ਜ਼ਮੀਨ ਵਿੱਕਰੀ ਮਾਮਲੇ ’ਚ 12 ਲੱਖ ਦੀ ਠੱਗੀ

Wednesday, Aug 24, 2022 - 05:56 PM (IST)

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਸ਼ਰਕੀ ਨਿਵਾਸੀ ਨਛੱਤਰ ਸਿੰਘ ਨੂੰ ਜ਼ਮੀਨ ਵਿੱਕਰੀ ਮਾਮਲੇ ’ਚ 12 ਲੱਖ ਰੁਪਏ ਦਾ ਚੂਨਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਨਛੱਤਰ ਸਿੰਘ ਨੇ ਕਿਹਾ ਕਿ ਉਸਨੇ ਦਸੰਬਰ 2020 ਵਿਚ ਮਹਿੰਦਰ ਸਿੰਘ ਨਿਵਾਸੀ ਪਿੰਡ ਦੌਧਰ ਸ਼ਰਕੀ ਨਾਲ 10 ਕਨਾਲ 7 ਮਰਲੇ ਜ਼ਮੀਨ ਦਾ ਇਕਰਾਰ ਨਾਮਾ ਕੀਤਾ ਸੀ ਅਤੇ ਉਸਨੇ 12 ਲੱਖ ਰੁਪਏ ਇਕਰਾਰਨਾਮਾ ਕਰਨ ਸਮੇਂ ਉਸ ਨੂੰ ਦਿੱਤੇ ਸਨ ਪਰ ਕਥਿਤ ਦੋਸ਼ੀ ਨੇ ਨਾ ਤਾਂ ਉਸਨੂੰ ਪੈਸੇ ਮੋੜੇ ਅਤੇ ਨਾ ਹੀ ਜ਼ਮੀਨ ਦੀ ਰਜਿਸਟਰੀ ਕਰਵਾਈ।

ਇਸ ਤਰ੍ਹਾਂ ਕਥਿਤ ਦੋਸ਼ੀ ਨੇ ਮੇਰੇ ਨਾਲ ਧੋਖਾਦੇਹੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਐੱਸ ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀ ਮੁਹਿੰਦਰ ਸਿੰਘ ਖਿਲਾਫ ਥਾਣਾ ਸਿਟੀ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲਰੀ ਜਾਂਚ ਸਹਾਇਕ ਥਾਣੇਦਾਰ ਬੂਟਾ ਸਿੰਘ ਕਰ ਰਹੇ ਹਨ, ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News