ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਵਿਵਾਦਾਂ ’ਚ ਘਿਰੀਆਂ, ਕਾਊਂਟਿੰਗ ਨੂੰ ਲੈ ਕੇ ਉੱਠੇ ਸਵਾਲ

12/16/2021 5:48:46 PM

ਜਲੰਧਰ (ਖੁਰਾਣਾ)– ਕਈ ਹਫ਼ਤਿਆਂ ਦੀ ਗਹਿਮਾ-ਗਹਿਮੀ ਤੋਂ ਬਾਅਦ ਅੱਜ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਲਈ ਵੋਟਿੰਗ ਹੋਈ ਪਰ ਦੇਰ ਸ਼ਾਮ ਕਾਊਂਟਿੰਗ ਨੂੰ ਲੈ ਕੇ ਉੱਠੇ ਸਵਾਲਾਂ ਨੇ ਪੂਰੀ ਚੋਣ ਪ੍ਰਕਿਰਿਆ ਨੂੰ ਵਿਵਾਦਾਂ ਵਿਚ ਲਿਆ ਖੜ੍ਹਾ ਕੀਤਾ। ਵਿਵਾਦ ਵਧਣ ਤੋਂ ਬਾਅਦ ਕਲੱਬ ਦੀ ਵਾਈਸ ਪ੍ਰੈਜ਼ੀਡੈਂਟ ਗਗਨ ਕੁੰਦਰਾ ਥੋਰੀ ਨੇ ਫੂਡ ਸੈਕਰੇਟਰੀ ਅਹੁਦੇ ’ਤੇ ਖੜ੍ਹੀ ਉਮੀਦਵਾਰ ਅਲਪਨਾ ਪੁਰੀ ਅਤੇ ਨੀਲਮ ਠਾਕੁਰ ਵਿਚਕਾਰ ਹੋਈਆਂ ਚੋਣਾਂ ਦਾ ਨਤੀਜਾ ਰੋਕ ਲਿਆ ਅਤੇ ਐਲਾਨ ਕੀਤਾ ਕਿ ਹੁਣ ਇਸ ਸੀਟ ’ਤੇ ਜੇਤੂ ਦਾ ਫ਼ੈਸਲਾ ਕਲੱਬ ਪ੍ਰਧਾਨ ਮੈਡਮ ਕ੍ਰਿਸ਼ਨਾ ਮੀਨਾ ਦੇ ਆਉਣ ’ਤੇ ਹੋਵੇਗਾ।
ਚੋਣਾਂ ਵਿਚ ਖੜ੍ਹੇ ਇਕ ਗਰੁੱਪ ਨੇ ਦੋਸ਼ ਲਗਾਇਆ ਕਿ ਫੂਡ ਸੈਕਰੇਟਰੀ ਪੋਸਟ ’ਤੇ ਖੜ੍ਹੀ ਉਨ੍ਹਾਂ ਦੀ ਉਮੀਦਵਾਰ ਅਲਪਨਾ ਪੁਰੀ ਨੂੰ ਕਾਸਟ ਇਕ ਵੋਟ ਬਿਨਾਂ ਉਚਿਤ ਕਾਰਨ ਦੇ ਰੱਦ ਕਰਾਰ ਦੇ ਦਿੱਤੀ ਗਈ ਅਤੇ ਦੂਜੇ ਉਮੀਦਵਾਰ ਨੂੰ ਇਕ ਵੋਟ ਨਾਲ ਜਿਤਾ ਦਿੱਤਾ ਗਿਆ। ਦੇਰ ਸ਼ਾਮ ਇਹ ਮਾਮਲਾ ਮਿਸਿਜ਼ ਡੀ. ਸੀ. ਦੇ ਦਰਬਾਰ ਵਿਚ ਪਹੁੰਚਿਆ, ਜਿੱਥੇ ਉਨ੍ਹਾਂ ਨੂੰ ਪੂਰੀ ਸੱਚਾਈ ਦੱਸੀ ਗਈ ਅਤੇ ਇਨਸਾਫ਼ ਪ੍ਰਦਾਨ ਕਰਨ ਦੀ ਮੰਗ ਰੱਖੀ ਗਈ।

