ਗੁਰਦੁਆਰਾ ਸਾਹਿਬ ’ਚ ਚੱਲ ਰਹੇ ਡੀ.ਜੇ. ਰੋਕਣ ’ਤੇ ਹੈੱਡ. ਗ੍ਰੰਥੀ ਨਾਲ ਕੀਤੀ ਕੁੱਟਮਾਰ (ਵੀਡੀਓ)

09/02/2019 11:22:13 AM

ਫਤਿਹਗੜ੍ਹ ਸਾਹਿਬ (ਵਿਪਨ)—ਲਾਂਡਰਾਂ-ਚੁੰਨੀ ਰੋਡ ’ਤੇ ਸਥਿਤ ਪਿੰਡ ਝੰਜੇਡ਼ੀ ਸਥਿਤ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਚ ਸ਼ਨੀਵਾਰ ਦੇਰ ਰਾਤ 35 ਦੇ ਕਰੀਬ ਲੋਕਾਂ ਵਲੋਂ ਇਕ ਗ੍ਰੰਥੀ ਉੱਤੇ ਉਸ ਸਮੇਂ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ, ਜਦੋਂ ਉਹ ਲੰਗਰ ਹਾਲ ਵਿਚ ਇਕ ਵਿਆਹ ਸਮਾਰੋਹ ਦੌਰਾਨ ਚੱਲ ਰਹੇ ਲੱਚਰ ਗੀਤਾਂ ਅਤੇ ਹੋ ਰਹੇ ਡਾਂਸ ਦੀ ਵੀਡੀਓ ਬਣਾ ਰਿਹਾ ਸੀ। ਜ਼ਖ਼ਮੀ ਗ੍ਰੰਥੀ ਦਾ ਨਾਂ ਅਤਰ ਸਿੰਘ ਹੈ, ਜੋ ਕਿ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਪਿੰਡ ਅੱਤੇਵਾਲੀ ਦਾ ਵਸਨੀਕ ਹੈ ਅਤੇ ਫਤਿਹਗਡ਼੍ਹ ਸਾਹਿਬ ਸਥਿਤ ਇਤਿਹਾਸਕ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਚ ਗ੍ਰੰਥੀ ਦੇ ਤੌਰ ’ਤੇ ਤਾਇਨਾਤ ਹੈ। ਇਸ ਹਮਲੇ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ। ਪੁਲਸ ਸਟੇਸ਼ਨ ਖਰਡ਼ ਵਿਚ ਅਤਰ ਸਿੰਘ ਦੀ ਸ਼ਿਕਾਇਤ ਉੱਤੇ 35 ਅਣਪਛਾਤੇ ਲੋਕਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 295, 323, 427, 148, 149 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਪਰ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਜ਼ਖ਼ਮੀ ਗ੍ਰੰਥੀ ਇਸ ਸਮੇਂ ਸਿਵਲ ਹਸਪਤਾਲ ਫੇਜ਼-6 ਮੋਹਾਲੀ ਵਿਚ ਜ਼ੇਰੇ ਇਲਾਜ ਹੈ।

PunjabKesari

ਲੰਗਰ ਹਾਲ ਚ ਚੱਲ ਰਹੇ ਸਨ ਗੀਤ ਅਤੇ ਸ਼ਰਾਬੀ ਕਰ ਰਹੇ ਸਨ ਡਾਂਸ

ਆਪਣੇ ਉੱਤੇ ਹੋਏ ਹਮਲੇ ਸਬੰਧੀ ਜਾਣਕਾਰੀ ਦਿੰਦਿਅਾਂ ਗ੍ਰੰਥੀ ਅਤਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਉਹ 11 ਵਜੇ ਦੇ ਕਰੀਬ ਆਪਣੀ ਕਾਰ ਉਤੇ ਮੋਹਾਲੀ ਵਲੋਂ ਫਤਿਹਗਡ਼੍ਹ ਸਾਹਿਬ ਦੇ ਵੱਲ ਜਾ ਰਿਹਾ ਸੀ, ਜਦੋਂ ਉਹ ਲਾਂਡਰਾਂ-ਚੁੰਨੀ ਰੋਡ ਉਤੇ ਸਥਿਤ ਪਿੰਡ ਝੰਜੇਡ਼ੀ ਤੋਂ ਗੁਜ਼ਰ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਸਡ਼ਕ ਕੰਢੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਵਾਲੇ ਹਾਲ ਵਿਚ ਡੀ. ਜੇ. ਲੱਗਿਆ ਹੋਇਆ ਸੀ, ਜਿੱਥੇ ਉੱਚੀ ਆਵਾਜ਼ ਵਿਚ ਲੱਚਰ ਗੀਤ ਚੱਲ ਰਹੇ ਸਨ ਅਤੇ ਸ਼ਰਾਬੀ ਹਾਲਤ ਵਿਚ ਲੋਕ ਗੀਤਾਂ ’ਤੇ ਡਾਂਸ ਕਰ ਰਹੇ ਸਨ।

