ਗਰਾਊਂਡਾਂ ’ਚ ਕਿੱਥੋਂ ਭਾਲਦੇ ਖਿਡਾਰੀ, ਨੌਜਵਾਨ ਤਾਂ ਮਾਰ ’ਗੇ ਵਿਦੇਸ਼ਾਂ ਨੂੰ ਉਡਾਰੀ

Monday, Jun 11, 2018 - 05:10 AM (IST)

ਗਡ਼੍ਹਸ਼ੰਕਰ, (ਸ਼ੋਰੀ)- ਪੰਜਾਬ ਦੇ ਹਰ ਪਿੰਡ ਅੰਦਰ ਖੇਡ ਮੈਦਾਨਾਂ ਦੀ ਆਪਣੀ ਹੀ ਮਹੱਤਤਾ ਹੁੰਦੀ ਸੀ, ਪਿੰਡਾਂ ’ਚ ਹਾਕੀ, ਵਾਲੀਬਾਲ, ਫੁੱਟਬਾਲ ਤੇ ਕਬੱਡੀ, ਕੁਸ਼ਤੀਆਂ ਦੇ ਖਿਡਾਰੀ ਅਕਸਰ ਗੇਮ ਖੇਡਦੇ ਦੇਖੇ ਜਾਂਦੇ ਰਹੇ ਹਨ, ਪਰ ਸੰਨ 1980 ਤੋਂ ਬਾਅਦ ਇਹ ਨਜ਼ਾਰਾ ਲਗਾਤਾਰ ਘੱਟ ਤੇ ਹੁਣ ਲਗਭਗ ਖ਼ਤਮ ਹੋ ਚੁੱਕਾ ਹੈ। ਵੈਸੇ ਤਾਂ ਬਹੁਤੇ ਪਿੰਡਾਂ ’ਚ ਗਰਾਊਂਡਾਂ ਹੈ ਹੀ ਨਹੀਂ ਤੇ ਜਿੱਥੇ ਗਰਾਊਂਡਾਂ ਹਨ ਉਨ੍ਹਾਂ ਦੀ  ਸਾਂਭ-ਸੰਭਾਲ ਨਾ ਹੋਣ ਕਾਰਨ ਇਨ੍ਹਾਂ ਗਰਾਊਂਡਾਂ ’ਚ ਅੱਕ, ਗਾਜ਼ਰ ਬੂਟੀ ਤੇ ਝਾਡ਼ੀਆਂ ਨੇ ਆਪਣਾ ਕਬਜ਼ਾ ਕਰ ਰੱਖਿਆ ਹੈ। ਗਰਾਊਂਡਾਂ ’ਚ ਖਿਡਾਰੀਆਂ ਦੀ ਘਾਟ ਦਾ ਵੱਡਾ ਕਾਰਨ ਪ੍ਰਸ਼ਾਸਨ ਤੇ ਪੰਚਾਇਤਾਂ ਵੱਲੋਂ ਗਰਾਊਂਡਾਂ ਦੀ ਨਿਯਮਤ ਸਾਫ਼-ਸਫ਼ਾਈ ਨਾ ਕਰਨਾ ਹੈ। 
ਇਸ ਦਾ ਦੂਜਾ ਕਾਰਨ ਇਹ ਹੈ ਕਿ ਪਿੰਡਾਂ ਦੇ ਜਿਹਡ਼ੇ ਅਸਰ ਰਸੂਖ ਵਾਲੇ ਵਿਅਕਤੀ ਆਪਣੀ ਜੇਬ ’ਚੋਂ ਪੈਸੇ ਖ਼ਰਚ ਕਰਕੇ ਇਨ੍ਹਾਂ ਗਰਾਊਂਡਾਂ ਦੀ ਸਾਂਭ-ਸੰਭਾਲ ਕਰਨ ’ਚ ਹਿੱਸਾ ਪਾਉਣਯੋਗ ਹਨ ਉਨ੍ਹਾਂ ਨੂੰ ਸਰਕਾਰਾਂ ਆਪਣੇ ਨਾਲ ਜੋਡ਼ਨ ’ਚ ਅਸਫ਼ਲ ਰਹੀਅਾਂ ਹਨ। ਪੰਜਾਬ ਅੰਦਰ ਨਸ਼ਿਆਂ ਦੇ ਦੌਰ ਨੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਤੋਂ ਦੂਰ ਕਰੀ ਰੱਖਿਆ, ਇਸ ਤੋਂ ਇਲਾਵਾ ਵਿਦੇਸ਼ ’ਚ ਜਾਣ ਦੀ ਲਲਕ ਨੇ ਵੀ ਨੌਜਵਾਨਾਂ ਨੂੰ ਖੇਡ ਮੈਦਾਨਾਂ ਤੋਂ ਕੋਹ ਦੂਰ  ਕੀਤਾ ਹੋਇਆ ਹੈ।
ਪੰਜਾਬ ਅੰਦਰ ਖੇਡਾਂ ਤੇ ਖਿਡਾਰੀਆਂ ਦੀ ਹਾਲਤ ਹਾਸ਼ੀਏ ’ਤੇ : ਪੰਜਾਬ ਦਾ ਇਹ ਦੁਖਾਂਤ ਹੀ ਮੰਨਿਆ ਜਾ ਸਕਦਾ ਹੈ ਕਿ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਸਰਕਾਰਾਂ ਦੇ ਉਪਰਾਲੇ ਜ਼ੀਰੋ ਹੀ ਹਨ। ਪਿੰਡਾਂ ਦੇ ਅੰਦਰ ਜੋ ਖੇਡ ਟੂਰਨਾਮੈਂਟ ਹੁੰਦੇ ਹਨ, ਉਨ੍ਹਾਂ ਦਾ ਲਾਭ ਵੱਡੇ ਕਲੱਬ ਤੇ ਅਖਾਡ਼ੇ ਹੀ ਲੈ ਜਾਂਦੇ ਹਨ, ਜਦਕਿ ਲੋਡ਼ ਹੈ ਕਿ ਨਵੇਂ ਉੱਭਰ ਰਹੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ। ਇਸ ਤਰ੍ਹਾਂ ਨਹੀਂ ਕਿ ਖੇਡਣ ਵਾਲੇ ਨੌਜਵਾਨ ਨਹੀਂ ਹਨ, ਬੱਸ ਸਿਰਫ ਜ਼ਰੂਰਤ ਹੈ ਸਾਧਨ ਤੇ ਸਹੂਲਤ ਪੈਦਾ ਕਰਨ ਦੀ ਤਾਂ ਜੋ ਨਵੀਂ ਪੀਡ਼੍ਹੀ ਖੇਡ ਮੈਦਾਨ ’ਚ ਕੁਝ ਕਰ ਸਕੇ।


Related News