ਨਗਰ ਨਿਗਮ ਦੇ ਲਾਪ੍ਰਵਾਹ ਅਧਿਕਾਰੀਆਂ ਤੋਂ ਨਾਰਾਜ਼ ਅਤੇ ਨਿਰਾਸ਼ ਹੁੰਦੇ ਜਾ ਰਹੇ ਹਨ ਆਮ ਆਦਮੀ ਪਾਰਟੀ ਦੇ ਆਗੂ

06/27/2023 3:01:35 PM

ਜਲੰਧਰ (ਖੁਰਾਣਾ) : ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਲਗਭਗ ਡੇਢ ਸਾਲ ਹੋਣ ਵਾਲਾ ਹੈ ਪਰ ਅਜੇ ਤਕ ਜਲੰਧਰ ਨਗਰ ਨਿਗਮ ਦੇ ਸਿਸਟਮ ’ਚ ਕੋਈ ਖਾਸ ਸੁਧਾਰ ਨਹੀਂ ਦੇਖਿਆ ਗਿਆ। ਪੰਜਾਬ ਸਰਕਾਰ ਨੇ ਕਈ ਮਹੀਨੇ ਪਹਿਲਾਂ ਨੌਜਵਾਨ ਆਈ. ਏ. ਐੱਸ. ਅਧਿਕਾਰੀ ਅਭਿਜੀਤ ਕਪਲਿਸ਼ ਨੂੰ ਜਲੰਧਰ ਨਿਗਮ ਦਾ ਕਮਿਸ਼ਨਰ ਤਾਇਨਾਤ ਕੀਤਾ ਸੀ ਪਰ ਉਨ੍ਹਾਂ ਦੇ ਆਉਣ ਤੋਂ ਬਾਅਦ ਵੀ ਜਲੰਧਰ ਨਿਗਮ ਦੀ ਵਰਕਿੰਗ ਵਿਚ ਕੋਈ ਖਾਸ ਬਦਲਾਅ ਨਹੀਂ ਹੋਇਆ। ਹਾਲ ਹੀ ’ਚ ਪੰਜਾਬ ਸਰਕਾਰ ਨੇ ਜ਼ਿਲ੍ਹਾ ਜਲੰਧਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਪੰਜਾਬ ਦਾ ਨਵਾਂ ਲੋਕਲ ਬਾਡੀਜ਼ ਮੰਤਰੀ ਬਣਾਇਆ ਹੈ ਪਰ ਇਸਦੇ ਬਾਵਜੂਦ ਜਲੰਧਰ ਨਿਗਮ ਦੇ ਅਧਿਕਾਰੀ ਬਿਲਕੁਲ ਲਾਪ੍ਰਵਾਹ ਬਣੇ ਹੋਏ ਹਨ। ਅਜਿਹੇ ’ਚ ਹੁਣ ਆਮ ਆਦਮੀ ਪਾਰਟੀ ਦੇ ਕਈ ਆਗੂ ਅਤੇ ਵਰਕਰ ਨਗਰ ਨਿਗਮ ਦੇ ਲਾਪ੍ਰਵਾਹ ਅਧਿਕਾਰੀਆਂ ਤੋਂ ਕਾਫੀ ਨਾਰਾਜ਼ ਅਤੇ ਨਿਰਾਸ਼ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਜੇਕਰ ਨਿਗਮ ਦੇ ਸਿਸਟਮ ’ਚ ਕੋਈ ਸੁਧਾਰ ਨਾ ਹੋਇਆ ਅਤੇ ਸ਼ਹਿਰ ਇਸੇ ਤਰ੍ਹਾਂ ਬਦਹਾਲ ਸਥਿਤੀ ਵਿਚ ਰਿਹਾ ਤਾਂ ਆਉਣ ਵਾਲੀਆਂ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਮੁਕੰਮਲ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਵੀ ਜਲੰਧਰ ਨਿਗਮ ਦੀ ਨਾਕਾਮੀ ਦਾ ਮੁੱਦਾ ਉੱਠਿਆ ਸੀ ਪਰ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਲੀਡਰਸ਼ਿਪ ਨੇ ਪੂਰੀ ਮਿਹਨਤ ਕਰ ਕੇ ਆਮ ਆਦਮੀ ਪਾਰਟੀ ਦੀ ਸਾਖ ਬਚਾ ਲਈ ਸੀ। ਹੁਣ ਨਿਗਮ ਚੋਣਾਂ ਵਿਚ ਉਮੀਦਵਾਰਾਂ ਨਾਲ ਮੁੱਖ ਮੰਤਰੀ ਅਤੇ ਸਰਕਾਰ ਇਸ ਤਰ੍ਹਾਂ ਖੜ੍ਹੀ ਨਹੀਂ ਹੋ ਸਕਦੀ, ਇਸ ਲਈ ‘ਆਪ’ ਆਗੂਆਂ ਨੂੰ ਆਪਣੇ ਬਲਬੂਤੇ ’ਤੇ ਹੀ ਚੋਣਾਂ ਲੜਨੀਆਂ ਪੈਣਗੀਆਂ।

