ਬਿਜਲੀ ਸਪਲਾਈ ਨਾ ਹੋਣ ਕਾਰਨ ਸੇਵਾ ਕੇਂਦਰ ਦੀਆਂ ਸੇਵਾਵਾਂ ਠੱਪ
Sunday, Aug 20, 2017 - 12:32 AM (IST)

ਬੰਗਾ, (ਪੂਜਾ, ਮੂੰਗਾ, ਰਾਕੇਸ਼, ਚਮਨ ਲਾਲ, ਭਟੋਆ)- ਇਹ ਬਹੁਤ ਵਾਰ ਸਭ ਨੇ ਸੁਣਿਆ ਤੇ ਦੇਖਿਆ ਹੋਵੇਗਾ ਕਿ ਪਿੰਡਾਂ ਦੇ ਲੋਕ ਸ਼ਹਿਰਾਂ 'ਚ ਸਹੂਲਤਾਂ ਲੈਣ ਲਈ ਆਉਂਦੇ ਹਨ ਪਰ ਇਹ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਹੁਣ ਸ਼ਹਿਰਾਂ ਦੇ ਲੋਕਾਂ ਨੂੰ ਵੀ ਸਰਕਾਰੀ ਸਹੂਲਤਾਂ ਲੈਣ ਲਈ ਪਿੰਡਾਂ 'ਚ ਜਾਣਾ ਪੈ ਰਿਹਾ ਹੈ।
ਕੁਝ ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਦੇ ਸੇਵਾ ਕੇਂਦਰ ਵਿਚ, ਜਿਥੋਂ ਦੇ ਸੇਵਾ ਕੇਂਦਰ 'ਚ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਈ ਦਿਨਾਂ ਤੋਂ ਕੰਮ ਠੱਪ ਪਿਆ ਹੈ ਤੇ ਲੋਕਾਂ ਨੂੰ ਕੰਮਾਂ ਲਈ ਪਿੰਡਾਂ 'ਚ ਜਾਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਤਹਿਸੀਲ ਦਫ਼ਤਰ ਵਿਖੇ ਸੇਵਾ ਕੇਂਦਰ 'ਚ ਬਿਜਲੀ ਸਪਲਾਈ ਦਾ ਕੁਨੈਕਸ਼ਨ ਤਹਿਸੀਲ ਕੰਪਲੈਕਸ 'ਚੋਂ ਲਿਆ ਗਿਆ ਸੀ ਪਰ ਬਿਜਲੀ ਦਾ ਲੋਡ ਜ਼ਿਆਦਾ ਹੋਣ ਕਾਰਨ ਮੀਟਰ ਸੜ ਗਿਆ। ਇਸ ਤੋਂ ਬਾਅਦ ਤਹਿਸੀਲ ਕੰਪਲੈਕਸ ਵੱਲੋਂ ਸੇਵਾ ਕੇਂਦਰ ਨੂੰ ਬਿਜਲੀ ਦੇਣੀ ਬੰਦ ਕਰ ਦਿੱਤੀ ਗਈ। ਹੁਣ ਸੇਵਾ ਕੇਂਦਰ ਦਾ ਕੰਮ ਬਿਜਲੀ ਨਾ ਹੋਣ ਕਾਰਨ ਕਈ ਦਿਨਾਂ ਤੋਂ ਠੱਪ ਹੈ। ਸੇਵਾ ਕੇਂਦਰ ਦੀਆਂ ਸਹੂਲਤਾਂ ਲੈਣ ਲਈ ਹੁਣ ਬੰਗਾ ਸ਼ਹਿਰ ਦੇ ਲੋਕਾਂ ਨੂੰ ਪਿੰਡਾਂ ਦੇ ਸੇਵਾ ਕੇਂਦਰਾਂ 'ਚ ਭਟਕਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।