ਲਾਲ ਕਿਲਾ ਹਿੰਸਾ ਮਾਮਲੇ ’ਚ ਦਿੱਲੀ ਪੁਲਸ ਵਲੋਂ ਲੱਖਾ ਸਿਧਾਣਾ ਭਗੌੜਾ ਕਰਾਰ
Sunday, May 23, 2021 - 06:22 PM (IST)
ਨਵੀਂ ਦਿੱਲੀ/ਚੰਡੀਗੜ੍ਹ : ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲ ਕਿਲੇ ’ਤੇ ਹੋਈ ਹਿੰਸਾ ਦੇ ਮਾਮਲੇ ’ਚ ਦਿੱਲੀ ਪੁਲਸ ਨੂੰ ਲੋੜੀਂਦੇ ਲੱਖਾ ਸਿਧਾਣਾ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਪੁਲਸ ਨੇ ਲੱਖਾ ਸਿਧਾਣਾ ਅਤੇ ਛੇ ਹੋਰ ਵਿਅਕਤੀਆਂ ਨੂੰ ਫਰਾਰ ਕਰਾਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਉਹ ਗ੍ਰਿਫ਼ਤਾਰੀ ਤੋਂ ਬਚ ਰਹੇ ਹਨ। ਲਾਲ ਕਿਲਾ ਹਿੰਸਾ ਲਈ ਦਿਲੀ ਪੁਲਸ ਨੇ ਕੁੱਲ 44 ਐੱਫ. ਆਈ. ਆਰਜ਼ ਦਰਜ ਕੀਤੀਆਂ ਹਨ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ 151 ਲੋਕਾਂ ਦੀਆਂ ਜ਼ਮਾਨਤਾਂ ਕਰਵਾਈਆਂ ਜਾ ਚੁੱਕੀਆਂ ਹਨ। ਵਕੀਲ ਪ੍ਰੇਮ ਸਿੰਘ ਭੰਗੂ ਮੁਤਾਬਕ ਕਈ ਮੁਕੱਦਮਿਆਂ ਵਿਚ ਕੋਈ ਵੀ ਨਾਂ ਦਰਜ ਨਹੀਂ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਤਲਖ਼ੀ ਤੋਂ ਬਾਅਦ ਇੰਝ ਸ਼ੁਰੂ ਹੋਇਆ ਸੀ ਰੇੜਕਾ, ਕੈਪਟਨ ਨੇ ਹੀ ਮੰਗੇ ਸਨ ਮੰਤਰੀਆਂ ਤੋਂ ਅਸਤੀਫ਼ੇ
ਇਥੇ ਇਹ ਵੀ ਦੱਸਣਯੋਗ ਹੈ ਕਿ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਬੀਤੇ ਦਿਨੀਂ ਤੀਸ ਹਜ਼ਾਰੀ ਅਦਾਲਤ ਵਿਚ ਡਿਊਟੀ ਮੈਜਿਸਟਰੇਟ ਸਾਹਿਲ ਮੋਂਗਾ ਅੱਗੇ 3000 ਸਫ਼ਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਚਾਰਜਸ਼ੀਟ ਵਿਚ ਅਦਾਕਾਰ ਦੀਪ ਸਿੱਧੂ ਅਤੇ ਹੋਰਾਂ ਦੇ ਨਾਮ ਸ਼ਾਮਲ ਕੀਤੇ ਹਨ। ਮੁਲਜ਼ਮਾਂ ਵਲੋਂ ਦਿੱਤੇ ਗਏ ਬਿਆਨਾਂ ਵਿਚ ਹਿੰਸਾ ਨਾਲ ਜੁੜੇ ਸਬੂਤਾਂ ਨੂੰ ਚਾਰਜਸ਼ੀਟ ਦਾ ਆਧਾਰ ਬਣਾਇਆ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਚਾਰਜਸ਼ੀਟ 16 ਮਈ ਨੂੰ ਦਾਖ਼ਲ ਕੀਤੀ ਗਈ ਹੈ। ਚਾਰਜਸ਼ੀਟ ’ਚ ਦੋਸ਼ ਲਾਇਆ ਗਿਆ ਹੈ ਕਿ ਲਾਲ ਕਿਲੇ ਵਿਚ ਭੰਨ ਤੋੜ ਲਈ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਪੁਲਸ ਅਤੇ ਕਿਸਾਨ ਆਗੂਆਂ ਵਿਚਾਲੇ ਤਿੰਨ ਮਾਰਗਾਂ ਤੋਂ ਟਰੈਕਟਰ ਰੈਲੀ ਕੱਢਣ ਲਈ ਹੋਏ ਸਮਝੌਤੇ ਨੂੰ ਤੋੜਨ ਦੀ ਪਹਿਲਾਂ ਤੋਂ ਸੋਚੀ ਸਮਝੀ ਤੇ ਚੰਗੇ ਤਾਲਮੇਲ ਨਾਲ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ : ਹਾਈਕਮਾਨ ਦੇ ਦਖ਼ਲ ਤੋਂ ਬਾਅਦ ਬੋਲੇ ਨਵਜੋਤ ਸਿੱਧੂ, ਟਵੀਟ ਕਰਕੇ ਆਖੀ ਵੱਡੀ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?