ਲੁਟੇਰਿਆਂ ਦੇ ਹੌਸਲੇ ਬੁਲੰਦ, ਲੁਧਿਆਣਾ ’ਚ ਤੇਲ ਕਾਰੋਬਾਰੀ ਦੇ ਦਫ਼ਤਰ ’ਚੋਂ ਲੁੱਟੇ ਲੱਖਾਂ ਰੁਪਏ

04/08/2022 11:16:00 PM

ਲੁਧਿਆਣਾ (ਤਰੁਣ ਜੈਨ) : ਥਾਣਾ ਕੋਤਵਾਲੀ ਦੇ ਇਲਾਕੇ ਕੇਸਰ ਗੰਜ ਮੰਡੀ ’ਚ ਅਰੋੜਾ ਐਂਡ ਕੰਪਨੀ ਨਾਂ ਦੀ ਫਰਮ ਤੋਂ ਗੰਨ ਪੁਆਇੰਟ ’ਤੇ ਲੁੱਟ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ 3 ਲੁਟੇਰੇ ਕੰਪਨੀ ਦੇ ਦਫਤਰ ’ਚ ਦਾਖ਼ਲ ਹੋਏ ਅਤੇ ਗੰਨ ਪੁਆਇੰਟ ’ਤੇ ਲੱਖਾਂ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਫਿਲਹਾਲ ਲੁੱਟ ਦੀ ਨਕਦੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਸੂਤਰਾਂ ਮੁਤਾਬਕ ਇਹ ਨਕਦੀ 60-70 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਰੋੜਾ ਐਂਡ ਕੰਪਨੀ ਦਾ ਤੇਲ ਦੀ ਟ੍ਰੇਡਿੰਗ ਦਾ ਕਾਰੋਬਾਰ ਹੈ ਅਤੇ ਇਨ੍ਹਾਂ ਦਾ ਹੋਲਸੇਲ ਦਾ ਕੰਮ ਹੈ। ਇਸ ਦੇ ਮਾਲਕ ਦਾ ਨਾਂ ਰਾਜੂ ਅਰੋੜਾ ਹੈ। ਘਟਨਾ ਦੇਰ ਸ਼ਾਮ ਕਰੀਬ 7.15 ਵਜੇ ਕੰਪਨੀ ’ਚ 3 ਮੋਟਰਸਾਈਕਲ ਸਵਾਰ ਲੁਟੇਰੇ ਦਾਖਲ ਹੋਏ, ਜਿਨ੍ਹਾਂ ਨੇ ਕਾਊਂਟਰ ’ਤੇ ਬੈਠੇ ਕਰਮਚਾਰੀ ਯਾਦਵ ਦੀ ਕਨਪਟੀ ’ਤੇ ਬੰਦੂਕ ਤਾਣ ਦਿੱਤੀ। 2 ਲੁਟੇਰਿਆਂ ਨੇ ਮਜ਼ਦੂਰ ਦੇ ਸੱਜੇ ਅਤੇ ਖੱਬੇ ਪਾਸੇ ਗੰਨ ਤਾਣ ਦਿੱਤੀ ਅਤੇ ਉਥੇ ਪਈ ਸਾਰੀ ਨਕਦੀ ਬੋਰੇ ’ਚ ਭਰ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਮੇਰਾ ਤਾਂ ਘਰ ਵੀ ਪਲੱਸਤਰ ਨੀਂ ਹੋਇਆ ਪਰ ਮੇਰੇ ਲੋਕਾਂ ਨੇ ਚੰਨੀ ਦੀਆਂ ਨੀਹਾਂ ਉਖਾੜ ਦਿੱਤੀਆਂ : ਉੱਗੋਕੇ (ਵੀਡੀਓ)

ਸੂਚਨਾ ਮਿਲਦੇ ਹੀ ਏ.ਸੀ.ਪੀ. ਸੈਂਟਰਲ ਹਰਸਿਮਰਤ ਸਿੰਘ, ਥਾਣਾ ਕੋਤਵਾਲੀ ਦੇ ਇੰਚਾਰਜ ਹਰਜਿੰਦਰ ਸਿੰਘ, ਫਿੰਗਰ ਐਕਸਪਰਟ ਅਤੇ ਡੌਗ ਸਕੁਐਡ ਟੀਮ ਮੌਕੇ ’ਤੇ ਪਹੁੰਚ ਗਈ। ਆਸ-ਪਾਸ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਰੋੜਾ ਐਂਡ ਕੰਪਨੀ ਦਾ ਥੋਕ ਦਾ ਕੰਮ ਹੋਣ ਕਾਰਨ ਦਫ਼ਤਰ ’ਚ ਵੱਡੀ ਮਾਤਰਾ ਵਿੱਚ ਨਕਦੀ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਕੰਪਨੀ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਵੱਡੀ ਗਿਣਤੀ ’ਚ ਪੁਲਸ ਕੰਪਨੀ ਦੇ ਮਾਲਕ ਦੇ ਨਾਲ ਅੰਦਰ ਬੈਠੀ ਹੈ। ਲੁਟੇਰਿਆਂ ਨੇ ਸਿਰਫ 4 ਮਿੰਟਾਂ ’ਚ ਇੰਨੀ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਲੁਟੇਰੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਦਫਤਰ ਵਿਚ ਲੱਖਾਂ ਦੀ ਨਕਦੀ ਪਈ ਹੈ। ਥਾਣਾ ਕੋਤਵਾਲੀ ਦੀ ਪੁਲਸ ਨੇ ਅਰੋੜਾ ਐਂਡ ਕੰਪਨੀ ਦੇ ਮਾਲਕ ਦੇ ਬਿਆਨ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਬਾਅਦ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਪੁਲਸ ਕਮਿਸ਼ਨਰਾਂ ਤੇ SSPs ਦੇ ਹੋਏ ਤਬਾਦਲੇ

