ਮੰਤਰੀ ਕਟਾਰੂਚੱਕ ਤੋਂ ਜਾਣੋ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਕਦੋਂ ਹੋਣਗੇ ਪੱਕੇ, ਨਵੀਆਂ ਭਰਤੀਆਂ ਬਾਰੇ ਕਹੀ ਇਹ ਗੱਲ

Saturday, Aug 20, 2022 - 04:37 PM (IST)

ਮੰਤਰੀ ਕਟਾਰੂਚੱਕ ਤੋਂ ਜਾਣੋ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਕਦੋਂ ਹੋਣਗੇ ਪੱਕੇ, ਨਵੀਆਂ ਭਰਤੀਆਂ ਬਾਰੇ ਕਹੀ ਇਹ ਗੱਲ

ਜਲੰਧਰ- ਪੰਜਾਬ ’ਚ 26 ਹਜ਼ਾਰ ਤੋਂ ਵਧੇਰੇ ਖਾਲੀ ਆਸਾਮੀਆਂ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਉਹ ਕੰਮ ਹਨ, ਜੋ ਪਹਿਲੀਆਂ ਸਰਕਾਰਾਂ ਵੋਟਾਂ ਤੋਂ ਦੋ-ਤਿੰਨ ਮਹੀਨੇ ਪਹਿਲਾਂ ਕਰਦੀਆਂ ਸਨ ਪਰ ਸਾਡੀ ਸਰਕਾਰ ਨੇ ਸ਼ੁਰੂਆਤ ਹੀ ਨੌਕਰੀਆਂ ਦੇਣ ਤੋਂ ਕੀਤੀ ਹੈ। ਇਹ ਕਹਿਣਾ ਹੈ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦਾ। ਇਸ ਦੇ ਇਲਾਵਾ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ, ਅੱਖਾਂ ਦੇ ਮਰੀਜ਼ਾਂ ਲਈ ਕੈਂਪ ਲਗਾਉਣੇ, ਖ਼ੂਨਦਾਨ ਕੈਂਪ ਲਗਾਉਣੇ ਅਤੇ ਹੋਰ ਸਮਾਜਿਕ ਕੰਮ ਕਰਦਿਆਂ ਇਹ ਮਹਿਸੂਸ ਕੀਤਾ ਕਿ ਸਿਆਸੀ ਬਦਲਾਅ ਤੋਂ ਬਿਨਾਂ ਸਮਾਜਿਕ ਕੰਮ ਇਕ ਹੱਦ ਤੱਕ ਹੀ ਕੀਤੇ ਜਾ ਸਕਦੇ ਹਨ। ਇਸੇ ਵਜ੍ਹਾ ਨੇ ਸਿਆਸੀ ਪਿੜ ’ਚ ਪੈਰ ਪਾਉਣ ਲਈ ਰਾਹ ਬਣਾਇਆ।

ਇਹ ਵੀ ਪੜ੍ਹੋ: ਜਲੰਧਰ ’ਚ ਫਰੈਸ਼ ਬਾਈਟ ਵਾਲੇ ਪਿੱਜ਼ਾ ਕੱਪਲ ਦਾ ਪੈ ਗਿਆ ਰੌਲਾ, ਲੋਕਾਂ ਨੇ ਘੇਰੀ ਦੁਕਾਨ

ਨਵੀਆਂ ਭਰਤੀਆਂ ਜਾਂ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕੋਈ ਯੋਜਨਾ ਹੈ?

