ਮਲੋਟ 'ਚ ਪੀਣ ਵਾਲੇ ਪਾਣੀ ਦੀ ਘਾਟ, ਸਰੱਹਦ ਫੀਡਰ ਬੰਦ ਹੋਣ ਕਾਰਨ ਵਧੀ ਸਮੱਸਿਆ

Wednesday, May 25, 2022 - 02:06 PM (IST)

ਮਲੋਟ 'ਚ ਪੀਣ ਵਾਲੇ ਪਾਣੀ ਦੀ ਘਾਟ, ਸਰੱਹਦ ਫੀਡਰ ਬੰਦ ਹੋਣ ਕਾਰਨ ਵਧੀ ਸਮੱਸਿਆ

ਮਲੋਟ( ਜੁਨੇਜਾ) : ਸ਼ਹਿਰੀ ਅਤੇ ਪਿੰਡਾਂ ਦੇ ਜਲ ਘਰਾਂ ਅੰਦਰ ਪਾਣੀ ਸਪਲਾਈ ਦਾ ਸਰੋਤ ਸਰਹੰਦ ਫੀਡਰ ਹੈ, ਇਸ ਤੋਂ ਬਿਨ੍ਹਾਂ ਲੋਕ ਵਰਤੋਂ ਲਈ ਛੋਟੀਆਂ ਨਹਿਰਾਂ ਵਿੱਚੋਂ ਪਾਣੀ ਲੈਂਦੇ ਹਨ ਪਰ ਸਰਹੰਦ ਨਹਿਰ ਵਿਚ ਪਾੜ ਪੈਣ ਕਾਰਨ ਮਲੋਟ ਸ਼ਹਿਰੀ ਖੇਤਰ ਅਤੇ ਕਈ ਪਿੰਡਾਂ ਵਿਚ ਪੀਣ ਦੇ ਪਾਣੀ ਦੀ ਘਾਟ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ। ਪੂਰੇ ਇਲਾਕੇ ਅੰਦਰ ਧਰਤੀ ਹੇਠਲਾਂ ਪਾਣੀ ਜ਼ਹਿਰੀਲਾ ਹੋਣ ਕਾਰਨ ਲੋਕਾਂ ਨੂੰ ਮੁੱਲ ਦਾ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸ਼ਹਿਰੀ ਖੇਤਰਾਂ ਦੇ ਲੋਕ ਪਾਣੀ ਦੀ ਘਾਟ ਕਾਰਨ ਸਰਕਾਰ ਨੂੰ ਕੋਸ ਰਹੇ ਹਨ। ਮਲੋਟ ਸ਼ਹਿਰ ਦੇ ਅੰਦਰ ਕਈ ਖੇਤਰਾਂ ਵਿਚ ਰੋਜ਼ਾਨਾਂ ਸਪਲਾਈ ਦੀ ਥਾਂ 4 ਦਿਨਾਂ ਬਾਅਦ ਸਪਲਾਈ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਆਈ. ਪੀ. ਐੱਸ. ਅਧਿਕਾਰੀਆਂ ਦੀ ਸੀਨੀਓਰਿਟੀ ਲਿਸਟ ’ਚ ਫੇਰਬਦਲ, ਕੇਂਦਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਦੀ ਪੁੱਡਾ ਕਾਲੋਨੀ, ਗੁਰੂ ਨਾਨਕ ਨਗਰੀ, ਆਦਰਸ਼ ਨਗਰੀ, ਪਟੇਲ ਨਗਰ ਸਮੇਤ ਕਈ ਵਾਰਡਾਂ ਵਿਚ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਰੋਜ਼ਾਨਾ ਪੀਣ ਲਈ ਮੁੱਲ ਦਾ ਪਾਣੀ ਵਰਤੋਂ ਵਿਚ ਲਿਆਉਂਦੇ ਹਨ ਪਰ ਹੇਠਲੇ ਮੱਧ ਵਰਗੀ ਲੋਕਾਂ ਵਿਚ ਮੁੱਲ ਲੈ ਕੇ ਪਾਣੀ ਪੀਣ ਦੀ ਪਹੁੰਚ ਨਹੀਂ। 