ਸਬੂਤ ਦੇ ਤੌਰ ’ਤੇ ਬਣਾ ਰਿਹਾ ਸੀ ਵੀਡੀਓ

ਅਤਰ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਚੱਲ ਰਹੇ ਇਨ੍ਹਾਂ ਗੀਤਾਂ ਅਤੇ ਡਾਂਸ ਨੂੰ ਸਬੂਤ ਦੇ ਤੌਰ ’ਤੇ ਆਪਣੇ ਮੋਬਾਇਲ ਫੋਨ ਤੋਂ ਵੀਡੀਓ ਇਸ ਲਈ ਬਣਾ ਰਿਹਾ ਸੀ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਨੂੰ ਸਬੂਤ ਵਿਖਾਏ ਜਾ ਸਕਣ ਕਿ ਉਕਤ ਗੁਰਦੁਆਰਾ ਸਾਹਿਬ ਵਿਚ ਅਜਿਹਾ ਕੁਝ ਹੋ ਰਿਹਾ ਹੈ।

ਵੀਡੀਓ ਡਿਲੀਟ ਨਾ ਕਰਨ ’ਤੇ ਕੀਤੀ ਕੁੱਟ-ਮਾਰ

ਗ੍ਰੰਥੀ ਨੇ ਦੱਸਿਆ ਕਿ ਵਿਆਹ ਵਿਚ ਨੱਚ ਰਹੇ ਲੋਕਾਂ ਨੇ ਜਦੋਂ ਉਸ ਨੂੰ ਵੀਡੀਓ ਬਣਾਉਂਦੇ ਹੋਏ ਵੇਖਿਆ ਤਾਂ 30-35 ਦੇ ਕਰੀਬ ਲੋਕ ਉਸ ਦੇ ਕੋਲ ਆਏ ਅਤੇ ਉਸ ਨੂੰ ਫਡ਼ ਲਿਆ। ਇਹ ਲੋਕ ਉਸ ਨੂੰ ਆਪਣੇ ਮੋਬਾਇਲ ਫੋਨ ਤੋਂ ਵੀਡੀਓ ਡਿਲੀਟ ਕਰਨ ਨੂੰ ਕਹਿ ਰਹੇ ਸਨ। ਜਦੋਂ ਉਸ ਨੇ ਡਿਲੀਟ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਉਨ੍ਹਾਂ ਨੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁੱਟ-ਮਾਪ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਪੱਗਡ਼ੀ ਵੀ ਉਤਾਰ ਦਿੱਤੀ ਗਈ ਅਤੇ ਵਾਲਾਂ ਤੋਂ ਫਡ਼ ਕੇ ਘੜੀਸਿਆ ਗਿਆ। ਇਥੋਂ ਤਕ ਕਿ ਉਸ ਦੀ ਪਹਿਨੀ ਹੋਈ ਕ੍ਰਿਪਾਨ ਕੱਢ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਅਤੇ ਉਸ ਦੀ ਕਾਰ ਉੱਤੇ ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ।

PunjabKesari

ਧਾਰਮਕ ਕਕਾਰਾਂ ਦੀ ਵੀ ਹੋਈ ਬੇਅਦਬੀ

ਅਤਰ ਸਿੰਘ ਨੇ ਦੱਸਿਆ ਕਿ ਉਕਤ ਵਿਆਹ ਸਮਾਰੋਹ ਵਿਚ ਸ਼ਾਮਲ ਉਸ ਉੱਤੇ ਹਮਲਾ ਕਰਨ ਵਾਲੇ ਲੋਕਾਂ ਨੇ ਜਿੱਥੇ ਉਸ ਨੂੰ ਸਰੀਰਕ ਰੂਪ ਵਿਚ ਜ਼ਖ਼ਮੀ ਕੀਤਾ, ਉਥੇ ਉਸ ਦੇ ਪਹਿਨੇ ਹੋਏ ਧਾਰਮਕ ਕਕਾਰਾਂ ਦੀ ਵੀ ਬੇਦਅਬੀ ਕੀਤੀ ਗਈ।

ਐੱਸ. ਜੀ. ਪੀ. ਸੀ. ਪ੍ਰਧਾਨ ਨੂੰ ਵੀ ਫੋਨ ’ਤੇ ਦਿੱਤੀ ਜਾਣਕਾਰੀ

ਜ਼ਖ਼ਮੀ ਅਤਰ ਸਿੰਘ ਨੇ ਦੱਸਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਮਚਾਰੀ ਹੈ। ਇਸ ਲਈ ਉਸ ਨੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਫੋਨ ’ਤੇ ਜਾਣਕਾਰੀ ਦਿੱਤੀ।


Shyna

Content Editor

Related News