ਪੰਜਾਬ ’ਚ 26 ਹਜ਼ਾਰ ਤੋਂ ਵਧੇਰੇ ਖਾਲੀ ਆਸਾਮੀਆਂ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਉਹ ਕੰਮ ਹਨ, ਜੋ ਪਹਿਲੀਆਂ ਸਰਕਾਰਾਂ ਵੋਟਾਂ ਤੋਂ ਦੋ-ਤਿੰਨ ਮਹੀਨੇ ਪਹਿਲਾਂ ਕਰਦੀਆਂ ਸਨ ਪਰ ਸਾਡੀ ਸਰਕਾਰ ਨੇ ਸ਼ੁਰੂਆਤ ਹੀ ਨੌਕਰੀਆਂ ਦੇਣ ਤੋਂ ਕੀਤੀ ਹੈ। ਪਿਛਲੀ ਸਰਕਾਰ ਵੇਲੇ ਜਿਨ੍ਹਾਂ ਵਿਅਕਤੀਆਂ ਦੀਆਂ ਇੰਟਰਵਿਊਜ਼ ਹੋਈਆਂ, ਅਸੀਂ ਉਨ੍ਹਾਂ ਨੂੰ ਵੀ ਕੰਸੀਡਰ ਕਰ ਰਹੇ ਹਾਂ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਦੀ ਅਗਵਾਈ ’ਚ ਕੈਬਨਿਟ ਦੀ ਇਕ ਸਬ-ਕਮੇਟੀ ਬਣੀ ਹੈ। ਸਿੱਖਿਆ, ਫੂਡ ਸਪਲਾਈ ਤੇ ਹੋਰ ਮਹਿਕਮਿਆਂ ਵਿਚ ਵੀ ਜਲਦ ਹੀ ਵੱਧ ਤੋਂ ਵੱਧ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ।

ਦਾਮੀ ਪਹਿਲਾਂ ਢਾਈ ਫ਼ੀਸਦੀ ਸੀ, ਹੁਣ ਪ੍ਰਤੀ ਕੁਇੰਟਲ 46 ਰੁਪਏ ਦਿੱਤਾ ਜਾ ਰਿਹਾ। ਆੜ੍ਹਤੀਆਂ ਮੁਤਾਬਕ ਉਨ੍ਹਾਂ ਨੂੰ ਪੈ ਰਿਹਾ ਘਾਟਾ ਕੀ ਤੁਹਾਡੇ ਧਿਆਨ ’ਚ ਹੈ?

ਅਸੀਂ ਝੋਨੇ ਦੀ ਫ਼ਸਲ ਨੂੰ ਲੈ ਕੇ ਇਕ ਪਾਲਿਸੀ ਬਣਾਈ ਹੈ। ਪਹਿਲੀਆਂ ਸਰਕਾਰਾਂ ’ਚ ਅਸਰਰਸੂਖ਼ ਵਾਲੇ ਅਤੇ ਤਜਰਬੇਕਾਰ ਲੋਕ ਟੈਂਡਰ ਲੈ ਜਾਂਦੇ ਸਨ। ਹੁਣ ਸਾਡੀ ਸਰਕਾਰ ਮੌਕੇ ਕੋਈ ਵੀ ਤਜਰਬੇਕਾਰ ਜਾਂ ਗ਼ੈਰ-ਤਜਰਬੇਕਾਰ ਵਿਅਕਤੀ ਟੈਂਡਰ ਪਾ ਸਕਦਾ ਹੈ। ਅਸੀਂ ਮਿੱਲ ਮਾਲਕਾਂ ਲਈ ਵੀ ਕੈਟਾਗਰੀਆਂ ਤੈਅ ਕਰ ਦਿੱਤੀਆਂ ਹਨ। ਜਿੰਨੀ ਕਿਸੇ ਮਿੱਲ ਦੀ ਸਮਰੱਥਾ ਹੈ, ਉਸੇ ਮੁਤਾਬਕ ਉਸ ਨੂੰ ਝੋਨੇ ਦੀ ਫ਼ਸਲ ਮਿਲੇਗੀ। ਇਸ ਗੱਲ ਤੋਂ ਮਿੱਲ ਮਾਲਕ ਵੀ ਖ਼ੁਸ਼ ਹਨ।

ਇਹ ਵੀ ਪੜ੍ਹੋ: ਘਰ-ਘਰ ਰਾਸ਼ਨ ਯੋਜਨਾ ਦਾ ਡ੍ਰਾਫਟ ਤਿਆਰ, ਜਾਣੋ ਸਰਕਾਰ ਦੀ ਨੀਤੀ 'ਤੇ ਕੀ ਬੋਲੇ ਮੰਤਰੀ ਕਟਾਰੂਚੱਕ

ਸੰਗਤ ਸਿੰਘ ਗਿਲਜੀਆਂ ਮਾਮਲੇ ’ਤੇ ਸਰਕਾਰ ਦਾ ਪੁਲੰਦਾ ਤਿਆਰ ਹੈ?

