ਕੋਰੋਨਾ : ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਸੋਚਣ ਲਈ ਮਜਬੂਰ

Tuesday, May 05, 2020 - 06:57 PM (IST)

ਸੁਲਤਾਲਪੁਰ ਲੋਧੀ, (ਧੀਰ)— ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਕਿਉਂਕਿ ਇਹੋ ਦੇਸ਼ ਦੇ ਅਨਾਜ ਭੰਡਾਰ 'ਚ ਸਭ ਤੋਂ ਵੱਧ ਆਪਣਾ ਯੋਗਦਾਨ ਪਾਉਂਦਾ ਹੈ। ਪੂਰੇ ਵਿਸ਼ਵ ਸਮੇਤ ਪੰਜਾਬ 'ਚ ਵੀ ਛਾਏ ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਸਿੱਧੇ ਤੌਰ 'ਤੇ ਖੇਤੀਬਾੜੀ 'ਤੇ ਪੈਂਦਾ ਵਿਖਾਈ ਦੇਣ ਲੱਗਾ ਹੈ, ਜਿਸ ਕਾਰਣ ਕਿਸਾਨਾਂ ਦੇ ਸਾਹ ਸੂਕੇ ਹਨ।
ਲੰਬੇ ਸਮੇਂ ਤੋਂ ਖੇਤੀ 'ਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਣ ਪਹਿਲਾਂ ਕਣਕ ਦੀ ਵਾਢੀ ਸਮੇਂ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਸਮੇਂ ਵੱਡੀ ਗਿਣਤੀ 'ਚ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ 'ਚ ਝੋਨੇ ਦੀ ਲੁਆਈ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ 'ਤੇ ਹੀ ਨਿਰਭਰ ਹੁੰਦੀ ਹੈ ਕਿਉਂਕਿ ਪ੍ਰਵਾਸੀ ਮਜ਼ਦੂਰ ਝੋਨੇ ਦੀ ਲੁਆਈ 'ਚ ਮਾਹਿਰ ਮੰਨੇ ਜਾਂਦੇ ਹਨ। ਹਰ ਵਾਰ ਵੱਡੀ ਗਿਣਤੀ 'ਚ ਝੋਨੇ ਦੀ ਲੁਆਈ ਲਈ ਪ੍ਰਵਾਸੀ ਮਜ਼ਦੂਰ ਪੰਜਾਬ ਆਉਂਦੇ ਹਨ ਜੋ ਇਸ ਵਾਰ ਲਾਕਡਾਊਨ ਅਤੇ ਕਰਫਿਊ ਕਾਰਣ ਨਹੀਂ ਆ ਸਕਣਗੇ।
ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਦੇ ਮੱਦੇਨਜ਼ਰ ਇਸ ਵਾਰ ਉਨ੍ਹਾਂ ਦਾ ਰੁਝਾਨ ਝੋਨੇ ਦੀ ਸਿੱਧੀ ਬਿਜਾਈ ਵੱਲ ਦਿਖਾਈ ਦੇ ਰਿਹਾ ਹੈ ਪਰ ਫਿਰ ਵੀ ਕਈ ਕਿਸਾਨਾਂ ਦਾ ਮਨ ਹਾਲੇ ਵੀ ਹੱਥ ਨਾਲ ਝੋਨੇ ਦੀ ਲੁਆਈ ਵੱਲ ਵਿਖਾਈ ਦੇ ਰਿਹਾ ਹੈ, ਜਿਸ ਲਈ ਉਨ੍ਹਾਂ ਨੇ ਹੁਣ ਤੋਂ ਹੀ ਪੰਜਾਬੀ ਪੇਂਡੂ ਮਜ਼ਦੂਰਾਂ ਨਾਲ ਗੱਲਬਾਤ ਪੱਕੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸਦਾ ਫਾਇਦਾ ਉਠਾ ਕੇ ਪੰਜਾਬੀ ਮਜ਼ਦੂਰਾਂ ਨੇ ਵੀ ਝੋਨੇ ਦੀ ਲੁਆਈ ਦੇ ਰੇਟ ਵਧਾ ਕੇ ਦੱਸਣੇ ਸ਼ੁਰੂ ਕਰ ਦਿੱਤੇ ਹਨ। ਪ੍ਰਵਾਸੀ ਮਜ਼ਦੂਰਾਂ ਵਲੋਂ ਘਰ ਵਾਪਸ ਜਾਣ ਦੀ ਤਿਆਰੀ ਕਾਰਣ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਨੂੰ ਜਿਥੇ ਵੱਡੀ ਗਿਣਤੀ 'ਚ ਉਨ੍ਹਾਂ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ ਉਥੇ ਝੋਨੇ ਦੀ ਲੁਆਈ ਦਾ ਪਿਛੜਣ ਦਾ ਵੀ ਡਰ ਸਤਾ ਰਿਹਾ ਹੈ। ਕੋਰੋਨਾ ਵਾਇਰਸ ਤੋਂ ਪਹਿਲਾਂ ਹੀ ਸਮੁੱਚੇ ਕਿਸਾਨਾਂ ਨੇ ਜ਼ਮੀਨਾਂ ਨੂੰ ਮਹਿੰਗੇ ਭਾਅ ਠੇਕੇ 'ਤੇ ਲੈ ਲਿਆ ਸੀ। ਹੁਣ ਅਜਿਹੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਕਾਰਣ ਆਪਣੀ ਜ਼ਮੀਨ ਵਿਹਲੇ ਰਹਿਣ ਦੀ ਚਿੰਤਾ ਸਤਾਉਣ ਲੱਗ ਪਈ ਸੀ।
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵੱਲ ਪ੍ਰੇਰਿਤ ਕਰਨ ਲਈ ਝੋਨੇ ਦੀ ਲੁਆਈ ਵਾਲੀ ਮਸ਼ੀਨ ਵੀ ਸਬਸਿਡੀ 'ਤੇ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰ ਵਲੋਂ ਸੋਸ਼ਲ ਡਿਸਟੈਂਸਸਿੰਗ ਬਣਾਈ ਰੱਖਣ ਲਈ ਪਿੰਡਾਂ 'ਚ ਅਨਾਊਂਸਮੈਂਟ ਵੀ ਕਰਵਾਈ ਜਾ ਰਹੀ ਹੈ ਕਿ ਪੰਜ ਵਿਅਕਤੀਆਂ ਤੋਂ ਜ਼ਿਆਦਾ ਵਿਅਕਤੀ ਕਿਸਾਨ ਦੇ ਖੇਤ 'ਚ ਝੋਨਾ ਨਹੀਂ ਲਗਾਉਣਗੇ। ਜੇਕਰ ਝੋਨਾ ਲਗਾਉਣ ਸਮੇਂ ਜ਼ਿਆਦਾ ਇਕੱਠ ਕੀਤਾ ਗਿਆ ਤਾਂ ਉਕਤ ਕਿਸਾਨ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਅਜਿਹੀ ਹਾਲਤ 'ਚ ਕਿਸਾਨ ਕਸੂਤੀ ਸਥਿਤੀ 'ਚ ਫਸਿਆ ਹੋਇਆ ਹੈ।

