ਇਤਿਹਾਸਕ ਖੂਹ ’ਚੋਂ ਇਤਰਾਜ਼ਯੋਗ ਸਾਮਾਨ ਮਿਲਣ ਦੇ ਮਾਮਲੇ ’ਚ 2 ਬੀਬੀਆਂ ਗ੍ਰਿਫ਼ਤਾਰ
Saturday, Jun 19, 2021 - 04:42 PM (IST)
ਜੈਤੋ (ਸਤਵਿੰਦਰ ਸੱਤੀ, ਗੁਰਮੀਤਪਾਲ, ਜਿੰਦਲ, ਪਰਾਸ਼ਰ) : ਬੀਤੇ ਕੱਲ ਦੇਰ ਸ਼ਾਮ ਸਿੱਖ ਤਾਲਮੇਲ ਸੇਵਾ ਸੰਗਠਨ ਦੇ ਮੁਖੀ ਬੀਬੀ ਰਜਿੰਦਰ ਕੌਰ ਅਤੇ ਕੁਲਦੀਪ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕਰਨ ਅਤੇ ਸਬੰਧਤ ਦੋਸ਼ੀ ਬੀਬੀਆਂ ਨੂੰ ਨਾ ਫੜੇ ਜਾਣ ਵਿਰੁੱਧ ਸਥਾਨਕ ਬੱਸ ਅੱਡਾ ਚੌਕ ਵਿਚ ਧਰਨਾ ਦੇ ਦਿੱਤਾ ਸੀ। ਇਸ ਦੌਰਾਨ ਇਸ ਧਰਨੇ ’ਚ ਜਥੇਦਾਰ ਅਮਰੀਕ ਸਿੰਘ ਅਜਨਾਲਾ ਸਾਥੀਆਂ ਸਮੇਤ ਸ਼ਾਮਲ ਹੋਏ।
ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਨੇ ਸੁਖਮੰਦਰ ਸਿੰਘ ਅਤੇ ਗੁਰਬਾਜ਼ ਸਿੰਘ ਖ਼ਿਲਾਫ਼ ਧਾਰਾਵਾਂ ਵਿਚ ਵਾਧਾ ਕਰਨ ਦੇ ਨਾਲ-ਨਾਲ ਮਾਮਲੇ ਵਿਚ ਲੋੜੀਂਦੀਆਂ 2 ਬੀਬੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ. ਐੱਸ. ਪੀ. ਪਰਮਿੰਦਰ ਸਿੰਘ ਗਰੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਦੋ ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਦੋਵਾਂ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ ਤਾਂ ਜੋ ਹੋਰ ਪੁਛਗਿੱਛ ਕੀਤੀ ਜਾ ਸਕੇ। ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਧਿਆਨ ਵਿਚ ਰੱਖਦਿਆਂ ਸਿੱਖ ਸੰਗਤ ਦੀ ਸਹਿਮਤੀ ਨਾਲ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਮੈਨੇਜਰ ਕੁਲਵਿੰਦਰ ਸਿੰਘ, ਕਲਰਕ ਸੁਖਮੰਦਰ ਸਿੰਘ, ਸੇਵਾਦਾਰ ਗੁਰਬਾਜ਼ ਸਿੰਘ, ਸੇਵਾਦਾਰ ਲਖਵੀਰ ਸਿੰਘ ਨੂੰ ਸਰਵਿਸ ਤੋਂ ਤੁਰੰਤ ਵਿਹਲਿਆਂ ਕਰ ਦਿੱਤਾ ਸੀ ਅਤੇ ਬਾਕੀ ਸਟਾਫ ਦੀ ਤੁਰੰਤ ਤਬਦੀਲੀ ਕੀਤੀ ਗਈ ਸੀ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਣਾ ਜੈਤੋ ਵਿਖੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਵਾਇਆ ਗਿਆ ਸੀ।