ਜ਼ਿਕਰਯੋਗ ਹੈ ਕਿ ਜਦੋਂ ਰਿਕਾਰਡ ਰੂਮ ਵਿਚ ਕਾਊਂਟਿੰਗ ਚੱਲ ਰਹੀ ਸੀ ਤਾਂ ਦੋਵੇਂ ਉਮੀਦਵਾਰ ਹੀ ਮੌਜੂਦ ਨਹੀਂ ਸਨ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੇ ਕਾਊਂਟਿੰਗ ਕਰਵਾਈ। ਅਲਪਨਾ ਪੁਰੀ ਦੀ ਪ੍ਰਤੀਨਿਧੀ ਸੁਪਰਨਾ ਗਰੋਵਰ ਨੇ ਅਲਪਨਾ ਦੀ ਇਕ ਵੋਟ ਨੂੰ ਰੱਦ ਕਰਾਰ ਦਿੱਤੇ ਜਾਣ ’ਤੇ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਅਤੇ ਹੋਰਨਾਂ ਨੇ ਦਖਲਅੰਦਾਜ਼ੀ ਕੀਤੀ।
ਜਦੋਂ ਮਾਮਲਾ ਕਾਫ਼ੀ ਵਧ ਗਿਆ, ਉਸ ਤੋਂ ਬਾਅਦ ਦੋਵੇਂ ਉਮੀਦਵਾਰਾਂ ਨੇ ਵੋਟਾਂ ਦੀ ਦੋਬਾਰਾ ਕਾਊਂਟਿੰਗ ਕੀਤੀ। ਅਲਪਨਾ ਪੁਰੀ ਨੇ ਵੀ ਰੱਦ ਕੀਤੀਆਂ ਗਈਆਂ ਵੋਟਾਂ ਨੂੰ ਲੈ ਕੇ ਕਈ ਤਰਕ ਦਿੱਤੇ ਪਰ ਉਨ੍ਹਾਂ ਦੀ ਇਕ ਨਾ ਸੁਣੀ ਗਈ। ਰਿਟਰਨਿੰਗ ਅਫ਼ਸਰ ਐੱਸ. ਡੀ. ਐੱਮ. ਮੈਡਮ ਇਹ ਕਹਿੰਦੀ ਰਹੀ ਕਿ ਉਨ੍ਹਾਂ ਨੇ ਆਪਣਾ ਫ਼ੈਸਲਾ ਦੂਜੀ ਧਿਰ ਦੇ ਹੱਕ ਵਿਚ ਦੇ ਦਿੱਤਾ ਹੈ ਅਤੇ ਹਾਰੀ ਹੋਈ ਧਿਰ ਚਾਹੇ ਤਾਂ ਉਨ੍ਹਾਂ ਦੀ ਅਪੀਲ ਡੀ. ਸੀ. ਮੈਡਮ ਨੂੰ ਕਰ ਸਕਦੀ ਹੈ। ਇਸ ਵਿਵਾਦ ਕਾਰਨ ਅੱਧਾ-ਪੌਣਾ ਘੰਟਾ ਖੂਬ ਰੌਲਾ-ਰੱਪਾ ਪਿਆ ਅਤੇ ਨੀਲਮ ਠਾਕੁਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਫਿਲਹਾਲ ਫੂਡ ਸੈਕਰੇਟਰੀ ਪੋਸਟ ਦੇ ਨਤੀਜੇ ਨੂੰ ਪੈਂਡਿੰਗ ਰੱਖਣ ਦੇ ਫ਼ੈਸਲੇ ਦਾ ਵੀ ਟੁਗੈਦਰ ਗਰੁੱਪ ਨੇ ਸਵਾਗਤ ਕੀਤਾ ਹੈ।

ਇਹ ਵੀ ਪੜ੍ਹੋ: ਲੰਬੀ 'ਚ ਗਰਜੇ ਭਗਵੰਤ ਮਾਨ, ਕਿਹਾ- ਮੁੱਖ ਮੰਤਰੀ ਚੰਨੀ ਤੇ ਸੁਖਬੀਰ ਇਕ-ਸਿੱਕੇ ਦੇ ਦੋ ਪਹਿਲੂ

