ਸਾਈਨ ਬੋਰਡਾਂ ''ਤੇ ਕਾਲਖ ਮਲਣ ਕਾਰਨ ਬਾਬਾ ਹਰਦੀਪ ਤੇ ਲੱਖਾ ਸਿਧਾਣਾ ਨਾਮਜ਼ਦ

Thursday, Apr 05, 2018 - 03:31 AM (IST)

ਸਾਈਨ ਬੋਰਡਾਂ ''ਤੇ ਕਾਲਖ ਮਲਣ ਕਾਰਨ ਬਾਬਾ ਹਰਦੀਪ ਤੇ ਲੱਖਾ ਸਿਧਾਣਾ ਨਾਮਜ਼ਦ

ਬਠਿੰਡਾ(ਸੁਖਵਿੰਦਰ)-ਸਿਵਲ ਲਾਈਨ ਪੁਲਸ ਵੱਲੋਂ ਵੱਖ-ਵੱਖ ਥਾਵਾਂ 'ਤੇ ਸਰਕਾਰੀ ਦਫ਼ਤਰਾਂ ਦੇ ਬਾਹਰ ਲੱਗੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਦੇ ਸਾਈਨ ਬੋਰਡਾਂ 'ਤੇ ਕਾਲਖ ਮਲਣ ਦੇ ਦੋਸ਼ਾਂ ਤਹਿਤ ਅੱਜ ਕੁਲ 4 ਮੁਕੱਦਮੇ ਦਰਜ ਕੀਤੇ ਹਨ, ਜੋ ਪਹਿਲਾਂ ਅਣਪਛਾਤੇ ਵਿਅਕਤੀਆਂ ਵਿਰੁੱਧ ਸਨ ਪਰ ਹੁਣ ਲਖਵੀਰ ਸਿੰਘ ਲੱਖਾ ਸਿਧਾਣਾ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ 'ਚ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਆਧਾਰ 'ਤੇ ਲਿਖਣ ਲਈ ਪੰਜਾਬੀ ਕਲਾ ਪ੍ਰੇਮੀਆਂ ਵੱਲੋਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਪਹਿਲਾਂ ਵੀ ਸਾਈਨ ਬੋਰਡਾਂ 'ਤੇ ਕਾਲਖ ਮਲੀ ਜਾ ਚੁੱਕੀ ਹੈ। ਬੀਤੇ ਦਿਨੀਂ ਫਿਰ ਤੋਂ ਪੰਜਾਬੀ ਪ੍ਰੇਮੀਆਂ ਵੱਲੋਂ ਸ਼ਹਿਰ ਦੇ ਸਰਕਾਰੀ ਦਫ਼ਤਰਾਂ ਦੇ ਬਾਹਰ ਲੱਗੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਲਿਖਤ ਸਾਈਨ ਬੋਰਡਾਂ 'ਤੇ ਕਾਲਖ ਮਲ ਕੇ ਵਿਰੋਧ ਜਤਾਇਆ ਗਿਆ ਸੀ। ਇਸ ਤੋਂ ਬਾਅਦ ਇਨਕਮ ਟੈਕਸ ਕਮਿਸ਼ਨਰ ਵੱਲੋਂ ਸਿਵਲ ਲਾਈਨ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਉਸ ਦੇ ਦਫਤਰ ਦੇ ਬਾਹਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਲਿਖਤ ਸਾਈਨ ਬੋਰਡ ਲੱਗੇ ਹੋਏ ਸਨ। ਬੀਤੇ ਦਿਨੀਂ ਕੁਝ ਵਿਅਕਤੀਆਂ ਨੇ ਦਫ਼ਤਰ ਦੇ ਬਾਹਰ ਲੱਗੇ ਸਾਈਨ ਬੋਰਡਾਂ 'ਤੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ 'ਤੇ ਕਾਲਖ ਮਲ ਕੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਹੈ।  ਇਸੇ ਤਰ੍ਹਾਂ ਪੋਸਟਮਾਸਟਰ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਬ੍ਰਾਂਚ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰਾਂ ਦੇ ਬਾਹਰ ਵੀ ਕੁਝ ਲੋਕ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ 'ਤੇ ਕਾਲਖ ਮਲ ਗਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰ ਕੇ ਮੁਲਜ਼ਮਾਂ ਨੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਹੈ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਜਾਂਚ ਅਧਿਕਾਰੀ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਪੜਤਾਲ 'ਚ ਪਤਾ ਲੱਗਾ ਹੈ ਕਿ ਉਕਤ ਕਾਰਵਾਈ ਲੱਖਾ ਸਿਧਾਣਾ ਤੇ ਹਰਦੀਪ ਸਿੰਘ ਮਹਿਰਾਜ ਦੀ ਸ਼ਹਿ 'ਤੇ ਹੋਈ ਹੈ, ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਕਤ ਦੀ ਗ੍ਰਿਫ਼ਤਾਰੀ ਲਈ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ। 
4 ਤਾਂ ਕੀ 40 ਪਰਚੇ ਕਰੋ ਪਰ ਸੰਘਰਸ਼ ਜਾਰੀ ਰਹੇਗਾ : ਆਗੂ
ਹਰਦੀਪ ਸਿੰਘ ਮਹਿਰਾਜ ਦਾ ਬਿਆਨ ਹੈ ਕਿ ਸਰਕਾਰ 4 ਦੀ ਬਜਾਏ ਚਾਹੇ 40 ਪਰਚੇ ਦਰਜ ਕਰ ਲਵੇ ਪਰ ਮਾਂ ਬੋਲੀ ਪੰਜਾਬੀ ਦਾ ਝੰਡਾ ਬੁਲੰਦ ਰੱਖਣ ਖਾਤਰ ਵਿੱਢਿਆ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਦੀ ਮੰਗ ਸਿਰਫ ਇਹੀ ਹੈ ਕਿ ਪੰਜਾਬੀ ਨੂੰ ਬਣਦਾ ਸਥਾਨ ਦਿੱਤਾ ਜਾਵੇ।


Related News