ਸਮਰਾਲਾ ''ਚ ਪਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

Monday, Jul 30, 2018 - 11:48 AM (IST)

ਸਮਰਾਲਾ ''ਚ ਪਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਸਮਰਾਲਾ (ਸੰਜੇ ਗਰਗ) : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਰੋਹਲੇ 'ਚ ਇਕ ਅਣਪਛਾਤੇ ਪਰਵਾਸੀ ਮਜ਼ਦੂਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਸਵੇਰੇ ਇਸ ਵਾਰਦਾਤ ਦੀ ਜਾਣਕਾਰੀ ਮਿਲਣ 'ਤੇ ਪੁਲਸ ਦੇ ਕਈ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮ੍ਰਿਤਕ ਵਿਅਕਤੀ ਦੀ ਪਛਾਣ ਲਈ ਪੁਲਸ ਆਸ-ਪਾਸ ਦੇ ਪਿੰਡਾਂ ਅਤੇ ਇਲਾਕੇ ਦੀਆਂ ਝੁੱਗੀ-ਝੌਪੜੀਆਂ 'ਚ ਪੁੱਛ-ਗਿੱਛ ਕਰਨ 'ਚ ਜੁੱਟ ਗਈ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਪਿੰਡ ਰੋਹਲੇ ਦੇ ਕੁਝ ਵਿਅਕਤੀਆਂ ਨੇ 35-40 ਸਾਲ ਦੇ ਇਕ ਪਰਵਾਸੀ ਮਜ਼ਦੂਰ ਦੀ ਖੂਨ ਨਾਲ ਲੱਥਪਥ ਲਾਸ਼ ਪਈ ਦੇਖੀ।

ਲਾਸ਼ ਦੇ ਕੋਲ ਹੀ ਇਸ ਮਜ਼ਦੂਰ ਦਾ ਰੇਹੜੀ-ਰਿਕਸ਼ਾ ਵੀ ਖੜ੍ਹਾ ਸੀ। ਤੁਰੰਤ ਇਸ ਦੀ ਜਾਣਕਾਰੀ ਸਮਰਾਲਾ ਥਾਣੇ 'ਚ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਐੱਸ.ਐੱਚ.ਓ. ਸਮੇਤ ਐੱਸ.ਪੀ. ਡੀ. ਮੌਕੇ 'ਤੇ ਪੁੱਜੇ। ਪੁਲਸ ਨੇ ਦੇਖਿਆ ਕਿ ਮੌਕੇ 'ਤੇ ਲਾਸ਼ ਦੇ ਨੇੜੇ ਕੁਝ ਖਾਲੀ ਪਲੇਟਾਂ ਅਤੇ ਖਾਣ-ਪੀਣ ਦਾ ਸਾਮਾਨ ਵੀ ਖਿੱਲਰਿਆ ਪਿਆ ਸੀ, ਜਿਸ ਤੋਂ ਜਾਪਦਾ ਹੈ ਕਿ ਰਾਤ ਨੂੰ ਇਸ ਵਿਅਕਤੀ ਨੇ ਕਿਸੇ ਨਾਲ ਇਥੇ ਬੈਠ ਕੇ ਸ਼ਰਾਬ ਪੀਤੀ ਹੋਵੇਗੀ ਅਤੇ ਉਸ ਪਿੱਛੋਂ ਸਿਰ 'ਚ ਪੱਥਰ ਮਾਰ ਕੇ ਇਸ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਕਾਤਲ ਤੱਕ ਪੁੱਜਣ ਤੋਂ ਪਹਿਲਾ ਪੁਲਸ ਲਈ ਮ੍ਰਿਤਕ ਦੀ ਪਛਾਣ ਹੀ ਇਕ ਪਹੇਲੀ ਬਣੀ ਹੋਈ ਹੈ ਅਤੇ ਪੁਲਸ ਨੂੰ ਮੁੱਢਲੀ ਜਾਂਚ 'ਚ ਸਿਰਫ ਇੰਨਾ ਹੀ ਪਤਾ ਲੱਗਿਆ ਹੈ ਕਿ ਮ੍ਰਿਤਕ ਆਪਣੇ ਰਿਕਸ਼ਾ-ਰੇਹੜੇ 'ਤੇ ਕੂੜੇ-ਕਰਕਟ 'ਚੋਂ ਕਾਗਰ ਅਤੇ ਪਲਾਸਟਿਕ ਚੁਗਣ ਦਾ ਕੰਮ ਕਰਦਾ ਸੀ।


Related News