ਸਰੁਚੀ ਕੱਕੜ ਬਣੀ ਲੇਡੀਜ਼ ਜਿਮਖਾਨਾ ਦੀ ਨਵੀਂ ਸੈਕਰੇਟਰੀ
ਨੀਨਾ ਚੌਹਾਨ, ਮਨਿੰਦਰ ਧੀਮਾਨ, ਲਲਿਤਾ ਗੁਪਤਾ ਅਤੇ ਸੰਗੀਤਾ ਮਹਿੰਦਰੂ ਨੇ ਵੀ ਜਿੱਤ ਦਰਜ ਕੀਤੀ
ਲੇਡੀਜ਼ ਜਿਮਖਾਨਾ ਦੀਆਂ ਅੱਜ ਹੋਈਆਂ ਚੋਣਾਂ ਵਿਚ ਸਰੁਚੀ ਕੱਕੜ ਨੂੰ ਕਲੱਬ ਦੀ ਨਵੀਂ ਸੈਕਰੇਟਰੀ ਐਲਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਤਿਕੋਣੇ ਮੁਕਾਬਲੇ ਵਿਚ ਸਰੁਚੀ ਨੂੰ 168, ਜਦਕਿ ਨੇੜਲੇ ਮੁਕਾਬਲੇਬਾਜ਼ ਕਿਰਨ ਭਾਰਤੀ ਨੂੰ 140 ਵੋਟਾਂ ਪਈਆਂ। ਐਲੀਗੈਂਟ ਗਰੁੱਪ ਦੀ ਸੀਮਾ ਅਰੋੜਾ ਸਿਰਫ 106 ਵੋਟਾਂ ਹੀ ਪ੍ਰਾਪਤ ਕਰ ਸਕੀ। ਵਰਣਨਯੋਗ ਹੈ ਕਿ ਪਿਛਲੀਆਂ ਚੋਣਾਂ ਵਿਚ ਸਰੁਚੀ ਕੱਕੜ ਨੇ ਪਹਿਲੀ ਵਾਰ ਚੋਣਾਂ ਲੜੀਆਂ ਸਨ ਅਤੇ ਵੱਡੀ ਜਿੱਤ ਦਰਜ ਕੀਤੀ ਸੀ।

PunjabKesari
 

ਨੀਨਾ ਚੌਹਾਨ ਬਣੀ ਐਂਟਰਟੇਨਮੈਂਟ ਸੈਕਰੇਟਰੀ
ਵੀ ਟੁਗੈਦਰ ਗਰੁੱਪ ਦੀ ਨੀਨਾ ਚੌਹਾਨ ਨੂੰ ਲੇਡੀਜ਼ ਜਿਮਖਾਨਾ ਦੀ ਨਵੀਂ ਐਂਟਰਟੇਨਮੈਂਟ ਸੈਕਰੇਟਰੀ ਬਣਨ ਦਾ ਮਾਣ ਹਾਸਲ ਹੋਇਆ ਹੈ। ਅੱਜ ਹੋਈਆਂ ਚੋਣਾਂ ਵਿਚ ਉਨ੍ਹਾਂ ਨੇ 290 ਵੋਟਾਂ ਪ੍ਰਾਪਤ ਕਰ ਕੇ ਭਾਰੀ ਜਿੱਤ ਪ੍ਰਾਪਤ ਕੀਤੀ ਅਤੇ ਆਪਣੀ ਵਿਰੋਧੀ ਉਮੀਦਵਾਰ ਐਲੀਗੈਂਟ ਗਰੁੱਪ ਦੀ ਵੰਦਨਾ ਦਲਾਲ ਨੂੰ ਹਰਾਇਆ। ਜ਼ਿਕਰਯੋਗ ਹੈ ਕਿ ਜੁਆਇੰਟ ਐਂਟਰਟੇਨਮੈਂਟ ਸੈਕਰੇਟਰੀ ਪੋਸਟ ’ਤੇ ਪਹਿਲਾਂ ਹੀ ਇਸ ਗਰੁੱਪ ਦੀ ਵੰਦਨਾ ਕਾਲੀਆ ਨਿਰ-ਵਿਰੋਧ ਚੁਣੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ:  ਨਵੇਂ ਸਾਲ ਤੋਂ ਜਲੰਧਰ ਤੋਂ ਨਕੋਦਰ ਤੇ ਲੋਹੀਆਂ ਰੇਲ ਸੈਕਸ਼ਨ ’ਤੇ ਦੌੜਨਗੀਆਂ ਇਲੈਕਟ੍ਰਿਕ ਟਰੇਨਾਂ

ਮਨਿੰਦਰ ਧੀਮਾਨ ਬਣੀ ਨਵੀਂ ਜੁਆਇੰਟ ਸੈਕਰੇਟਰੀ
ਲੀਡਰਜ਼ ਗਰੁੱਪ ਵੱਲੋਂ ਖੜ੍ਹੀ ਉਮੀਦਵਾਰ ਮਨਿੰਦਰ ਧੀਮਾਨ ਨੇ ਕਲੱਬ ਦੀ ਨਵੀਂ ਸੈਕਰੇਟਰੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਨੇ ਡਿੰਪਲ ਅਰੋੜਾ ਨੂੰ ਸਖ਼ਤ ਮੁਕਾਬਲੇ ਵਿਚ ਹਰਾਇਆ। ਮਨਿੰਦਰ ਧੀਮਾਨ ਨੂੰ 233 ਵੋਟਾਂ ਪਈਆਂ। ਉਨ੍ਹਾਂ ਦੇ ਸਮਰਥਨ ਵਿਚ ਡਾ. ਹਰਦੀਪ ਓਬਰਾਏ, ਸੁਮਿਤ ਸ਼ਰਮਾ ਆਦਿ ਨੇ ਵੀ ਖੂਬ ਪ੍ਰਚਾਰ ਕੀਤਾ।

ਲਲਿਤਾ ਗੁਪਤਾ ਨੇ ਸਭ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕੀਤੀਆਂ
ਇਨ੍ਹਾਂ ਚੋਣਾਂ ਵਿਚ ਜੁਆਇੰਟ ਫੂਡ ਸੈਕਰੇਟਰੀ ਅਹੁਦੇ ਦੀ ਉਮੀਦਵਾਰ ਲਲਿਤਾ ਗੁਪਤਾ ਨੇ ਸਭ ਤੋਂ ਜ਼ਿਆਦਾ 302 ਵੋਟਾਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੇ ਐਲੀਗੈਂਟ ਗਰੁੱਪ ਦੀ ਅਮਿਤਾ ਢੱਲ ਨੂੰ ਭਾਰੀ ਫਰਕ ਨਾਲ ਹਰਾਇਆ। ਲਲਿਤਾ ਗੁਪਤਾ ਵੀ ਟੁਗੈਦਰ ਗਰੁੱਪ ਵੱਲੋਂ ਉਮੀਦਵਾਰ ਸੀ ਅਤੇ ਵੋਟਰਾਂ ਵਿਚ ਕਾਫੀ ਲੋਕਪ੍ਰਿਯ ਵੀ ਰਹੀ।

PunjabKesari

ਸੰਗੀਤਾ ਬਣੀ ਸੰਯੁਕਤ ਖਜ਼ਾਨਚੀ
ਬੀਤੇ ਦਿਨ ਹੋਈਆਂ ਚੋਣਾਂ ਵਿਚ ਲੀਡਰਜ਼ ਗਰੁੱਪ ਵੱਲੋਂ ਸੰਗੀਤਾ ਮਹਿੰਦਰੂ ਨੇ ਜੁਆਇੰਟ ਖਜ਼ਾਨਚੀ ਪੋਸਟ ਦੀ ਚੋਣ ਜਿੱਤ ਲਈ। ਉਨ੍ਹਾਂ ਨੂੰ 226 ਵੋਟਾਂ ਪਈਆਂ। ਉਨ੍ਹਾਂ ਨੇ ਵੀ ਟੁਗੈਦਰ ਗਰੁੱਪ ਦੀ ਰੀਟਾ ਸ਼ਰਮਾ ਨੂੰ ਹਰਾਇਆ। ਜ਼ਿਕਰਯੋਗ ਹੈ ਕਿ ਪੂਨਮ ਅਰੋੜਾ ਨੂੰ ਪਹਿਲਾਂ ਹੀ ਲੇਡੀਜ਼ ਜਿਮਖਾਨਾ ਦੀ ਖਜ਼ਾਨਚੀ ਚੁਣਿਆ ਜਾ ਚੁੱਕਾ ਹੈ। ਉਨ੍ਹਾਂ ਦੇ ਮੁਕਾਬਲੇ ਵਿਚ ਕਿਸੇ ਨੇ ਨਾਮਜ਼ਦਗੀ ਪੱਤਰ ਨਹੀਂ ਭਰਿਆ ਸੀ। ਕਲੱਬ ਦੀਆਂ ਸਾਰੀਆਂ 9 ਐਗਜ਼ੀਕਿਊਟਿਵ ਮੈਂਬਰਾਂ ਪਹਿਲਾਂ ਹੀ ਨਿਰਵਿਰੋਧ ਜਿੱਤ ਚੁੱਕੀਆਂ ਹਨ।