ਕੀ ਕਹਿਣਾ ਹੈ ACP ਹਰਸਿਮਰਤ ਦਾ
ਇਸ ਸਬੰਧੀ ਏ.ਸੀ.ਪੀ. ਸੈਂਟਰਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਦਫ਼ਤਰ ’ਚ 3-4 ਦਿਨਾਂ ਤੋਂ ਨਕਦੀ ਪਈ ਸੀ। ਅਰੋੜਾ ਐਂਡ ਕੰਪਨੀ ਦੇ ਦਫ਼ਤਰ ’ਚ ਅਜੈ ਯਾਦਵ ਕੋਲ ਨਕਦੀ ਪਈ ਸੀ, ਜਿਸ ਨੂੰ 3 ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਲੁੱਟ ਲਿਆ। ਪੁਲਸ ਨੇ ਕੰਪਲੈਕਸ ਦੇ ਬਾਹਰਲੇ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਹੈ। ਲੁਟੇਰੇ ਕਿਸ ਪਾਸਿਓਂ ਆਏ ਅਤੇ ਕਿੱਥੇ ਗਏ? ਪੁਲਸ ਨੇ ਹਰ ਪਹਿਲੂ ਨੂੰ ਧਿਆਨ ’ਚ ਰੱਖ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ, ਕਿਹਾ-SGPC ਲਾਂਚ ਕਰੇ ਆਪਣਾ ਚੈਨਲ

ਸੂਚਨਾ ਮਿਲਣ ਤੋਂ 1 ਘੰਟੇ ਬਾਅਦ ਪਹੁੰਚਿਆ ਮਾਲਕ 
ਅਰੋੜਾ ਐਂਡ ਕੰਪਨੀ ਦੇ ਮਾਲਕ ਰਾਜੂ ਅਰੋੜਾ ਨਾਲ ਸੰਪਰਕ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਆਪਣੇ ਮੋਬਾਈਲ ’ਤੇ ਵਰਕਰ ਵੱਲੋਂ ਲੁੱਟ ਦੀ ਸੂਚਨਾ ਦਿੱਤੀ ਗਈ ਸੀ। ਜਿਸ ਸਮੇਂ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਸਮੇਂ ਰਾਜੂ ਅਰੋੜਾ ਕਿਸੇ ਨਿੱਜੀ ਕੰਮ ਲਈ ਮੁੱਲਾਂਪੁਰ ਦਾਖਾ ਵਿਖੇ ਸੀ। ਉਹ ਤੁਰੰਤ ਦੁਕਾਨ ’ਤੇ ਪਹੁੰਚ ਗਿਆ। ਲੁੱਟ ਦੀ ਰਕਮ ਬਾਰੇ ਪੁੱਛਣ ’ਤੇ ਉਸ ਨੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਕਿ ਕਿੰਨੀ ਰਕਮ ਲੁੱਟੀ ਗਈ ਹੈ। ਕੁੱਲ ਮਿਲਾ ਕੇ ਟੈਕਸ ਵਿਭਾਗ ਅਤੇ ਲੁੱਟੀ ਗਈ ਰਕਮ ਦੀ ਜਾਣਕਾਰੀ ਜਨਤਕ ਹੋਣ ਦੇ ਡਰੋਂ ਵਪਾਰੀ ਵੱਲੋਂ ਟਾਲਮਟੋਲ ਵਾਲਾ ਜਵਾਬ ਮਿਲਿਆ ਹੈ, ਜਦਕਿ ਸੂਤਰਾਂ ਅਨੁਸਾਰ ਲੁੱਟੀ ਗਈ ਨਕਦੀ 60-70 ਲੱਖ ਦੇ ਕਰੀਬ ਹੈ।


Manoj

Content Editor

Related News