ਭੂਆ ਨਾਲ ਜ਼ਮੀਨੀ ਵਿਵਾਦ ਮਗਰੋਂ ਦੂਜੇ ਦਿਨ ਵੀ ਪਾਣੀ ਵਾਲੀ ਟੈਂਕੀ 'ਤੇ ਡਟੀਆਂ ਹਨ ਸਕੀਆਂ ਭੈਣਾਂ

Saturday, Jun 01, 2019 - 06:23 PM (IST)

ਭੂਆ ਨਾਲ ਜ਼ਮੀਨੀ ਵਿਵਾਦ ਮਗਰੋਂ ਦੂਜੇ ਦਿਨ ਵੀ ਪਾਣੀ ਵਾਲੀ ਟੈਂਕੀ 'ਤੇ ਡਟੀਆਂ ਹਨ ਸਕੀਆਂ ਭੈਣਾਂ

ਸ਼ੇਰਪੁਰ,(ਅਨੀਸ਼): ਪਿੰਡ ਰਾਮਨਗਰ ਛੰਨਾਂ ਵਿਖੇ ਭੂਆ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜੀਆਂ ਸਕੀਆਂ ਭੈਣਾਂ ਦੂਜੇ ਦਿਨ ਵੀ ਅੰਤ ਦੀ ਪੈ ਰਹੀ ਗਰਮੀ 'ਚ ਪਾਣੀ ਵਾਲੀ ਟੈਂਕੀ 'ਤੇ ਡਟੀਆਂ ਹੋਈਆਂ ਹਨ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀ ਪੁੱਜਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਛੰਨਾਂ ਨੇ ਦੱਸਿਆ ਕਿ ਪਿੰਡ ਰਾਮਨਗਰ ਛੰਨਾਂ ਦੀਆਂ ਦੋ ਲੜਕੀਆਂ ਜਿਨ੍ਹਾਂ ਦੇ ਪਿਤਾ ਸ਼ਿਵਦਿਆਲ ਸਿੰਘ ਦਾ ਆਪਣੀਆਂ ਭੈਣਾਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਬੀਤੀ ਕੱਲ ਉਸ ਦੀਆਂ ਭੈਣਾਂ ਵਲੋਂ ਧੱਕੇ ਨਾਲ ਵਿਵਾਦ ਵਾਲੀ ਜ਼ਮੀਨ ਤੋਂ ਇਲਾਵਾ ਉਸ ਦੀ ਆਪਣੀ ਕਾਸਤ ਵਾਲੀ ਜ਼ਮੀਨ 'ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਸ ਵਲੋਂ ਵੀ ਪੀੜਤ ਧਿਰ ਦੀ ਮੱਦਦ ਕਰਨ ਦੀ ਜਗ੍ਹਾ ਸ਼ਿਵਦਿਆਲ ਸਿੰਘ ਤੇ ਉਸ ਦੇ ਪੁੱਤਰ ਨੂੰ ਹਿਰਾਸਤ 'ਚ ਲੈ ਲਿਆ ਗਿਆ।ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਪੀੜਤ ਪਰਿਵਾਰ ਨਾਲ ਸ਼ਰੇਆਮ ਧੱਕਾ ਕਰ ਰਿਹਾ ਹੈ, ਜਿਸ ਕਰਕੇ ਮਜ਼ਬੂਰਨ ਸ਼ਿਵਦਿਆਲ ਦੀਆਂ ਲੜਕੀਆਂ ਨੂੰ ਇਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ 'ਤੇ ਚੜਨਾ ਪਿਆ ਪਰ 2 ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸਾਸ਼ਨ ਸਾਇਦ ਕੋਈ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ।

PunjabKesari

ਇਸ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪੀੜਤ ਪਰਿਵਾਰ ਦੇ ਹੱਕ 'ਚ ਖੜਦਿਆਂ ਕਿਹਾ ਕਿ ਉਹ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਆਪਣੇ ਵਲੋਂ ਤੇ ਆਪਣੀ ਪਾਰਟੀ ਵਲੋਂ ਕੋਈ ਕਸਰ ਬਾਕੀ ਨਹੀ ਛੱਡਣਗੇ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਪਰਿਵਾਰ ਨੂੰ ਐਸ. ਡੀ. ਐਮ ਧੂਰੀ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ ਪਰ ਧਰਨੇ 'ਤੇ ਬੈਠੇ ਲੋਕਾਂ ਨੇ ਕਿਹਾ ਕਿ ਜੇਕਰ ਕਿਸੇ ਪ੍ਰਸਾਸ਼ਨਕ ਅਧਿਕਾਰੀ ਨੇ ਗੱਲ ਕਰਨੀ ਹੈ ਤਾਂ ਉਹ ਇਥੇ ਧਰਨੇ ਵਾਲੀ ਸਥਾਨ 'ਤੇ ਆ ਕੇ ਗੱਲ ਕਰ ਸਕਦੇ ਹਨ। ਪ੍ਰਸਾਸ਼ਨ ਵਲੋਂ ਕਿਸੇ ਅਣਸੁਖਾਵੀ ਘਟਨਾਂ ਨੂੰ ਰੋਕਣ ਲਈ ਜਿਥੇ ਪੁਲਸ ਤਾਇਨਾਤ ਕੀਤੀ ਗਈ ਹੈ, ਉਥੇ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਲੜਕੀਆਂ ਪਾਣੀ ਵਾਲੀ ਟੈਂਕੀ 'ਤੇ ਡਟੀਆਂ ਹੋਈਆਂ ਸਨ ਤੇ ਧਰਨੇ 'ਚ ਵੱਡੀ ਗਿਣਤੀ 'ਚ ਲੋਕ ਤੇ ਔਰਤਾਂ ਮੌਜੂਦ ਸਨ। 

PunjabKesari

ਕੀ ਕਹਿੰਦੇ ਨੇ ਥਾਣਾ ਮੁਖੀ

ਜਦੋਂ ਇਸ ਸਬੰਧੀ ਥਾਣਾ ਮੁਖੀ ਜਸਵੀਰ ਸਿੰਘ ਤੂਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਿਵਦਿਆਲ ਸਿੰਘ ਦਾ ਆਪਣੀਆਂ ਭੈਣਾਂ ਨਾਲ ਜਮੀਨੀ ਵਿਵਾਦ ਹੈ ਅਤੇ ਪੁਲੀਸ ਕਿਸੇ ਵੀ ਧਿਰ ਨਾਲ ਕੋਈ ਪੱਖਪਾਤ ਨਹੀ ਕਰ ਰਹੀ । ਪੁਲੀਸ ਵੱਲੋਂ ਤਫਤੀਸ ਕੀਤੀ ਜਾ ਰਹੀ ਹੈ ਜੇਕਰ ਦੋਵਾਂ ਧਿਰਾਂ ਵਿਚੋ ਕੋਈ ਵੀ ਕਸੂਰਵਾਰ ਪਾਇਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ । ਉਨਾਂ ਕਿਹਾ ਕਿ ਟੈਂਕੀ ਤੇ ਚੜਨ ਨਾਲ ਕਿਸੇ ਮਾਮਲੇ ਦਾ ਹੱਲ ਨਹੀ ਹੁੰਦਾ , ਇਸ ਲਈ ਦੋਵਾਂ ਧਿਰਾਂ ਨੂੰ ਬੈਠਕੇ ਗੱਲ ਕਰਨੀ ਚਾਹੀਦੀ ਹੈ ।


Related News