ਗੁਰਦਾਸਪੁਰ ''ਚ ਖੇਤੀਬਾੜੀ ਵਿਭਾਗ ਦਾ ਵੱਡਾ ਐਕਸ਼ਨ, ਬਟਾਲਾ ਰੈਕ ਪੁਆਇੰਟ ''ਤੇ ਅਚਨਚੇਤ ਮਾਰਿਆ ਛਾਪਾ

Thursday, Aug 06, 2026 - 02:35 AM (IST)

ਗੁਰਦਾਸਪੁਰ ''ਚ ਖੇਤੀਬਾੜੀ ਵਿਭਾਗ ਦਾ ਵੱਡਾ ਐਕਸ਼ਨ, ਬਟਾਲਾ ਰੈਕ ਪੁਆਇੰਟ ''ਤੇ ਅਚਨਚੇਤ ਮਾਰਿਆ ਛਾਪਾ

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਸ਼ਹਿਬਾਜ਼ ਸਿੰਘ ਚੀਮਾ ਵੱਲੋਂ ਅੱਜ ਵਿਭਾਗੀ ਅਧਿਕਾਰੀਆਂ ਦੀ ਟੀਮ ਸਮੇਤ ਬਟਾਲਾ ਸਥਿਤ ਰੈਕ ਪੁਆਇੰਟ ਦਾ ਅਚਨਚੇਤ ਦੌਰਾ ਕਰਕੇ ਖਾਦਾਂ ਦੇ ਸਟਾਕ, ਭੰਡਾਰਨ, ਆਮਦ-ਰਫ਼ਤ ਅਤੇ ਰਿਕਾਰਡ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਡਾ. ਸ਼ਹਿਬਾਜ਼ ਸਿੰਘ ਚੀਮਾ ਨੇ ਦੱਸਿਆ ਕਿ ਕਿਸਾਨਾਂ ਨੂੰ ਨਿਰਧਾਰਿਤ ਦਰਾਂ ’ਤੇ ਖਾਦਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਅਤੇ ਖਾਦ ਕੰਟਰੋਲ ਆਰਡਰ–1985 ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਮੰਤਵ ਨਾਲ ਇਹ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ ਹੈ। ਜਾਂਚ ਦੌਰਾਨ ਖਾਦਾਂ ਦੇ ਸਟਾਕ ਰਜਿਸਟਰ, ਵਿਕਰੀ ਰਿਕਾਰਡ, ਬਿੱਲਾਂ, ਆਵਾਜਾਈ ਸਬੰਧੀ ਦਸਤਾਵੇਜ਼ਾਂ ਅਤੇ ਭੰਡਾਰਨ ਪ੍ਰਬੰਧਾਂ ਦੀ ਬਰੀਕੀ ਨਾਲ ਪੜਤਾਲ ਕੀਤੀ ਗਈ।

ਇਹ ਵੀ ਪੜ੍ਹੋ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 4 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ

ਇਸ ਉਪਰੰਤ ਬਟਾਲਾ ਵਿਖੇ ਜ਼ਿਲ੍ਹੇ ਦੇ ਖਾਦ ਥੋਕ ਵਿਕਰੇਤਾਵਾਂ ਨਾਲ ਮੀਟਿੰਗ ਕਰਦਿਆਂ ਡਾ. ਚੀਮਾ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਖਾਦਾਂ ਦੇ ਨਾਲ ਕੀਟਨਾਸ਼ਕ, ਨਦੀਨਨਾਸ਼ਕ, ਬੀਜ, ਮਾਈਕਰੋ ਨਿਊਟ੍ਰੀਐਂਟਸ, ਬਾਇਓ ਫਰਟੀਲਾਈਜ਼ਰ ਜਾਂ ਕਿਸੇ ਹੋਰ ਖੇਤੀ ਇਨਪੁੱਟ ਦੀ ਟੈਗਿੰਗ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਆਪਣੀ ਲੋੜ ਅਨੁਸਾਰ ਸਿਰਫ਼ ਖਾਦ ਖਰੀਦਣ ਦਾ ਪੂਰਾ ਅਧਿਕਾਰ ਹੈ ਅਤੇ ਕਿਸੇ ਵੀ ਡੀਲਰ ਜਾਂ ਥੋਕ ਵਿਕਰੇਤਾ ਵੱਲੋਂ ਹੋਰ ਸਮਾਨ ਖਰੀਦਣ ਲਈ ਮਜਬੂਰ ਕਰਨਾ ਕਾਨੂੰਨੀ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਸਮੂਹ ਥੋਕ ਵਿਕਰੇਤਾਵਾਂ ਨੂੰ ਖਾਦ ਕੰਟਰੋਲ ਆਰਡਰ–1985 ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨ, ਸਟਾਕ ਅਤੇ ਵਿਕਰੀ ਸਬੰਧੀ ਰਿਕਾਰਡ ਨਿਯਮਤ ਤੌਰ ’ਤੇ ਅਪਡੇਟ ਰੱਖਣ ਅਤੇ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਡੀਲਰ ਜਾਂ ਵਿਕਰੇਤਾ ਵੱਲੋਂ ਖਾਦਾਂ ਦੀ ਟੈਗਿੰਗ ਜਾਂ ਹੋਰ ਕਿਸੇ ਤਰ੍ਹਾਂ ਦੀ ਬੇਨਿਯਮੀ ਕੀਤੀ ਗਈ ਤਾਂ ਉਸ ਖ਼ਿਲਾਫ਼ ਖਾਦ ਕੰਟਰੋਲ ਆਰਡਰ–1985 ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ

ਡਾ. ਚੀਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿੱਚ ਖਾਦਾਂ ਦੀ ਸਪਲਾਈ, ਭੰਡਾਰਨ ਅਤੇ ਵਿਕਰੀ ’ਤੇ ਨਿਰੰਤਰ ਨਿਗਰਾਨੀ ਰੱਖਣ ਲਈ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਜ਼ਿਲ੍ਹੇ ਦੇ ਰੈਕ ਪੁਆਇੰਟਾਂ, ਥੋਕ ਅਤੇ ਪ੍ਰਚੂਨ ਵਿਕਰੇਤਾਵਾਂ ਦੇ ਅਦਾਰਿਆਂ ਅਤੇ ਗੋਦਾਮਾਂ ਦੀ ਅਚਨਚੇਤ ਜਾਂਚ ਕਰਨਗੀਆਂ। ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਸਾਹਮਣੇ ਆਉਣ ’ਤੇ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਨ ਉਪਲਬਧਤਾ ਅਤੇ ਪਾਰਦਰਸ਼ੀ ਵੰਡ ਹਰ ਹਾਲਤ ਵਿੱਚ ਯਕੀਨੀ ਬਣਾਈ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News