ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਦੇਸ਼ ਪ੍ਰਧਾਨ ਦੀ ਬੇਟੀ ਨੇ ਮੁੱਖ ਮੰਤਰੀ ਦੇ ਨਾਂ ਲਿਖਿਆ ਖੁੱਲ੍ਹਾ ''ਪੱਤਰ''

09/21/2017 7:02:23 AM

ਮੋਗਾ  (ਪਵਨ ਗਰੋਵਰ/ਗੋਪੀ ਰਾਊਕੇ) - 22 ਸਤੰਬਰ ਤੋਂ ਕਰਜ਼ਾ ਮੁਆਫੀ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਮੋਤੀ ਮਹਿਲ ਅੱਗੇ ਰੋਸ ਧਰਨੇ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ, ਉੱਥੇ ਹੀ ਇਸ ਧਰਨੇ ਨੂੰ ਅਸਫਲ ਬਣਾਉਣ ਲਈ ਪੰਜਾਬ ਭਰ 'ਚ ਕਿਸਾਨ ਆਗੂਆਂ ਦੀਆਂ ਪੁਲਸ ਵੱਲੋਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਹੀ ਜ਼ਿਲਾ ਮੋਗਾ ਦੇ ਕਸਬਾ ਨੱਥੂਵਾਲਾ ਗਰਬੀ ਨਾਲ ਸੰਬੰਧਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਦੇਸ਼ ਪ੍ਰਧਾਨ ਛਿੰਦਰਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਜਦੋਂ ਬੀਤੇ ਦਿਨ ਸਵੇਰੇ ਸਵਾ 3 ਵਜੇ ਕਿਸਾਨ ਆਗੂ ਨੂੰ ਫੜਨ ਲਈ ਪੁਲਸ ਵੱਲੋਂ ਭਾਰੀ ਫੋਰਸ ਨਾਲ ਛਾਪਾਮਾਰੀ ਕੀਤੀ ਗਈ ਤਾਂ ਇਸ ਕਰ ਕੇ ਪਰਿਵਾਰ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਹੀ ਅੱਜ ਕਿਸਾਨ ਆਗੂ ਦੀ ਹੋਣਹਾਰ ਬੇਟੀ ਸ਼ਰਨਜੀਤ ਕੌਰ ਗੁੰਨੂੰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹਾ ਪੱਤਰ ਲਿਖ ਕੇ ਕਈ ਸਵਾਲ ਕੀਤੇ ਹਨ।
ਇਸ ਪੱਤਰ ਦੀ ਸੋਸ਼ਲ ਮੀਡੀਆ 'ਤੇ ਵੀ ਬਹੁਤ ਚਰਚਾ ਹੈ ਕਿਉਂਕਿ ਕਿਸਾਨ ਆਗੂ ਦੀ ਬੇਟੀ ਨੇ ਇਸ ਪੱਤਰ ਰਾਹੀਂ ਅਜਿਹੀ ਸ਼ਬਦਾਵਲੀ ਲਿਖੀ ਹੈ, ਜਿਸ ਨਾਲ ਹਰ ਪੰਜਾਬ ਨਿਵਾਸੀ ਅੰਦਰੋਂ ਉਸ ਦੇ ਬਿਆਨ ਦਰਸਾਏ ਗਏ ਹਨ। ਪੱਤਰ ਰਾਹੀਂ ਗੁੰਨੂੰ ਨੇ ਲਿਖਿਆ ਹੈ ਕਿ ਉਹ ਆਪਣੇ ਪੇਕੇ ਪਿੰਡ ਮਿਲਣ ਆਈ ਸੀ, ਜਦੋਂ ਸਵੇਰੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਿਆ ਤਾਂ ਮੇਰੀ ਮਾਤਾ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ 20-25 ਪੁਲਸ ਮੁਲਾਜ਼ਮ ਅਤੇ ਕਮਾਂਡੋ ਫੋਰਸ ਨੇ ਕਿਹਾ ਕਿ ਕਿਸਾਨ ਨੇਤਾ ਕਿੱਥੇ ਹਨ ਤਾਂ ਮੇਰੀ ਮਾਤਾ ਇੰਦਰਜੀਤ ਕੌਰ ਨੇ ਕਿਹਾ ਕਿ ਉਹ ਕਿਸਾਨਾਂ ਦੇ ਸੰਘਰਸ਼ ਲਈ ਗਏੇ ਹੋਏ ਹਨ ਪਰ ਹੈਰਾਨੀ ਦੀ ਉਦੋਂ ਹੱਦ ਨਹੀਂ ਰਹੀ, ਜਦੋਂ ਪੁਲਸ ਨੇ ਉਨ੍ਹਾਂ ਦੇ ਅੰਦਰ ਕਥਿਤ ਤੌਰ 'ਤੇ ਡਾਂਗਾਂ ਨਾਲ ਲੈਸ ਹੋ ਕੇ ਘਰ ਦਾ ਸਾਰਾ ਪਾਸਾ ਦੇਖਿਆ। ਇਸ ਤਰ੍ਹਾਂ ਦੀ ਸਥਿਤੀ ਕਰ ਕੇ ਮੈਂ ਅਤੇ ਮੇਰੀ ਭੈਣ ਵੀ ਸਹਿਮ ਗਈ।
ਮੁੱਖ ਮੰਤਰੀ ਨੂੰ ਲਿਖੇ ਪੱਤਰ 'ਚ ਇਸ ਬੇਟੀ ਨੇ ਲਿਖਿਆ ਕਿ ਸਵਾਲ ਇਹ ਹਨ ਕਿ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਦੁਬਾਉਣਾ ਚਾਹੁੰਦੀ ਹੈ ਬਲਕਿ ਸਵਾਲ ਇਹ ਹਨ ਕਿ ਬਿਨਾਂ ਸਰਚ ਵਾਰੰਟ ਦੇ ਹੁੰਦੇ ਹੋਏ ਜਵਾਨ ਬੇਟੀਆਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਪੁਲਸ ਨੂੰ ਇਸ ਤਰ੍ਹਾਂ ਕਰਨ ਦਾ ਕੋਈ ਹੱਕ ਹੈ? ਉਨ੍ਹਾਂ ਕਿਹਾ ਕਿ ਇਸ ਰਵੱਈਏ ਨਾਲ ਲੱਗਦਾ ਹੈ ਕਿ ਇੱਥੇ ਸਰਕਾਰ ਦਾ ਨਹੀਂ ਬਲਕਿ ਜੰਗਲ ਰਾਜ ਹੈ। ਪੁਲਸ ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਦੇ ਕੋਨੇ-ਕੋਨੇ ਦੀ ਵੀਡੀਓਗ੍ਰਾਫੀ ਉਸ ਸਮੇਂ ਕੀਤੀ ਜਦੋਂ ਸਾਡਾ ਸਾਰਾ ਪਰਿਵਾਰ ਸੁੱਤਾ ਪਿਆ ਸੀ। ਕੁਝ ਸਮਾਂ ਪਹਿਲਾਂ ਜਦੋਂ ਮਾਣਯੋਗ ਸਰਵਉੱਚ ਅਦਾਲਤ ਸੁਪਰੀਮ ਕੋਰਟ ਦਾ ਨਿੱਜਤਾ ਦੀ ਰੱਖਵਾਲੀ ਵਾਲਾ ਕਾਨੂੰਨ ਪਾਸ ਹੋਇਆ ਸੀ, ਉਦੋਂ ਮਨ ਵਿਚ ਬਹੁਤ ਖੁਸ਼ੀ ਹੋਈ ਪਰ ਅੱਜ ਇਹ ਸਭ ਕੁਝ ਦੇਖ ਕੇ ਲੱਗਦਾ ਹੈ, 'ਕਿੱਥੇ ਹੈ, ਇਹ ਨਿੱਜਤਾ ਵਾਲਾ ਅਧਿਕਾਰ'।
ਉਸ ਨੇ ਪੱਤਰ ਦੇ ਅੰਤ 'ਚ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਲਈ ਉਨ੍ਹਾਂ ਦੇ ਪਿਤਾ, ਜੋ ਸੰਘਰਸ਼ ਕਰ ਰਹੇ ਹਨ, ਉਸ 'ਤੇ ਸਾਨੂੰ ਮਾਣ ਹੈ ਅਤੇ ਵਿਸ਼ਵਾਸ ਹੈ ਕਿ ਇਕ ਦਿਨ ਜ਼ਰੂਰ ਸੰਘਰਸ਼ ਦੀ ਜਿੱਤ ਹੋਵੇਗੀ।


Related News