ਸਬ ਡਵੀਜ਼ਨ ਮਲੋਟ ਦੇ ਪਿੰਡ ਤਮਕੋਟ ਸਮੇਤ ਵੱਖ-ਵੱਖ ਪਿੰਡਾਂ 'ਚ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਚੱਲ ਰਹੀ ਹੈ। ਪਿੰਡ ਤਾਮਕੋਟ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅੰਦਰ ਬੇਸ਼ੱਕ 2012 ਵਿਚ ਨਵਾਂ ਵਾਟਰ ਵਰਕਸ ਬਣਿਆ ਪਰ ਤਕਨੀਕੀ ਖਾਮੀਆਂ ਕਰਕੇ ਉਨ੍ਹਾਂ ਦੀ ਮੁਸ਼ਕਿਲ ਹੱਲ ਨਹੀਂ ਹੋਈ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਮੁੱਖ ਮੰਤਰੀ ਭਗਵੰਤ ਮਾਨ ਖੁਦ ਹੀ ਸੰਭਾਲਣਗੇ ਸਿਹਤ ਮਹਿਕਮਾ

ਹੁਣ ਰਾਜਸਥਾਨ ਅਤੇ ਸਰਹੰਦ ਫੀਡਰ ਨਹਿਰ ਦੀ ਚੱਲ ਰਹੀ ਮੁਰੰਮਤ ਕਾਰਨ ਸਮੱਸਿਆ ਵੱਧ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਕੈਨੀਆਂ ਰਾਹੀਂ ਦੂਸਰੇ ਪਿੰਡ ਦੀ ਹੱਦ ਤੋਂ ਕਰੀਬ 5 ਕਿਲੋਮੀਟਰ ਦੂਰ ਨਲਕੇ ਤੋਂ ਪਾਣੀ ਲਿਆਉਣਾਂ ਪੈ ਰਿਹਾ ਹੈ। ਇਸ ਤੋਂ ਇਲਾਵਾ ਵਰਤੋਂ ਲਈ 1 ਹਜ਼ਾਰ ਰੁਪਏ ਦਾ ਕੈਂਟਰ ਲੈਣਾ ਪੈ ਰਿਹਾ ਹੈ। ਉਨ੍ਹਾਂ ਕੈਬਨਿਟ ਮੰਤਰੀ ਬਲਜੀਤ ਕੌਰ ਨਾਲ ਵੀ ਇਸ ਸਮੱਸਿਆ ਦੇ ਪੱਕੇ ਹੱਲ ਲਈ ਬੇਨਤੀ ਕੀਤੀ ਹੈ ਜਿਨ੍ਹਾਂ ਨੇ ਇਸ ਦੇ ਹੱਲ ਦਾ ਭਰੋਸਾ ਦਿੱਤਾ ਹੈ। ਉਧਰ ਸ਼ਹਿਰੀ ਖੇਤਰ ਦੇ ਵਾਟਰ ਵਰਕਸ ਵਿਭਾਗ ਦੇ ਇੰਜੀਨੀਅਰ ਰਕੇਸ਼ ਮੋਹਨ ਮੱਕੜ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪਾਣ ਵਾਲੇ ਪਾਣੀ ਨੂੰ ਸਟੋਰ ਕਰਨ ਦੀ ਸਮਰੱਥਾ 7 ਦਿਨ ਦੀ ਹੈ ਪਰ ਨਹਿਰ ਬੰਦੀ 15 ਦਿਨਾਂ ਤੋਂ ਲੰਘ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸ਼ੁੱਕਰਵਾਰ ਤੱਕ ਪਾਣੀ ਸਪਲਾਈ ਬਹਾਲ ਹੋ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News