ਲਖੀਮਪੁਰ ਖੀਰੀ ਘਟਨਾ ਦੀ ਨਿਰਪੱਖ ਜਾਂਚ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖ਼ਾਸਤਗੀ ਜ਼ਰੂਰੀ: ਸੁਖਜਿੰਦਰ ਰੰਧਾਵਾ

10/12/2021 3:36:12 PM

ਗੜ੍ਹਦੀਵਾਲਾ (ਜਤਿੰਦਰ,ਮੋਮੀ) : ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਨਾਲ ਵਾਪਰੀ ਅਤਿ-ਮੰਦਭਾਗੀ ਘਟਨਾ ਦੀ ਨਿਰਪੱਖ ਜਾਂਚ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਕੇਂਦਰੀ ਵਜ਼ਾਰਤ ਵਿੱਚੋਂ ਬਰਖ਼ਾਸਤਗੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਦਾ ਪੁੱਤਰ ਘਟਨਾ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੈ।ਇੱਥੋਂ ਨੇੜਲੇ ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਅਤੇ ਉਦੈਵੀਰ ਸਿੰਘ ਰੰਧਾਵਾ ਸਮੇਤ ਨਤਮਸਤਕ ਹੋਣ ਉਪਰੰਤ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਬਹੁਤ ਹੀ ਦੁਖਦਾਇਕ ਹੈ ਜਿੱਥੇ ਕਿਸਾਨਾਂ ਨੂੰ ਬੇਰਹਿਮੀ ਨਾਲ ਦਰੜਿਆ ਗਿਆ। ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਗੱਲ ਹੈ ਕਿ ਦੇਸ਼ ਦੇ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਘਟਨਾ ਵਿੱਚ ਸ਼ਾਮਲ ਹੈ ਜਿਸ ਦੀ ਪੂਰੇ ਮੁਲਕ ਵਿੱਚ ਸਖਤ ਨਿਖੇਧੀ ਹੋ ਰਹੀ ਹੈ।

ਇਹ ਵੀ ਪੜ੍ਹੋ :  ਅਕ੍ਰਿਤਘਣ ਪੁੱਤਰ! ਗੁੱਸੇ 'ਚ ਆਏ ਨੇ ਪਿਓ ਨੂੰ ਮਾਰਿਆ ਧੱਕਾ, ਕੰਧ 'ਚ ਸਿਰ ਵੱਜਣ ਕਾਰਨ ਤਿਆਗੇ ਪ੍ਰਾਣ

ਉਨ੍ਹਾਂ ਕਿਹਾ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਅਜੇ ਮਿਸ਼ਰਾ ਵੱਲੋਂ ਕਿਸਾਨੀ ਸ਼ੰਘਰਸ਼ ਅਤੇ ਕਿਸਾਨਾਂ ਪ੍ਰਤੀ ਇਕ ਗ਼ੈਰ-ਜ਼ਿੰਮੇਵਾਰਾਨਾ ਅਤੇ ਵਿਵਾਦਿਤ ਬਿਆਨ ਦੇਣਾ ਬਹੁਤ ਹੀ ਨਿੰਦਣਯੋਗ ਹੈ ਜਿਸ ਲਈ ਮਿਸ਼ਰਾ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਰੰਧਾਵਾ ਨੇ ਕਿਹਾ ਕਿ ਘਟਨਾ ਦੀ ਨਿਰਪੱਖ ਜਾਂਚ ਦੇ ਮੱਦੇਨਜ਼ਰ ਅਜੇ ਮਿਸ਼ਰਾ ਨੂੰ ਤੁਰੰਤ ਕੇਂਦਰੀ ਵਜ਼ਾਰਤ ‘ਚੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਖੀਮਪੁਰ ਵਿੱਚ ਵਸੇਬਾ ਕਰਕੇ ਪੰਜਾਬੀਆਂ ਨੇ ਖੇਤੀਬਾੜੀ ਖੇਤਰ ਵਿੱਚ ਨਵੇਂ ਦਿਸਹੱਦੇ ਕਾਇਮ ਕੀਤੇ ਹਨ ਅਤੇ ਮੌਜੂਦਾ ਸਮੇਂ ਕਿਸਾਨਾਂ ’ਤੇ ਅਜਿਹਾ ਤਸ਼ੱਦਦ ਕਦੇ ਵੀ ਸਹਿਣਯੋਗ ਨਹੀਂ ਹੈ ।ਪੰਜਾਬ ਵਿੱਚ ਬਿਜਲੀ ਸਪਲਾਈ ਦੀ ਸਥਿਤੀ ਸਬੰਧੀ ਰੰਧਾਵਾ ਨੇ ਕਿਹਾ ਕਿ ਕੋਇਲਾ ਨਾ ਆਉਣ ਕਾਰਨ ਮੌਜੂਦਾ ਸਮੇਂ ਇਹ ਦੇਸ਼ ਪੱਧਰੀ ਸਮੱਸਿਆ ਬਣੀ ਹੋਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਖਪਤਕਾਰਾਂ ਦੀ ਸਹੂਲਤ ਲਈ ਮਹਿੰਗੀ ਬਿਜਲੀ ਲੈ ਕੇ ਲੋਕਾਂ ਦੀ ਲੋੜ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਇਲੇ ਦੀਆਂ ਰੇਲਾਂ ਚੱਲ ਪਈਆਂ ਹਨ ਅਤੇ ਪੰਜਾਬ ਸਰਕਾਰ ਦੋ-ਤਿੰਨ ਦਿਨ ਵਿੱਚ ਇਸ ਸਮੱਸਿਆ ਦੇ ਹੱਲ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਨੂੰ ਪਾਣੀ ਲਈ ਹਰ ਹਾਲ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ ।