ਜਦੋਂ ਡੀ. ਸੀ. ਆਫਿਸ ਦੇ ਸਟਾਫ ਨੇ ਕਾਊਂਟਿੰਗ ਕਰਨ ਤੋਂ ਕਰ ਦਿੱਤਾ ਇਨਕਾਰ
ਲੇਡੀਜ਼ ਜਿਮਖਾਨਾ ਦੀਆਂ ਚੋਣਾਂ ਵਿਚ ਉਸ ਸਮੇਂ ਵੀ ਰੁਕਾਵਟ ਪੈਦਾ ਹੋਈ, ਜਦੋਂ ਡੀ. ਸੀ. ਆਫਿਸ ਵਿਚ ਆਏ ਪੋਲਿੰਗ ਸਟਾਫ ਨੇ ਕਾਊਂਟਿੰਗ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਸਟਾਫ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੋਲਿੰਗ ਕਰਵਾਉਣ ਦੇ ਖਰਚੇ ਦਾ ਤੁਰੰਤ ਭੁਗਤਾਨ ਕੀਤਾ ਜਾਵੇ, ਨਹੀਂ ਤਾਂ ਉਹ ਵੋਟਾਂ ਦੀ ਗਿਣਤੀ ਵਿਚ ਸ਼ਾਮਲ ਨਹੀਂ ਹੋਣਗੇ। ਇਸ ਗੱਲ ਨੂੰ ਲੈ ਕੇ ਲਗਭਗ ਅੱਧਾ ਘੰਟਾ ਕਾਊਂਟਿੰਗ ਪ੍ਰਭਾਵਿਤ ਰਹੀ। ਬਾਅਦ ਵਿਚ ਰਿਟਰਨਿੰਗ ਅਫਸਰ ਅਤੇ ਐੱਸ. ਡੀ. ਐੱਮ. ਪੂਨਮ ਸਿੰਘ ਨੇ ਪੋਲਿੰਗ ਸਟਾਫ ਨਾਲ ਬੈਠਕ ਕੀਤੀ। ਇਸ ਦੌਰਾਨ ਸਹਿਮਤੀ ਬਣੀ ਕਿ ਲੇਡੀਜ਼ ਜਿਮਖਾਨਾ ਕਲੱਬ ਵੱਲੋਂ ਤੁਰੰਤ ਪੋਲਿੰਗ ਸਟਾਫ ਨੂੰ ਚੈੱਕ ਪ੍ਰਦਾਨ ਕੀਤਾ ਜਾਵੇਗਾ। ਪੋਲਿੰਗ ਵਿਚ ਲੱਗੇ ਸਟਾਫ ਦਾ ਕਹਿਣਾ ਸੀ ਕਿ ਪਿਛਲੀਆਂ ਚੋਣਾਂ ਵਿਚ ਵੀ ਉਨ੍ਹਾਂ ਨੂੰ ਭੁਗਤਾਨ ਵਿਚ ਦੇਰੀ ਹੋਈ ਸੀ ਪਰ ਹੁਣ ਉਹ ਪੈਸੇ ਲੈ ਕੇ ਹੀ ਕਾਊਂਟਿੰਗ ਕਰਨਗੇ।

ਇਹ ਵੀ ਪੜ੍ਹੋ:  ਬਾਦਲਾਂ ਦੇ ਗੜ੍ਹ ਲੰਬੀ 'ਚ ਬੋਲੇ ਕੇਜਰੀਵਾਲ, ਚੰਨੀ ਸਰਕਾਰ ਸਭ ਤੋਂ ਵੱਡੀ ਨੌਟਕੀਬਾਜ਼ ਤੇ ਡਰਾਮੇਬਾਜ਼ ਦੀ ਸਰਕਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News