ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਜਲੰਧਰ ''ਚ 10 ਕੁਇੰਟਲ ਸ਼ੱਕੀ ਪਨੀਰ ਅਤੇ 68 ਕਿਲੋ ਕ੍ਰੀਮ ਜ਼ਬਤ
Thursday, Aug 06, 2026 - 05:21 AM (IST)
ਜਲੰਧਰ (ਰੱਤਾ) : ਮਿਲਾਵਟੀ ਅਤੇ ਘਟੀਆ ਕਿਸਮ ਦੇ ਖੁਰਾਕ ਪਦਾਰਥਾਂ ਦੀ ਵਿਕਰੀ ’ਤੇ ਰੋਕ ਲਗਾਉਣ ਲਈ ਜਾਰੀ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਬੁੱਧਵਾਰ ਨੂੰ ਸ਼ੱਕ ਦੇ ਆਧਾਰ ’ਤੇ ਇਕ ਡੇਅਰੀ ਤੋਂ 10 ਕੁਇੰਟਲ ਪਨੀਰ ਅਤੇ 68 ਕਿਲੋ ਕ੍ਰੀਮ ਜ਼ਬਤ ਕੀਤੀ ਅਤੇ ਡੇਅਰੀਆਂ ਤੋਂ ਦੁੱਧ, ਘਿਓ ਅਤੇ ਦਹੀਂ ਆਦਿ ਦੇ 9 ਸੈਂਪਲ ਵੀ ਭਰੇ।
ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਅਤੇ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਨਿਰਦੇਸ਼ ਅਨੁਸਾਰ ਸਹਾਇਕ ਕਮਿਸ਼ਨਰ ਫੂਡ ਰਾਜਿੰਦਰਪਾਲ ਸਿੰਘ ਦੀ ਅਗਵਾਈ ਵਿਚ ਫੂਡ ਸੇਫਟੀ ਅਧਿਕਾਰੀ ਮੁਕੁਲ ਗਿੱਲ, ਰੌਬਿਨ ਕੁਮਾਰ ਅਤੇ ਰਵੀ ਨੰਦਨ ਗੋਇਲ ਦੀ ਟੀਮ ਨੇ ਬੁੱਧਵਾਰ ਸਵੇਰੇ ਮਾਡਲ ਹਾਊਸ ਸਥਿਤ ਇਕ ਡੇਅਰੀ ’ਤੇ ਅਚਾਨਕ ਛਾਪੇਮਾਰੀ ਕਰਦੇ ਹੋਏ ਉਥੇ ਪਏ ਦੁੱਧ ਉਤਪਾਦਾਂ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 4 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ
ਟੀਮ ਨੇ ਡੇਅਰੀ ਦੇ ਮਾਲਕ ਤੋਂ ਜਦੋਂ ਦੁੱਧ ਉਤਪਾਦਾਂ ਦੀ ਖਰੀਦ-ਵੇਚ ਦਾ ਰਿਕਾਰਡ ਮੰਗਿਆ ਤਾਂ ਉਹ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕਿਆ ਅਤੇ ਨਾ ਹੀ ਕੋਈ ਤਸੱਲੀਬਖਸ਼ ਜਵਾਬ ਦੇ ਸਕਿਆ। ਡੇਅਰੀ ਦੇ ਮਾਲਕ ਨੇ ਟੀਮ ਨੂੰ ਦੱਸਿਆ ਕਿ ਉਹ ਦੁੱਧ ਉਤਪਾਦ ਕਾਲਾ ਸੰਘਿਆਂ ਰੋਡ ਸਥਿਤ ਵਰਕਸ਼ਾਪ ਵਿਚ ਬਣਾਉਂਦਾ ਹੈ। ਟੀਮ ਨੇ ਜਦੋਂ ਉਥੇ ਜਾ ਕੇ ਚੈੱਕ ਕੀਤਾ ਤਾ ਦੇਖਿਆ ਕਿ ਉਥੇ ਸਿਰਫ ਘਿਓ ਅਤੇ ਦਹੀਂ ਬਣਾਇਆ ਜਾਂਦਾ ਹੈ।
ਟੀਮ ਨੇ ਉਕਤ ਡੇਅਰੀ ਅਤੇ ਵਰਕਸ਼ਾਪ ਤੋਂ ਪਨੀਰ ਦੇ 2, ਕ੍ਰੀਮ, ਘਿਓ ਅਤੇ ਦਹੀਂ ਦਾ 1-1 ਸੈਂਪਲ ਭਰਿਆ ਅਤੇ ਉਥੇ ਪਿਆ ਹੋਇਆ ਲਗਭਗ 10 ਕੁਇੰਟਲ ਪਨੀਰ ਅਤੇ 68 ਕਿਲੋ ਕ੍ਰੀਮ ਨੂੰ ਲੈਬਾਰਟਰੀ ਰਿਪੋਰਟ ਆਉਣ ਤਕ ਆਪਣੇ ਕਬਜ਼ੇ ਵਿਚ ਲੈ ਲਿਆ। ਟੀਮ ਨੇ ਜਮਸ਼ੇਰ ਡੇਅਰੀ ਕੰਪਲੈਕਸ ਸਥਿਤ ਵੱਖ-ਵੱਖ ਡੇਅਰੀਆਂ ਤੋਂ ਵੀ ਦੁੱਧ ਦੇ 3 ਅਤੇ ਘਿਓ ਦਾ ਇਕ ਸੈਂਪਲ ਭਰਿਆ। ਉਕਤ ਸਾਰੇ ਸੈਂਪਲ ਗੁਣਵੱਤਾ ਚੈੱਕ ਕਰਨ ਲਈ ਖਰੜ ਸਥਿਤ ਸਰਕਾਰੀ ਲੈਬਰਾਟਰੀ ਵਿਚ ਭੇਜੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
