬ ਡੈਸਕ, ਅੰਕੁਰ ਤਾਂਗੜੀ) : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਤੀਜੇ ਦਿਨ ਬੁੱਧਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਵਲੋਂ ਨਾਅਰੇਬਾਜ਼ੀ ਕਰ ਦਿੱਤੀ ਗਈ। ਕਾਂਗਰਸੀ ਆਗੂਆਂ ਵਲੋਂ ਪੇਪਰ ਲੀਕ ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਅਤੇ ਲਗਾਤਾਰ ਪੰਜਾਬ ਸਰਕਾਰ ਖ਼ਿਲਾਫ਼ ਵਿਧਾਨ ਸਭਾ 'ਚ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਦਨ 'ਚ ਪ੍ਰਸ਼ਨਕਾਲ ਤੋਂ ਇਲਾਵਾ ਧਿਆਨ ਦਿਵਾਊ ਨੋਟਿਸ, ਵੱਖ-ਵੱਖ ਵਿਭਾਗਾਂ ਦੀਆਂ ਸਲਾਨਾ ਰਿਪੋਰਟਾਂ ਸਦਨ ਦੀ ਮੇਜ਼ 'ਤੇ ਰੱਖਣ ਅਤੇ ਇੱਕ ਮਹੱਤਵਪੂਰਨ ਸੋਧ ਬਿੱਲ 'ਤੇ ਚਰਚਾ ਹੋਵੇਗੀ। ਸਵੇਰੇ 10 ਵਜੇ ਸ਼ੁਰੂ ਹੋਈ ਕਾਰਵਾਈ 'ਚ ਸਭ ਤੋਂ ਪਹਿਲਾਂ ਵੱਖਰੀ ਸੂਚੀ 'ਚ ਦਰਜ ਪ੍ਰਸ਼ਨਾਂ ਦੇ ਜਵਾਬ ਦਿੱਤੇ ਜਾਣਗੇ। ਇਸ ਤੋਂ ਬਾਅਦ ਵਿਧਾਇਕ ਬਲਕਾਰ ਸਿੰਘ ਸਿੱਧੂ ਬਿਜਲੀ ਮੰਤਰੀ ਦਾ ਧਿਆਨ ਲਹਿਰਾ ਥਰਮਲ ਪਲਾਂਟ ਤੋਂ ਭਾਈ ਰੂਪਾ (ਜ਼ਿਲ੍ਹਾ ਬਠਿੰਡਾ) ਤੱਕ ਜਾਂਦੀ 66 ਕੇ. ਵੀ. ਬਿਜਲੀ ਲਾਈਨ ਦੀ ਓਵਰਲੋਡਿੰਗ ਦੇ ਮੁੱਦੇ ਵੱਲ ਦਿਵਾਉਣਗੇ।
ਕਾਰਵਾਈ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਲ 2023-24 ਦੀ ਸਲਾਨਾ ਪ੍ਰਬੰਧਕੀ ਰਿਪੋਰਟ ਵੀ ਸਦਨ 'ਚ ਪੇਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅੰਮ੍ਰਿਤਸਰ ਹੋਟਲ ਲਿਮਟਿਡ ਅਤੇ ਨੀਮ ਚਮੇਲੀ ਟੂਰਿਸਟ ਕੰਪਲੈਕਸ ਲਿਮਟਿਡ ਦੀਆਂ ਸਾਲ 2020-21 ਅਤੇ 2021-22 ਦੀਆਂ ਸਲਾਨਾ ਰਿਪੋਰਟਾਂ ਅਤੇ ਲੇਖੇ ਵੀ ਸਦਨ ਦੀ ਮੇਜ਼ 'ਤੇ ਰੱਖੇ ਜਾਣਗੇ। ਬਠਿੰਡਾ ਵਿਕਾਸ ਅਥਾਰਿਟੀ ਦੀ ਸਾਲ 2022-23 ਦੀ ਸਲਾਨਾ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਵਿਧਾਨਕ ਕੰਮਕਾਜ ਤਹਿਤ ਸਰਕਾਰ ਵੱਲੋਂ ਪੰਜਾਬ ਕਾਮਨ ਇਨਫਰਾਸਟ੍ਰਕਚਰ (ਰੈਗੂਲੇਸ਼ਨ ਐਂਡ ਮੇਨਟੇਨੈਂਸ) ਸੋਧ ਬਿੱਲ, 2026 'ਤੇ ਤੁਰੰਤ ਵਿਚਾਰ ਕਰਨ ਦਾ ਪ੍ਰਸਤਾਵ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਬਿੱਲ ਨੂੰ ਸਦਨ ਤੋਂ ਪਾਸ ਕਰਵਾਉਣ ਲਈ ਵੀ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਇਸ ਬਿੱਲ 'ਤੇ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਅਹਿਮ ਚਰਚਾ ਹੋਣ ਦੀ ਸੰਭਾਵਨਾ ਹੈ।