ਕੀ ਕਹਿਣੈ ਕਿਸਾਨਾਂ ਦਾ
ਕਿਸਾਨ ਬਲਦੇਵ ਸਿੰਘ, ਹਰਨੇਕ ਸਿੰਘ, ਬਚਿੱਤਰ ਸਿੰਘ, ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਹਾਲੇ ਤੱਕ ਤਾਂ ਮਸ਼ੀਨਾਂ ਨਾਲ ਝੋਨੇ ਦੀ ਬਿਜਾਈ ਦਾ ਪ੍ਰਯੋਗ ਸਫਲ ਨਹੀਂ ਵਿਖਾਈ ਦੇ ਰਿਹਾ ਹੈ ਕਿਉਂਕਿ ਜੋ ਫਸਲ ਦਾ ਝਾੜ ਹੱਥ ਨਾ ਲਗਾਉਣ ਵਾਲੇ ਝੋਨੇ ਨਾਲ ਆਉਂਦਾ ਹੈ ਉਹ ਸਿੱਧੀ ਬਿਜਾਈ ਨਾਲ ਨਹੀਂ ਆ ਸਕਦਾ। ਇਸ ਨਾਲ ਕੱਖ ਬਹੁਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮਜ਼ਦੂਰਾਂ ਦੀ ਘਾਟ ਕਾਰਨ 4 ਜਾਂ 5 ਏਕੜ 'ਚ ਸਿੱਧੀ ਬਿਜਾਈ ਕਰਨ ਦਾ ਮਨ ਹੈ ਜੇ ਪ੍ਰਯੋਗ ਫੇਲ ਹੋ ਗਿਆ ਤਾਂ ਪਨੀਰੀ ਵੀ ਲਗਾਉਣ 'ਤੇ ਉਨ੍ਹਾਂ ਨੂੰ ਖੇਤਾਂ 'ਚ ਫਿਰ ਹੱਥ ਨਾਲ ਝੋਨਾ ਲਗਾ ਦੇਵਾਂਗੇ।

ਸਿੱਧੀ ਬਿਜਾਈ ਵੱਲ ਰੁਝਾਨ ਵੱਧ ਰਿਹੈ : ਖੇਤੀਬਾੜੀ ਮਾਹਿਰ
ਖੇਤੀਬਾੜੀ ਮਾਹਿਰ ਡਾ. ਜਸਬੀਰ ਸਿੰਘ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਨੂੰ ਵੇਖਦਿਆਂ ਇਸ ਵਾਰ ਕਿਸਾਨਾਂ ਦਾ ਸਿੱਧੀ ਬਿਜਾਈ ਵੱਲ ਰੁਝਾਨ ਵੱਧ ਰਿਹਾ ਹੈ ਜਿਸ ਨਾਲ 30 ਤੋਂ 50 ਫੀਸਦੀ ਤੱਕ ਪਾਣੀ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਬਸਿਡੀ ਤੇ ਮਸ਼ੀਨਾਂ ਝੋਨੇ ਵਾਸਤੇ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਅਰਜ਼ੀਆਂ ਭੇਜੀਆਂ ਜਾ ਰਹੀਆਂ ਹਨ।


KamalJeet Singh

Content Editor

Related News