ਜ਼ਮੀਨੀ ਝਗੜੇ ਨੇ ਧਾਰਿਆ ਖੂਨੀ ਰੂਪ, ਖੇਤਾਂ ’ਚ ਕੰਮ ਰਹੇ ਵਿਅਕਤੀ ਨੂੰ ਤਲਵਾਰਾਂ ਨਾਲ ਵੱਢਿਆ

Tuesday, Nov 09, 2021 - 03:39 PM (IST)

ਜ਼ਮੀਨੀ ਝਗੜੇ ਨੇ ਧਾਰਿਆ ਖੂਨੀ ਰੂਪ, ਖੇਤਾਂ ’ਚ ਕੰਮ ਰਹੇ ਵਿਅਕਤੀ ਨੂੰ ਤਲਵਾਰਾਂ ਨਾਲ ਵੱਢਿਆ

ਬਾਲਿਆਂਵਾਲੀ (ਸ਼ੇਖਰ) : ਨੇੜਲੇ ਪਿੰਡ ਭੂੰਦੜ ਵਿਖੇ ਜ਼ਮੀਨ ਲਈ ਹੋਏ ਇਕ ਝਗੜੇ ਵਿਚ ਇਕ ਵਿਅਕਤੀ ਦੇ ਕਤਲ ਅਤੇ 3 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ। ਥਾਣਾ ਬਾਲਿਆਂਵਾਲੀ ਵਿਖੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਹਰਜੀਤ ਸਿੰਘ ਵਾਸੀ ਤਪਾ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਅਸੀਂ 13 ਸਾਲ ਪਹਿਲਾਂ ਪਿੰਡ ਭੂੰਦੜ ਵਿਖੇ 6 ਏਕੜ 1 ਕਨਾਲ 15 ਮਰਲੇ ਜ਼ਮੀਨ ਸਾਧੂ ਸਿੰਘ ਵਾਸੀ ਭੂੰਦੜ ਤੋਂ ਖਰੀਦੀ ਸੀ ਪਰ ਸਾਧੂ ਸਿੰਘ ਦੇ ਭਤੀਜੇ ਬਾਦਲ ਸਿੰਘ ਤੇ ਬਿਰਛਪਾਲ ਸਿੰਘ ਜ਼ਮੀਨ ਦਾ ਕਬਜ਼ਾ ਨਹੀਂ ਛੱਡਦੇ ਸਨ। ਅਸੀਂ ਆਪਣੀ ਬਣਦੀ ਜ਼ਮੀਨ ਵਿਚੋਂ ਜਿਸ ਜ਼ਮੀਨ ਦਾ ਕਬਜ਼ਾ ਵਾਰੰਟ ਰਾਹੀਂ ਲਿਆ ਸੀ, ਉਸ ਵਿਚ ਕਣਕ ਬੀਜੀ ਹੋਈ ਸੀ।

ਬੀਤੇ ਕੱਲ੍ਹ ਮੇਰਾ ਛੋਟਾ ਭਰਾ ਗੁਰਦੇਵ ਸਿੰਘ ਆਪਣੇ 3 ਸਾਥੀਆਂ ਗੁਰਸੇਵਕ ਸਿੰਘ, ਸਤਨਾਮ ਸਿੰਘ ਅਤੇ ਕ੍ਰਿਸ਼ਨ ਸਿੰਘ ਨਾਲ ਭੂੰਦੜ ਵਿਖੇ ਖੇਤ ਵਿਚ ਵੱਟਾਂ ਪਾਉਣ ਗਏ ਸਨ ਤਾਂ ਉਥੇ ਬਾਦਲ ਸਿੰਘ ਤੇ ਬ੍ਰਿਛਪਾਲ ਸਿੰਘ ਨੇ 15-20 ਵਿਅਕਤੀਆਂ ਸਮੇਤ ਉਨ੍ਹਾਂ ’ਤੇ ਗੰਡਾਸਿਆਂ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਉਪਰੰਤ ਰੌਲਾ ਪੈਣ ’ਤੇ ਹਮਲਾਵਰ ਆਪਣੇ ਹਥਿਆਰਾਂ ਸਮੇਤ ਉਥੋਂ ਦੌੜ ਗਏ ਤਾਂ ਉਕਤ ਚਾਰੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਆਦੇਸ਼ ਹਸਪਤਾਲ ਭੁੱਚੋ ਵਿਖੇ ਦਾਖਲ ਕਰਵਾਇਆ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਮੇਰੇ ਭਰਾ ਗੁਰਦੇਵ ਸਿੰਘ ਦੀ ਮੌਤ ਹੋ ਗਈ ਜਦਕਿ ਬਾਕੀ ਤਿੰਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁਖੀ ਦਰਸ਼ਨ ਸਿੰਘ ਨੇ ਕਿਹਾ ਕਿ ਬਾਦਲ ਸਿੰਘ ਤੇ ਬਿਰਛਪਾਲ ਸਿੰਘ ਸਮੇਤ 14 ਵਿਅਕਤੀਆਂ ਖ਼ਿਲਾਫ਼ ਧਾਰਾ 302, 364, 323, 148, 149 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।


author

Gurminder Singh

Content Editor

Related News