ਇਹ ਵੀ ਪੜ੍ਹੋ :  ਗੈਰ-ਕਾਨੂੰਨੀ ਹਥਿਆਰਾਂ ਦੀ ਆਨਲਾਈਨ ਸਮਗਲਿੰਗ, ਗ੍ਰਾਹਕਾਂ ਤੱਕ ਇਸ ਤਰ੍ਹਾਂ ਪਹੁੰਚ ਰਹੇ ਹਥਿਆਰ

ਬੇਅਦਬੀ ਦੀਆ ਘਟਨਾਵਾਂ ਸਬੰਧੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਵਿੱਚ ਲੋੜੀਂਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਆਈ.ਜੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿਚ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਸਾਰੇ ਦੋਸ਼ੀਆਂ ਨੂੰ ਕਾਬੂ ਕਰਕੇ ਪੰਜਾਬੀਆਂ ਨੂੰ ਨਿਆਂ ਦਿਵਾਇਆ ਜਾਵੇਗਾ।ਪੰਜਾਬ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚੋਂ ਸਾਰੀਆਂ ਅਲਾਮਤਾਂ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਲਈ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਸਮਾਜਿਕ ਬੁਰਾਈਆਂ ਦਾ ਜੜ੍ਹੋਂ ਸਫ਼ਾਇਆ ਹੋ ਸਕੇ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਜੰਗਲਾਤ ਤੇ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ, ਉਦੈਵੀਰ ਸਿੰਘ ਰੰਧਾਵਾ ਆਦਿ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਬਾਬਾ ਸੇਵਾ ਸਿੰਘ ਜੀ ਨੇ ਉਪ ਮੁੱਖ ਮੰਤਰੀ ਅਤੇ ਉਦੈਵੀਰ ਸਿੰਘ ਨੂੰ ਸਿਰੋਪਾਓ ਬਖਸ਼ਿਸ਼ ਕੀਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਜਸਵਿੰਦਰ ਸਿੰਘ, ਬਲਾਕ ਸੰਮਤੀ ਭੂੰਗਾ ਦੀ ਵਾਈਸ ਪ੍ਰਧਾਨ ਸੁਖਿਵੰਦਰ ਕੌਰ, ਮੈਂਬਰ ਬਲਾਕ ਸੰਮਤੀ ਹਰਵਿੰਦਰ ਸਿੰਘ, ਗੁਰਦੁਆਰਾ ਸਾਹਿਬ ਦੇ ਮੈਨੇਜਰ ਸੁਖਬੀਰ ਸਿੰਘ, ਹੈਡ ਗ੍ਰੰਥੀ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਦੀਦਾਰ ਸਿੰਘ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ’ਚ ਰੋੜਾ ਬਣਿਆ ਪਤੀ, ਪਤਨੀ ਨੇ ਪ੍ਰੇਮੀ ਤੇ ਭਰਾ ਨਾਲ ਮਿਲ ਕੇ ਕੀਤਾ ਕਤਲ


Shyna

Content Editor

Related News