ਨਸ਼ੇ ''ਚ ਨੌਜਵਾਨਾਂ ਨੇ ਮਹਿਲਾ ਪੁਲਸ ਮੁਲਾਜ਼ਮ ਨੂੰ ਛੇੜਿਆ, ਕੀਤੀ ਕੁੱਟਮਾਰ

06/17/2019 10:38:22 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-36 'ਚ ਸ਼ਰਾਬ ਦੇ ਠੇਕੇ ਦੇ ਬਾਹਰ ਸ਼ਰਾਬ ਪੀਣ ਵਾਲੇ ਦੋ ਨੌਜਵਾਨਾਂ ਨੇ ਮਹਿਲਾ ਕਾਂਸਟੇਬਲ ਨੂੰ ਥੱਪੜ ਮਾਰ ਦਿੱਤੇ ਅਤੇ ਉਸ ਨਾਲ ਛੇੜਛਾੜ ਵੀ ਕੀਤੀ। ਪੀ. ਸੀ. ਆਰ. ਇੰਚਾਰਜ ਨੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇੰਚਾਰਜ ਨਾਲ ਕੁੱਟ-ਮਾਰ ਕਰ ਕੇ ਉਸਦੀ ਵਰਦੀ ਪਾੜ ਦਿੱਤੀ। ਸੈਕਟਰ-36 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਕਾਬੂ ਕੀਤਾ। ਪੀ. ਸੀ. ਆਰ. ਇੰਚਾਰਜ ਹੈੱਡ ਕਾਂਸਟੇਬਲ ਕ੍ਰਿਸ਼ਨ ਕੁਮਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਸੈਕਟਰ-36 ਨਿਵਾਸੀ ਸੁਮਿਤ ਅਤੇ ਸੈਕਟਰ-44 ਨਿਵਾਸੀ ਗਗਨਦੀਪ 'ਤੇ ਛੇੜਛਾੜ, ਕੁੱਟ-ਮਾਰ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਹੁੰਚਾਉਣ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਠੇਕੇ ਦੇ ਬਾਹਰ ਪੀ ਰਹੇ ਸਨ ਸ਼ਰਾਬ
ਹੈੱਡ ਕਾਂਸਟੇਬਲ ਕ੍ਰਿਸ਼ਨ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਉਸ ਦੀ ਡਿਊਟੀ ਸੈਕਟਰ-36 ਥਾਣਾ ਖੇਤਰ 'ਚ ਪੀ. ਸੀ. ਆਰ. ਗੱਡੀ 'ਤੇ ਸੀ। ਉਹ ਗੱਡੀ 'ਚ ਪੁਲਸ ਜਵਾਨਾਂ ਦੇ ਨਾਲ ਪੈਟ੍ਰੋਲਿੰਗ ਕਰ ਰਹੇ ਸਨ। ਇਸ ਦੌਰਾਨ ਸੂਚਨਾ ਮਿਲੀ ਕਿ ਸੈਕਟਰ-36 ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਜਨਤਕ ਥਾਂ 'ਤੇ ਦੋ ਨੌਜਵਾਨ ਸ਼ਰਾਬ ਪੀ ਰਹੇ ਹਨ। ਸੂਚਨਾ ਮਿਲਦਿਆਂ ਹੀ ਉਹ ਪੀ. ਸੀ. ਆਰ. ਲੈ ਕੇ ਉਹ ਠੇਕੇ ਦੇ ਬਾਹਰ ਪੁੱਜੇ ਤਾਂ ਦੋ ਨੌਜਵਾਨ ਸ਼ਰਾਬ ਪੀਂਦੇ ਹੋਏ ਪਾਏ ਗਏ। ਉਨ੍ਹਾਂ ਦੋਵਾਂ ਨੂੰ ਫੜ ਕੇ ਮਾਮਲੇ ਦੀ ਸੂਚਨਾ ਸੈਕਟਰ-36 ਥਾਣਾ ਪੁਲਸ ਨੂੰ ਦਿੱਤੀ। ਦੋਵੇਂ ਉਨ੍ਹਾਂ ਨਾਲ ਬਹਿਸ ਕਰਨ ਲੱਗੇ। ਮਹਿਲਾ ਕਾਂਸਟੇਬਲ ਨੌਜਵਾਨਾਂ ਨੂੰ ਸਮਝਾਉਣ ਲੱਗੀ ਤਾਂ ਨੌਜਵਾਨਾਂ ਨੇ ਉਸ ਨਾਲ ਛੇੜਛਾੜ ਕਰ ਕੇ ਉਸਨੂੰ ਥੱਪੜ ਮਾਰ ਦਿੱਤਾ। ਪੀ. ਸੀ. ਆਰ. ਇੰਚਾਰਜ ਵਿਚ ਬਚਾਅ ਕਰਨ ਲੱਗਾ ਤਾਂ ਦੋਵਾਂ ਨੌਜਵਾਨਾਂ ਨੇ ਉਨ੍ਹਾਂ ਦੀ ਕੁੱਟ-ਮਾਰ ਕਰ ਕੇ ਵਰਦੀ ਪਾੜ ਦਿੱਤੀ। ਸੈਕਟਰ-36 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸੁਮਿਤ ਅਤੇ ਗਗਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ।
ਸ਼ਰਾਬੀਆਂ ਨੂੰ ਫੜਨ ਲਈ ਪੁਲਸ ਨੇ ਚਲਾਈ ਹੋਈ ਹੈ ਮੁਹਿੰਮ
ਗੱਡੀਆਂ ਅਤੇ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲਿਆਂ ਨੂੰ ਫੜ ਲਈ ਪੁਲਸ ਨੇ ਮੁਹਿੰਮ ਚਲਾਈ ਹੋਇਆ ਹੈ। ਸ਼ਨੀਵਾਰ ਰਾਤ ਨੂੰ ਪੁਲਸ ਨੇ ਜਨਤਕ ਥਾਂ 'ਤੇ ਸ਼ਰਾਬ ਪੀਣ ਵਾਲਿਆਂ ਖਿਲਾਫ ਪੰਜ ਕੇਸ ਦਰਜ ਕੀਤੇ ਹਨ। ਇਨ੍ਹਾਂ 'ਚ ਸੈਕਟਰ-11, 17, 19, 36 ਅਤੇ ਮਲੋਆ ਥਾਣਾ ਪੁਲਸ ਨੇ ਇਕ-ਇਕ ਕੇਸ ਰਜਿਸਟਰ ਕੀਤਾ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਪੁਲਸ ਨੇ 37 ਕੇਸ ਰਜਿਸਟਰ ਕਰ ਕੇ 38 ਸ਼ਰਾਬੀਆਂ ਨੂੰ ਫੜ੍ਹਿਆ ਸੀ।


Babita

Content Editor

Related News