ਜ਼ਮੀਨੀ ਵਿਵਾਦ ਦੇ ਚਲਦਿਆਂ ਭੈਣ-ਭਰਾ ਨੇ ਤਾਏ ''ਤੇ ਲਗਾਏ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼

Sunday, Jul 30, 2017 - 11:15 AM (IST)

ਜ਼ਮੀਨੀ ਵਿਵਾਦ ਦੇ ਚਲਦਿਆਂ ਭੈਣ-ਭਰਾ ਨੇ ਤਾਏ ''ਤੇ ਲਗਾਏ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼

ਬਾਲਿਆਂਵਾਲੀ (ਸ਼ੇਖਰ)-ਨੇੜਲੇ ਪਿੰਡ ਮੰਡੀ ਕਲਾਂ ਦੇ ਇਕ ਭੈਣ ਤੇ ਭਰਾ ਨੇ ਆਪਣੇ ਸਕੇ ਤਾਏ 'ਤੇ ਮਾੜਾ ਸਲੂਕ ਕਰਨ ਤੇ ਜ਼ਮੀਨ-ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਹਨ। ਲਖਵਿੰਦਰ ਸਿੰਘ ਮੰਡੀ ਕਲਾਂ ਨੇ ਦੱਸਿਆ ਕਿ ਮੇਰੇ ਤੇ ਮੇਰੀ ਭੈਣ ਅਮਨਦੀਪ ਕੌਰ ਦੇ ਪਿਤਾ ਦਾ ਦਿਹਾਂਤ ਉਨ੍ਹਾਂ ਦੇ ਛੋਟੇ ਹੁੰਦਿਆਂ ਹੀ ਹੋ ਗਿਆ ਸੀ, ਜਿਸ ਤੋਂ ਬਾਅਦ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੀ ਸਾਡਾ ਜੀਵਨ ਬਤੀਤ ਹੋਇਆ, ਜਦਕਿ ਹੁਣ ਸਾਡਾ ਤਾਇਆ ਸੁਰਿੰਦਰ ਸਿੰਘ ਕਾਕਾ ਸਾਡੀ ਜ਼ਮੀਨ-ਜਾਇਦਾਦ ਹੜੱਪਣਾ ਚਾਹੁੰਦਾ ਹੈ। ਉਕਤ ਜ਼ਮੀਨ ਸਬੰਧੀ ਪਿੰਡ ਦੇ ਮੋਹਤਬਰਾਂ ਵੱਲੋਂ ਉਨ੍ਹਾਂ ਦਾ ਲਿਖਤੀ ਬਟਵਾਰਾ ਵੀ ਕਰਵਾ ਦਿੱਤਾ ਗਿਆ ਸੀ, ਜਿਸ ਦੀ ਇਕ ਫੋਟੋ ਕਾਪੀ ਸਾਡੇ ਕੋਲ ਮੌਜੂਦ ਹੈ ਪਰ ਹੁਣ ਸਾਡਾ ਤਾਇਆ ਇਸ ਸਮਝੌਤੇ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ ਹੈ ਤੇ ਸਾਡਾ ਬਣਦਾ ਹਿੱਸਾ ਦੇਣਾ ਨਹੀਂ ਚਾਹੁੰਦਾ। 
ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਸਾਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਅਮਨਦੀਪ ਕੌਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਸ ਦਾ ਭਰਾ ਤਾਏ ਨਾਲ ਸਾਂਝਾ ਟਰੈਕਟਰ ਲੈ ਕੇ ਕਿਸੇ ਕੰਮ ਗਿਆ ਸੀ ਪਰ ਉਸ ਨੇ ਪ੍ਰੇਸ਼ਾਨ ਕਰਨ ਲਈ ਥਾਣਾ ਬਾਲਿਆਂਵਾਲੀ ਵਿਖੇ ਉਨ੍ਹਾਂ ਵਿਰੁੱਧ ਟਰੈਕਟਰ ਚੋਰੀ ਕਰਨ ਦੀ ਦਰਖਾਸਤ ਦੇ ਦਿੱਤੀ, ਜਦ ਸਾਨੂੰ ਪਤਾ ਲੱਗਿਆ ਤਾਂ ਉਹ ਖੁਦ ਟਰੈਕਟਰ ਲੈ ਕੇ ਥਾਣੇ ਚਲੇ ਗਏ, ਜਿਥੇ ਉਹ ਟਰੈਕਟਰ ਖੜ੍ਹਾਉਣ ਦੀ ਵੀਡੀਓ ਬਣਾ ਰਹੀ ਸੀ ਤਾਂ ਥਾਣਾ ਮੁਖੀ ਰਛਪਾਲ ਸਿੰਘ ਨੇ ਉਸ ਨਾਲ ਬਦਸਲੂਕੀ ਕੀਤੀ । ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਆਈ. ਜੀ. ਬਠਿੰਡਾ ਨੂੰ ਲਿਖਤੀ ਦਰਖਾਸਤ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ।
ਜਦ ਇਸ ਸਬੰਧੀ ਸੁਰਿੰਦਰ ਸਿੰਘ ਕਾਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਦਿਆਂ ਕਿਹਾ ਕਿ ਕੁਝ ਲੋਕ ਉਸ ਦੇ ਭਤੀਜਾ ਤੇ ਭਤੀਜੀ ਨੂੰ ਭੜਕਾ ਕੇ ਅਜਿਹੇ ਦੋਸ਼ ਲਵਾ ਰਹੇ ਹਨ।
ਕੀ ਕਹਿੰਦੇ ਨੇ ਥਾਣਾ ਮੁਖੀ
ਇਸ ਸਬੰਧੀ ਥਾਣਾ ਮੁਖੀ ਰਛਪਾਲ ਸਿੰਘ ਨੇ ਕਿਹਾ ਕਿ ਲੜਕੀ ਨਾਲ ਬਦਸਲੂਕੀ ਕਰਨ ਦੇ ਲਾਏ ਗਏ ਦੋਸ਼ ਬਿਲਕੁਲ ਝੂਠੇ ਹਨ ਅਤੇ ਉਨ੍ਹਾਂ ਕਿਸੇ ਨਾਲ ਕਦੇ ਵੀ ਕੋਈ ਮਾੜਾ ਵਿਵਹਾਰ ਨਹੀਂ ਕੀਤਾ।


Related News