ਇਹ ਵੀ ਪੜ੍ਹੋ : ਕਾਂਗਰਸ ਵਧਾਏਗੀ ਲੋਕ ਸਭਾ ਚੋਣਾਂ ਲਈ ਆਪਣੀ ਤਾਕਤ, ਪਟਨਾ ’ਚ ਬੈਠਕ ਨਾਲ ਪੰਜਾਬ ਕਾਂਗਰਸ ’ਚ ਹਲਚਲ

ਬੰਦ ਸੀਵਰ ਸਬੰਧੀ ਸ਼ਿਕਾਇਤਾਂ ਨੂੰ ਲੈ ਕੇ ਰੋਜ਼ਾਨਾ ਹੋ ਰਹੇ ਪ੍ਰਦਰਸ਼ਨ
ਸ਼ਹਿਰ ਦੇ ਦਰਜਨਾਂ ਮੁਹੱਲੇ ਅਜਿਹੇ ਹਨ, ਜਿਥੇ ਬੰਦ ਸੀਵਰੇਜ ਕਾਰਨ ਹਜ਼ਾਰਾਂ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਲਗਭਗ ਹਰ ਰੋਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਰੋਸ-ਧਰਨੇ ਲੱਗ ਰਹੇ ਹਨ। ਇਨ੍ਹਾਂ ਧਰਨਿਆਂ ਨੂੰ ਨਾ ਤਾਂ ਨਿਗਮ ਅਧਿਕਾਰੀ ਗੰਭੀਰਤਾ ਨਾਲ ਲੈਂਦੇ ਹਨ ਅਤੇ ਨਾ ਹੀ ‘ਆਪ’ ਦਾ ਸੰਗਠਨ ਇਸ ਮਾਮਲੇ ਵਿਚ ਸੰਜੀਦਗੀ ਦਿਖਾ ਰਿਹਾ ਹੈ। ਅੱਜ ਵੀ ਗਾਂਧੀ ਕੈਂਪ ਨਿਵਾਸੀਆਂ ਨੇ ਬੰਦ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਲਾਕੇ ਦੀਆਂ ਦਰਜਨਾਂ ਔਰਤਾਂ ਅਤੇ ਨਿਵਾਸੀਆਂ ਨੇ ਪੱਤਰਕਾਰਾਂ ਨੂੰ ਉਹ ਸਥਾਨ ਦਿਖਾਏ, ਜਿਥੇ ਲੰਮੇ ਸਮੇਂ ਤੋਂ ਸੀਵਰ ਦਾ ਪਾਣੀ ਗਲੀਆਂ ਵਿਚ ਖੜ੍ਹਾ ਹੈ ਅਤੇ ਘਰਾਂ ਵਿਚ ਬੈਕ ਮਾਰ ਰਿਹਾ ਹੈ, ਜਿਸ ਕਾਰਨ ਚਾਰੇ ਪਾਸੇ ਨਰਕ ਵਰਗਾ ਮਾਹੌਲ ਹੈ। ਰੋਸ ਪ੍ਰਦਰਸ਼ਨ ਦੀ ਅਗਵਾਈ ਸੰਜੇ ਭਗਤ, ਸਪਨਾ ਭਗਤ, ਅੰਜੂ, ਸੰਤੋਸ਼, ਪਰਮਜੀਤ ਅਤੇ ਯਸ਼ਪਾਲ ਆਦਿ ਨੇ ਕੀਤੀ।

