ਪੰਜਾਬ ''ਚ ਭਾਜਪਾ ਮੂਹਰੇ ਵੱਡੀ ਚੁਣੌਤੀ ਬਣੀ ਲੀਡਰਸ਼ਿਪ ਦੀ ਘਾਟ, ਮੀਡੀਆ ''ਚ ਦਿਖਾ ਰਹੀ ‘ਹਾਈ ਜੋਸ਼’
Thursday, Jan 13, 2022 - 07:54 PM (IST)
ਜਲੰਧਰ (ਅਨਿਲ ਪਾਹਵਾ) : ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਹਰ ਸਿਆਸੀ ਪਾਰਟੀ ਸੂਬੇ ਦੀ ਸੱਤਾ ਲਈ ਮੈਦਾਨ ਵਿਚ ਉਤਰ ਚੁੱਕੀ ਹੈ। ਇਸ ਦੌੜ ਵਿਚ ਕੌਮੀ ਪੱਧਰ ਦੀਆਂ ਸਿਆਸੀ ਪਾਰਟੀਆਂ ਤੋਂ ਲੈ ਕੇ ਸੂਬਾ ਪੱਧਰ ਦੀਆਂ ਸਿਆਸੀ ਪਾਰਟੀਆਂ ਤਕ ਸਰਗਰਮ ਹਨ। ਸਾਰੀਆਂ ਪਾਰਟੀਆਂ ਆਪੋ-ਆਪਣੀ ਰਣਨੀਤੀ ਬਣਾ ਕੇ ਕੰਮ ਕਰ ਰਹੀਆਂ ਹਨ।ਇਸ ਸਭ ਦੇ ਵਿਚਕਾਰ ਪੰਜਾਬ ’ਚ ਭਾਜਪਾ ਨੂੰ ਦੁੱਗਣੀ ਮਿਹਨਤ ਕਰਨੀ ਪੈ ਰਹੀ ਹੈ। ਭਾਜਪਾ ਵਿਚ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਜੋ ਚੱਲ ਰਹੀ ਹੈ, ਉਹ ਹੈ ਲੀਡਰਸ਼ਿਪ ਦੀ ਘਾਟ। ਪਾਰਟੀ ਕੋਲ ਕੋਈ ਵੱਡਾ ਨੇਤਾ ਨਹੀਂ ਜੋ ਪਾਰਟੀ ਲਈ ਤਾਕਤ ਲਾ ਸਕੇ। ਪਾਰਟੀ ਪੰਜਾਬ ’ਚ ਕਈ ਸਾਲਾਂ ਤੋਂ ਸਰਗਰਮ ਹੈ। ਪਾਰਟੀ ਪੰਜਾਬ ਵਿਚ ਕਦੇ 2 ਸੀਟਾਂ ਲੈ ਕੇ ਵੀ ਖ਼ੁਸ਼ ਹੋਈ ਹੈ ਤਾਂ ਕਦੇ ਉਸ ਕੋਲ 19 ਸੀਟਾਂ ਵੀ ਰਹੀਆਂ ਹਨ ਪਰ ਇਸ ਤੋਂ ਬਾਅਦ ਵੀ ਪਾਰਟੀ ਆਪਣੀ ਲੀਡਰਸ਼ਿਪ ਤਿਆਰ ਨਹੀਂ ਕਰ ਸਕੀ, ਜਿਸ ਦਾ ਖਮਿਆਜ਼ਾ ਉਸ ਨੂੰ ਹੁਣ ਤਕ ਭੁਗਤਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਟਿਕਟਾਂ ਵੇਚਣ ਦੇ ਇਲਜ਼ਾਮ 'ਤੇ ਬੋਲੇ ਕੇਜਰੀਵਾਲ, ਮੇਰੇ ਘਰੇ ਆ ਕੇ ਬਲਬੀਰ ਰਾਜੇਵਾਲ ਨੇ ਸਾਂਝੇ ਕੀਤੇ ਸਨ ਇਹ ਸਬੂਤ
ਸੱਤਾ ਦੇ ਸੁੱਖ ’ਚ ਰਹੀ ਮਗਨ
ਭਾਜਪਾ ਕੇਂਦਰ ਵਿਚ ਸੱਤਾ ’ਚ ਹੈ ਅਤੇ ਲਗਾਤਾਰ ਖ਼ੁਦ ਨੂੰ ਅੱਗੇ ਵਧਾ ਰਹੀ ਹੈ। ਉਸ ਨੇ ਕੇਂਦਰ ਵਿਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਅਜਿਹੀ ਜੁਗਤ ਲਾਈ ਕਿ ਕਈ ਸੂਬਿਆਂ ਵਿਚ ਸੱਤਾ ਹਾਸਲ ਕਰ ਲਈ। ਜਿੱਥੇ ਭਾਜਪਾ ਦਾ ਝੰਡਾ ਵੀ ਕਦੇ ਕਿਸੇ ਨੇ ਨਹੀਂ ਵੇਖਿਆ ਸੀ, ਉਨ੍ਹਾਂ ਸੂਬਿਆਂ ਵਿਚ ਵੀ ਉਸ ਨੇ ਸੀਟਾਂ ਹਾਸਲ ਕੀਤੀਆਂ ਪਰ ਦੂਜੇ ਪਾਸੇ ਪੰਜਾਬ ਹੈ ਜਿੱਥੋਂ ਦੇ ਨੇਤਾਵਾਂ ਦੀ ਸੋਚ ਤੇ ਸਮਝ ਆਪਣੇ ਮਹਿਬੂਬ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਵੱਖ ਹੈ। ਇੱਥੇ ਪਾਰਟੀ ਸੱਤਾ ਵਿਚ ਤਾਂ ਰਹੀ ਪਰ ਖ਼ੁਦ ਨੂੰ ਮਜ਼ਬੂਤ ਨਹੀਂ ਕਰ ਸਕੀ। 19 ਵਿਧਾਇਕਾਂ ਨਾਲ ਪਾਰਟੀ ਨੇ ਅਕਾਲੀ ਦਲ ਨਾਲ ਮਿਲ ਕੇ ਸੱਤਾ ਦਾ ਸੁੱਖ ਭੋਗਿਆ ਪਰ ਸੰਗਠਨ ਨੂੰ ਵੈਲਿਊ ਨਹੀਂ ਦਿੱਤੀ। ਪਾਰਟੀ ਵਿਚ ਨਵੇਂ ਲੋਕ ਜਾਂ ਇੰਝ ਕਹੀਏ ਕਿ ਦੂਜੀ ਲਾਈਨ ਹੀ ਤਿਆਰ ਨਹੀਂ ਹੋਣ ਦਿੱਤੀ ਗਈ, ਜਿਸ ਦਾ ਨੁਕਸਾਨ ਪਾਰਟੀ ਨੂੰ ਅੱਜ ਪੰਜਾਬ ਵਿਚ ਹੋ ਰਿਹਾ ਹੈ। ਪਾਰਟੀ ਕੋਲ ਪੰਜਾਬ ਵਿਚ 117 ਸੀਟਾਂ ’ਤੇ ਚੋਣ ਲੜਨ ਲਈ ਉਮੀਦਵਾਰ ਨਹੀਂ ਮਿਲ ਰਹੇ। ਪਾਰਟੀ ਦੇ ਲੋਕ ਹੁਣ ਤਕ ਸਿਰਫ਼ ਅਕਾਲੀ ਦਲ ’ਤੇ ਹੀ ਨਿਰਭਰ ਰਹੇ, ਜਿਸ ਕਾਰਨ ਆਪਣੇ ਲੋਕਾਂ ਨੂੰ ਅੱਗੇ ਹੀ ਨਹੀਂ ਆਉਣ ਦਿੱਤਾ ਗਿਆ।
ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ
ਘੁੰਮ-ਫਿਰ ਕੇ ਸਾਰੇ ਉੱਥੇ ਦੇ ਉੱਥੇ
ਪੰਜਾਬ ’ਚ ਭਾਜਪਾ ਅੰਦਰ ਇੰਨੀ ਵੱਡੀ ਖਿੱਚੋਤਾਣ ਹੈ ਕਿ ਉਸ ਦਾ ਚਾਹ ਕੇ ਵੀ ਪਾਰਟੀ ਦੇ ਨੇਤਾ ਹੱਲ ਨਹੀਂ ਕੱਢ ਸਕਦੇ। ਪਾਰਟੀ ਵਿਚ ਦੂਜੀ ਕਤਾਰ ਦੇ ਨੇਤਾ ਨਹੀਂ ਹਨ, ਜੋ ਵਰਕਰਾਂ ਨੂੰ ਸਹੀ ਦਿਸ਼ਾ ਦੇ ਸਕਣ। ਇਹੀ ਕਾਰਨ ਹੈ ਕਿ ਭਾਜਪਾ ਦਾ ਜਿਹੜਾ ਵਰਕਰ 20 ਸਾਲ ਪਹਿਲਾਂ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ, ਉਹ ਅੱਜ ਵੀ ਉਡੀਕ ਹੀ ਕਰ ਰਿਹਾ ਹੈ। ਪਾਰਟੀ ਨੇ 2010 ਵਿਚ ਅਸ਼ਵਨੀ ਸ਼ਰਮਾ ਨੂੰ ਪੰਜਾਬ ਦੀ ਕਮਾਨ ਸੌਂਪੀ, ਜਿਸ ਤੋਂ ਬਾਅਦ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ 12 ਸੀਟਾਂ ਜਿੱਤੀ। ਉਸ ਤੋਂ ਬਾਅਦ ਸ਼ਰਮਾ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਹੁਣ ਕੁਝ ਸਾਲ ਬਾਅਦ ਮੁੜ ਅਸ਼ਵਨੀ ਸ਼ਰਮਾ ਹੀ ਪ੍ਰਧਾਨ ਹਨ, ਜਦੋਂਕਿ ਪਾਰਟੀ ਨੂੰ ਹੋਰ ਚਿਹਰੇ ਨਹੀਂ ਮਿਲ ਰਹੇ। ਇਸੇ ਤਰ੍ਹਾਂ ਸੁਭਾਸ਼ ਸ਼ਰਮਾ ਪਾਰਟੀ ਵਿਚ ਸਵ. ਕਮਲ ਸ਼ਰਮਾ ਨਾਲ ਜਨਰਲ ਸਕੱਤਰ ਰਹੇ ਅਤੇ ਹੁਣ ਮੁੜ ਅਸ਼ਵਨੀ ਸ਼ਰਮਾ ਨਾਲ ਜਨਰਲ ਸਕੱਤਰ ਹਨ। ਜੋ ਪਹਿਲਾਂ ਜਨਰਲ ਸਕੱਤਰ ਸਨ, ਉਨ੍ਹਾਂ ਨੂੰ ਹੁਣ ਹੋਰ ਕੋਈ ਅਹੁਦਾ ਦੇ ਦਿੱਤਾ। ਕੁਲ ਮਿਲਾ ਕੇ ਘੁੰਮ-ਫਿਰ ਕੇ ਉਹੀ ਗਿਣੇ-ਚੁਣੇ ਲੋਕ ਪਾਰਟੀ ਵਿਚ ਵੱਖ-ਵੱਖ ਕਿਰਦਾਰ ਸੰਭਾਲਦੇ ਹਨ ਅਤੇ ਉਹੀ ਨੀਤੀਆਂ ਵਾਰ-ਵਾਰ ਪੰਜਾਬ ਵਿਚ ਲਾਗੂ ਹੋ ਰਹੀਆਂ ਹਨ, ਜਿਸ ਕਾਰਨ ਪੰਜਾਬ ’ਚ ਪਾਰਟੀ ਦੇ ਹਾਲਾਤ ਖ਼ਰਾਬ ਹੋ ਰਹੇ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਖ਼ੁਲਾਸਾ, ਦੱਸਿਆ ਕਿਉਂ ਨਹੀਂ ਹੋਇਆ ਸੰਯੁਕਤ ਸਮਾਜ ਮੋਰਚਾ ਨਾਲ ਗਠਜੋੜ
ਮੀਡੀਆ ’ਚ ਹੀ ‘ਜੋਸ਼ ਹਾਈ’
ਭਾਜਪਾ ਦੇ ਆਮ ਵਰਕਰ ਕੋਲੋਂ ਕਦੇ ਪੁੱਛਿਆ ਜਾਵੇ ਕਿ ‘ਹਾਓ ਇਜ਼ ਜੋਸ਼’ ਤਾਂ ਇਕੋ ਜਵਾਬ ਆਉਂਦਾ ਹੈ ਕਿ ‘ਹਾਈ’ ਪਰ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਦਾ ਪੂਰਾ ਜੋਸ਼ ਸਿਰਫ਼ ਮੀਡੀਆ ’ਚ ਹੀ ਹਾਈ ਹੈ। ਮੀਡੀਆ ਨਾਲ ਰੂਬਰੂ ਹੋ ਕੇ ਕੁਝ ਚੋਣਵੇਂ ਖ਼ਬਰਨਵੀਸਾਂ ਨਾਲ ਬੈਠਕਾਂ ਕਰ ਕੇ ਖ਼ਬਰਾਂ ਲਵਾ ਲਈਆਂ ਜਾਂਦੀਆਂ ਹਨ ਪਰ ਜ਼ਮੀਨੀ ਪੱਧਰ ’ਤੇ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਦਰਮਿਆਨ ਗੱਲਬਾਤ ਨਾਮਾਤਰ ਹੈ। ਇਹੀ ਖ਼ਬਰਾਂ ਕੇਂਦਰ ਦੇ ਕੁਝ ਨੇਤਾਵਾਂ ਨੂੰ ਭੇਜ ਕੇ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਭਾਜਪਾ ਦਾ ‘ਹਾਲ ਚੰਗਾ’ ਹੈ, ਜਦੋਂਕਿ ਪੰਜਾਬ ਵਿਚ ਵਰਕਰ ਪਾਰਟੀ ਤੋਂ ਦੂਰ ਹੋ ਰਹੇ ਹਨ ਕਿਉਂਕਿ ਸੜਕਾਂ ’ਤੇ ਤਾਂ ਭਾਜਪਾ ਕਿਤੇ ਨਜ਼ਰ ਹੀ ਨਹੀਂ ਆ ਰਹੀ, ਨਹੀਂ ਤਾਂ ਜਿਸ ਤਰ੍ਹਾਂ ਪੰਜਾਬ ’ਚ ਕਾਂਗਰਸ ਸੱਤਾ ਵਿਚ ਸੀ, ਉਹ ਚਾਹੁੰਦੀ ਤਾਂ ਪੰਜਾਬ ਦੀ ਜਨਤਾ ਦੇ ਮਸਲਿਆਂ ਨੂੰ ਮਰਜ਼ੀ ਨਾਲ ਕੈਸ਼ ਕਰ ਕੇ ਸੂਬੇ ’ਚ ਅਹਿਮ ਸਥਾਨ ਹਾਸਲ ਕਰ ਲੈਂਦੀ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