ਮੈਂ ਇਸ ਬਾਰੇ ਅਜੇ ਕੁਝ ਨਹੀਂ ਕਹਿ ਸਕਦਾ ਪਰ ਜਿਨ੍ਹਾਂ ਲੋਕਾਂ ਨੇ ਵੀ ਪੰਜਾਬ ਦੀ ਆਰਥਿਕਤਾ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਹੀ ਕਾਰਵਾਈ ਹੋਵੇਗੀ। ਭਗਵੰਤ ਮਾਨ ਸਰਕਾਰ ਦੀ ਸਪੱਸ਼ਟ ਪਾਲਿਸੀ ਹੈ ਕਿ ਜਿਨ੍ਹਾਂ ਨੇ ਵੀ ਇਕ ਬੂਟਾ ਲਾਉਣ, ਕਟਾਈ ਕਰਨ ਜਾਂ ਮੁਲਾਜ਼ਮਾਂ ਦੀਆਂ ਬਦਲੀਆਂ ਕਰਨ ਲਈ ਪੈਸੇ ਖਾਧੇ ਹਨ, ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਵਿਰੋਧੀਆਂ ਮੁਤਾਬਕ ਤੁਹਾਡੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਅਤੇ ਹਰ ਕੰਮ ਲਈ ਇਜਾਜ਼ਤ ਲੈਣੀ ਪੈਂਦੀ ਹੈ। ਸੱਚਾਈ ਕੀ ਹੈ?

ਸਾਡੀ ਪਾਰਟੀ ਇਕ ਨੈਸ਼ਨਲ ਪਾਰਟੀ ਹੈ ਤੇ ਬੜੀ ਤੇਜ਼ੀ ਨਾਲ ਪਾਰਟੀ ਦਾ ਵਿਕਾਸ ਹੋਇਆ ਹੈ, ਇਸ ਲਈ ਸੰਭਾਵਨਾਵਾਂ ਬਹੁਤ ਵੱਡੀਆਂ ਹਨ। ਲੋਕ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਹਨ। ਸਾਡੀ ਨੈਸ਼ਨਲ ਪਾਰਟੀ ਹੋਣ ਕਰਕੇ ਸਾਨੂੰ ਗਾਈਡਲਾਈਨਜ਼ ਵੀ ਉਥੋਂ ਹੀ ਮਿਲਣੀਆਂ ਹਨ। ਉਹ ਸਾਡੇ ਲੀਡਰ ਹਨ। ਅਸੀਂ ਉਨ੍ਹਾਂ ਨੂੰ ਸੁਣਦੇ ਵੀ ਹਾਂ ਤੇ ਗੱਲਾਂ ਵੀ ਕਰਦੇ ਹਾਂ ਪਰ ਸਾਡੇ ’ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਮੈਂ ਆਪਣੇ ਵਿਭਾਗ ਦੇ ਹਰ ਤਰ੍ਹਾਂ ਦੇ ਫ਼ੈਸਲੇ ਲੈਣ ਲਈ ਆਜ਼ਾਦ ਹਾਂ। ਮੈਂ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਦਿੱਤਾ। ਅੱਜ ਮੈਂ ਜਿਸ ਮੁਕਾਮ ’ਤੇ ਹਾਂ, ਰਵਾਇਤੀ ਪਾਰਟੀਆਂ ’ਚ ਉਸ ’ਤੇ ਪਹੁੰਚਣ ਦਾ ਕੋਈ ਸੋਚ ਵੀ ਨਹੀਂ ਸਕਦਾ। ਮੇਰੇ ਕੋਲ ਨਾ ਤਾਂ ਪੈਸਾ ਸੀ ਤੇ ਨਾ ਹੀ ਕੋਈ ਪ੍ਰਾਪਰਟੀ। ਮੇਰੀ ਲੜਾਈ ਤਾਂ ਲੋਕਾਂ ਨੇ ਹੀ ਲੜੀ ਹੈ। ਮੇਰੀ ਪਾਰਟੀ ਨੇ ਮੇਰੇ ਹਲਕੇ ਦੇ ਲੋਕਾਂ ਦਾ ਸਿਰ ਉੱਚਾ ਕੀਤਾ ਹੈ।

ਇਹ ਵੀ ਪੜ੍ਹੋ: ਬ੍ਰਹਮਸ਼ੰਕਰ ਜ਼ਿੰਪਾ ਦੇ ਨਾਂ 'ਤੇ ਠੱਗੀ ਦੀ ਕੋਸ਼ਿਸ਼, ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਹੈਰਾਨੀਜਨਕ ਸੱਚ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News