ਖੇਡ ਪ੍ਰਮੋਟਰ ਸੁਰਿੰਦਰ ਭਾਪਾ ਨੇ ਨਿਗਮ ਅਧਿਕਾਰੀਆਂ ’ਤੇ ਕੱਢੀ ਭੜਾਸ
ਸਾਬਕਾ ਕੌਂਸਲਰ ਹਰਸ਼ਰਨ ਕੌਰ ਹੈਪੀ, ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ, ਦੇ ਪਤੀ ਅਤੇ ਪ੍ਰਸਿੱਧ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਅੱਜ ਨਿਗਮ ਅਧਿਕਾਰੀਆਂ ’ਤੇ ਭੜਾਸ ਕੱਢੀ ਅਤੇ ਓ. ਐਂਡ ਐੱਮ. ਦੇ ਐੱਸ. ਈ. ਅਨੁਰਾਗ ਮਹਾਜਨ ਨਾਲ ਲੰਬੀ ਗੱਲਬਾਤ ਕੀਤੀ। ਸੁਰਿੰਦਰ ਭਾਪਾ ਨੇ ਕਿਹਾ ਕਿ ਬੂਟਾ ਪਿੰਡ ਇਲਾਕੇ ਦਾ ਟਿਊਬਵੈੱਲ ਪਿਛਲੇ 3 ਦਿਨਾਂ ਤੋਂ ਖਰਾਬ ਪਿਆ ਹੈ, ਜਿਸ ਨੂੰ ਉਹ ਆਪਣੇ ਪੱਧਰ ’ਤੇ ਠੀਕ ਕਰਵਾ ਰਹੇ ਹਨ ਪਰ ਸਬੰਧਤ ਨਿਗਮ ਅਧਿਕਾਰੀਆਂ ਨੂੰ ਇਸ ਦੀ ਚਿੰਤਾ ਨਹੀਂ ਹੈ। ਸੁਰਿੰਦਰ ਭਾਪਾ ਨੇ ਕਿਹਾ ਕਿ ਟਿਊਬਵੈੱਲ ਮੇਨਟੀਨੈਂਸ ਦਾ ਕੰਮ ਕਰਨ ਵਾਲੇ ਠੇਕੇਦਾਰ ਨੂੰ ਨਿਗਮ ਪੇਮੈਂਟ ਅਦਾ ਨਹੀਂ ਕਰ ਰਹੀ, ਜਿਸ ਕਾਰਨ ਠੇਕੇਦਾਰ ਨੇ ਕੰਮ ਬੰਦ ਕੀਤਾ ਹੋਇਆ ਹੈ। ਇਸ ਵਿਚ ਲੋਕਾਂ ਦਾ ਕੀ ਕਸੂਰ ਹੈ, ਜਿਨ੍ਹਾਂ ਨੂੰ 3-3 ਦਿਨ ਤੋਂ ਪਾਣੀ ਨਹੀਂ ਮਿਲ ਰਿਹਾ। ਸੁਰਿੰਦਰ ਭਾਪਾ ਨੇ ਦੋਸ਼ ਲਾਇਆ ਕਿ ਨਿਗਮ ਦੇ ਅਕਾਊਂਟਸ ਵਿਭਾਗ ਵਿਚ ਤਾਇਨਾਤ ਡੀ. ਸੀ. ਐੱਫ. ਏ. ਵੱਲੋਂ ਜ਼ਰੂਰੀ ਫਾਈਲਾਂ ਦੀ ਪੇਮੈਂਟ ਵੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਠੇਕੇਦਾਰ ਪ੍ਰੇਸ਼ਾਨ ਹਨ ਅਤੇ ਨਿਗਮ ਦੇ ਸਾਰੇ ਕੰਮ ਰੁਕੇ ਹੋਏ ਹਨ। ਉਨ੍ਹਾਂ ਕਿਹਾ ਕਿ ਵਾਰਡ ਨਿਵਾਸੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲਾਪ੍ਰਵਾਹ ਅਧਿਕਾਰੀਆਂ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਕੋਦਰ ਰੋਡ ’ਤੇ ਸਥਿਤ ਧਰਮਪੁਰਾ ਆਬਾਦੀ ਵਿਚ ਵੀ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ, ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਐੱਸ. ਈ. ਅਨੁਰਾਗ ਮਹਾਜਨ ਨਾਲ ਮੁਲਾਕਾਤ ਕੀਤੀ ਅਤੇ ਦੋਸ਼ ਲਾਇਆ ਕਿ ਸਬੰਧਤ ਨਿਗਮ ਅਧਿਕਾਰੀ ਇਸ ਸਮੱਸਿਆ ਨੂੰ ਦੂਰ ਨਹੀਂ ਕਰ ਰਹੇ ਹਨ। ‘ਆਪ’ ਆਗੂਆਂ ਨੇ ਨਿਗਮ ਅਧਿਕਾਰੀਆਂ ਨੂੰ ਅਲਟੀਮੇਟਮ ਵੀ ਦਿੱਤਾ ਕਿ ਜੇਕਰ ਸਮੱਸਿਆ ਹੱਲ ਨਾ ਹੋਈ ਤਾਂ ਨਿਗਮ ਆ ਕੇ ਧਰਨਾ ਤਕ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਬਰਸਾਤੀ ਸੀਜ਼ਨ ਅਤੇ ਮਾਨਸੂਨ ਕਾਰਨ ਨਿਗਮ ਨੇ ਬਣਾਇਆ ਫਲੱਡ ਕੰਟਰੋਲ ਸੈਂਟਰ

