ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਭਾਸ਼ਾ ਵਿਭਾਗ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦਾ ਲੋਗੋ ਜਾਰੀ
Saturday, Dec 31, 2022 - 05:10 PM (IST)
ਚੰਡੀਗੜ੍ਹ : ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦਾ ਲੋਗੋ ਜਾਰੀ ਕੀਤਾ ਗਿਆ। ਭਾਸ਼ਾ ਵਿਭਾਗ ਪਹਿਲੀ ਜਨਵਰੀ 2023 ਨੂੰ ਆਪਣੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਇਸ ਦਿਨ ਮੁੱਖ ਦਫ਼ਤਰ ਭਾਸ਼ਾ ਭਵਨ ਪਟਿਆਲਾ ਸਾਰੇ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਮੀਤ ਹੇਅਰ ਨੇ ਦੱਸਿਆ ਕਿ 1 ਜਨਵਰੀ 1948 ਨੂੰ ਪੰਜਾਬੀ ਸੈਕਸ਼ਨ ਦੇ ਨਾਂ ਨਾਲ ਸਥਾਪਿਤ ਹੋਇਆ ਇਹ ਵਿਭਾਗ ਸਾਲ 1949 'ਚ ਮਹਿਕਮਾ ਪੰਜਾਬੀ ਅਤੇ ਫਿਰ ਸਾਲ 1956 ਤੋਂ ਭਾਸ਼ਾ ਵਿਭਾਗ, ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵਿਭਾਗ ਹੁਣ ਤੱਕ 1632 ਪੁਸਤਕਾਂ ਦਾ ਪ੍ਰਕਾਸ਼ਨ ਕਰ ਚੁੱਕਾ ਹੈ ਜਿਸ 'ਚ ਕੋਸ਼ਕਾਰੀ ਅਤੇ ਪੰਜਾਬੀ ਵਿਸ਼ਵ ਕੋਸ਼ ਜੋ ਪੰਜਾਬੀ ਭਾਸ਼ਾ 'ਚ ਹੋਣ ਵਾਲਾ ਪਹਿਲਾ ਕਾਰਜ ਹੈ।
ਵਿਦਿਆਰਥੀਆਂ ਅਤੋ ਖੋਜਾਰਥੀਆਂ ਦੀ ਸਹੂਲਤ ਲਈ 35 ਦੇ ਕਰੀਬ ਸ਼ਬਦਾਵਲੀਆਂ ਪੰਜਾਬੀ ਭਾਸ਼ਾ 'ਚ ਛਾਪ ਕੇ ਇੱਕ ਵਿਲੱਖਣ ਕਾਰਜ ਕੀਤਾ ਹੈ। ਪੰਜਾਬੀ ਦੀਆਂ ਦੁਰਲੱਭ ਕਿਰਤਾਂ ਜਿਵੇਂ ਮਹਾਨ ਕੋਸ਼, ਪੰਜਾਬ ਦੀਆਂ ਲੋਕ ਕਹਾਣੀਆਂ, ਗੁਲਸਿਤਾਂ ਬੋਸਤਾਂ, ਸ਼ਹੀਦਾਨ-ਏ-ਵਫ਼ਾ ਆਦਿ ਪ੍ਰਕਾਸ਼ਿਤ ਕੀਤੀਆਂ ਗਈਆਂ। ਭਾਸ਼ਾਵਾਂ ਬਾਰੇ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਭਾਸ਼ਾਵਾਂ ਦੇ ਵਿਕਾਸ ਅਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਵਚਨਬੱਧ ਹੈ। ਹਾਲ ਹੀ 'ਚ ਭਾਸ਼ਾ ਵਿਭਾਗ ਵੱਲੋਂ ਮਨਾਏ ਗਏ ਪੰਜਾਬੀ ਮਾਹ ਦੌਰਾਨ ਮੁੱਖ ਮੰਤਰੀ ਵੱਲੋਂ ਸੂਬੇ 'ਚ ਸਾਰੇ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਤਰਜ਼ੀਹ ਦੇਣ ਦਾ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ : ਖੰਨਾ 'ਚ ਡਾਕਟਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, CCTV 'ਚ ਕੈਦ ਹੋਈ ਵਾਰਦਾਤ
ਦੂਜੀਆਂ ਭਾਸ਼ਾਵਾਂ ਦਾ ਵੀ ਸਤਿਕਾਰ ਕਰਦੇ ਹੋਏ ਬੋਰਡ 'ਤੇ ਪੰਜਾਬੀ ਤੋਂ ਬਾਅਦ ਹੋਰ ਕੋਈ ਵੀ ਭਾਸ਼ਾ ਲਿਖੀ ਜਾ ਸਕਦੀ ਹੈ। ਭਾਸ਼ਾ ਵਿਭਾਗ ਵੱਲੋਂ ਵੀ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾਵਾਂ ਦੇ ਵਿਕਾਸ ਲਈ ਮਾਅਰਕੇ ਵਾਲਾ ਕਾਰਜ ਕੀਤਾ ਹੈ। ਭਾਸ਼ਾ ਵਿਭਾਗ ਵੱਲੋਂ ਵੱਖ-ਵੱਖ ਭਾਸ਼ਾਵਾਂ 'ਚ 4 ਰਸਾਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਮੀਤ ਹੇਅਰ ਨੇ ਸਮੂਹ ਪੰਜਾਬੀਆਂ ਨੂੰ ਭਾਸ਼ਾ ਵਿਭਾਗ ਦਾ ਇਹ ਸਥਾਪਨਾ ਦਿਵਸ ਸਮੂਹਿਕ ਰੂਪ 'ਚ ਮਨਾਉਣ ਦਾ ਸੱਦਾ ਦਿੰਦਿਆਂ ਨਾਲ ਹੀ ਪੰਜਾਬੀਆਂ ਨੂੰ ਇਹ ਯਕੀਨ ਦਿਵਾਇਆ ਕਿ ਸੂਬਾ ਸਰਕਾਰ ਦਾ ਇਹ ਅਦਾਰਾ ਨਿਰੰਤਰ ਹੋਰ ਪੁਲਾਘਾਂ ਪੁੱਟਦਾ ਰਹੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