ਅਵਤਾਰ ਨਗਰ ’ਚ ਦੂਰ ਨਹੀਂ ਕੀਤੀ ਗਈ ਗੰਦੇ ਪਾਣੀ ਦੀ ਸਮੱਸਿਆ
ਨਗਰ ਨਿਗਮ ਦੀ ਪਹਿਲੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਮੁਹੱਈਆ ਕਰਵਾਵੇ ਪਰ ਇਸ ਮਾਮਲੇ ਵਿਚ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਸਭ ਤੋਂ ਜ਼ਿਆਦਾ ਲਾਪ੍ਰਵਾਹੀ ਵਰਤ ਰਹੇ ਹਨ, ਜਿਸ ਕਾਰਨ ਆਮ ਆਦਮੀ ਪਾਰਟੀ ਦੀ ਬਹੁਤ ਬਦਨਾਮੀ ਹੋ ਰਹੀ ਹੈ। ਅਵਤਾਰ ਨਗਰ ਦੀ ਗਲੀ ਨੰਬਰ 10 ਦੇ ਕਈ ਘਰਾਂ ਵਿਚ ਪਿਛਲੇ 2-3 ਦਿਨਾਂ ਤੋਂ ਗੰਦਾ ਪਾਣੀ ਸਪਲਾਈ ਹੁੰਦਾ ਆ ਰਿਹਾ ਹੈ, ਜਿਸ ਬਾਰੇ ਨਿਗਮ ਵਿਚ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ। ਸੋਮਵਾਰ ਨੂੰ ਕੁਝ ਨਿਗਮ ਕਰਮਚਾਰੀ ਮੁਹੱਲੇ ਵਿਚ ਗਏ ਅਤੇ ਫਾਲਟ ਨੂੰ ਬਿਨਾਂ ਦੂਰ ਕੀਤੇ ਹੀ ਵਾਪਸ ਆ ਗਏ। ਇਨ੍ਹਾਂ ਕਰਮਚਾਰੀਆਂ ਨੇ ਮੁਹੱਲਾ ਨਿਵਾਸੀਆਂ ਨੂੰ ਸਵੇਰੇ ਅਤੇ ਸ਼ਾਮ ਨੂੰ ਪਾਣੀ ਦੇ ਸੈਂਪਲ ਭਰਨ ਨੂੰ ਕਿਹਾ ਅਤੇ ਨਾਲ ਹੀ ਇਹ ਵੀ ਚਿਤਾਵਨੀ ਦਿੱਤੀ ਕਿ ਫਾਲਟ ਲੱਭਣ ਲਈ ਸਾਰੀ ਸਡ਼ਕ ਨੂੰ ਥਾਂ-ਥਾਂ ਤੋਂ ਪੁੱਟਣਾ ਪਵੇਗਾ। ਉਹ ਬਾਅਦ ਵਿਚ ਆ ਕੇ ਇਸ ਸਮੱਸਿਆ ਨੂੰ ਦੇਖਣਗੇ। ਹੁਣ ਸਵਾਲ ਇਹ ਉੱਠਦਾ ਹੈ, ਜਿਹੜਾ ਨਿਗਮ ਲੋਕਾਂ ਨੂੰ 3-4 ਦਿਨ ਤਕ ਗੰਦਾ ਪਾਣੀ ਪੀਣ ’ਤੇ ਮਜਬੂਰ ਕਰ ਸਕਦਾ ਹੈ, ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਜਾਣੋ ਕੌਣ ਹਨ ਮੁੱਖ ਸਕੱਤਰ ਅਨੁਰਾਗ ਵਰਮਾ, 1 ਜੁਲਾਈ ਨੂੰ ਸੰਭਾਲਣਗੇ ਅਹੁਦਾ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anmol Tagra

Content Editor

Related News