ਦਰਦਨਾਕ ਸੜਕ ਹਾਦਸੇ ਦੌਰਾਨ ਪਰਵਾਸੀ ਮਜ਼ਦੂਰ ਦੀ ਮੌਤ, 2 ਜ਼ਖਮੀਂ
Saturday, Aug 08, 2020 - 04:22 PM (IST)
ਲੁਧਿਆਣਾ (ਰਾਜ) : ਇੱਥੇ ਰਾਏਕੋਟ-ਲੁਧਿਆਣਾ ਰੋਡ 'ਤੇ ਸਥਿਤ ਕਸਬਾ ਜੋਧਾਂ ਵਿਖੇ ਇੱਕ ਮੈਰਿਜ ਪੈਲੇਸ ਨੇੜੇ ਬੀਤੀ ਰਾਤ ਤੇਜ਼ ਰਫਤਾਰ ਤੂੜੀ ਵਾਲੇ ਟਰੱਕ ਨੇ ਇੱਕ ਸਕੂਟਰ ਸਵਾਰ ਅਤੇ ਇੱਕ ਮੋਟਰਸਾਈਕਲ ਨੂੰ ਲਪੇਟ 'ਚ ਲੈ ਲਿਆ। ਇਸ ਹਾਦਸੇ ਦੌਰਾਨ ਇੱਕ ਨੌਜਵਾਨ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ ਹਨ।
ਪੁਲਸ ਥਾਣਾ ਜੋਧਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾਦ ਵਿਖੇ ਰਹਿੰਦੇ ਬਿਹਾਰ ਦੇ ਦੋ ਪ੍ਰਵਾਸੀ ਮਜ਼ਦੂਰ ਮੁਹੰਮਦ ਆਦਿਲ (27) ਪੁੱਤਰ ਮੁਹੰਮਦ ਅਸੀਮ ਆਲਮ ਅਤੇ ਮੁਹੰਮਦ ਮੁਜ਼ੱਫਰ, ਜੋ ਜੋਧਾਂ ਇਲਾਕੇ 'ਚ ਕੋਠੀਆਂ 'ਚ ਪੱਥਰ (ਟਾਈਲਾਂ) ਲਗਾਉਣ ਦਾ ਕੰਮ ਕਰਦੇ ਹਨ, ਬੀਤੀ ਰਾਤ ਉਹ ਆਪਣੇ ਕੰਮ ਤੋਂ ਸਕੂਟਰ 'ਤੇ ਸਵਾਰ ਹੋ ਕੇ ਪਿੰਡ ਦਾਦ ਵਿਖੇ ਘਰ ਵਾਪਸ ਜਾ ਰਹੇ ਸਨ ਪਰ ਜਦੋਂ ਉਹ ਕਸਬਾ ਜੋਧਾਂ ਤੋਂ ਥੋੜ੍ਹੀ ਦੂਰ ਪੁੱਜੇ ਤਾਂ ਪਿਛੋਂ ਆ ਰਹੇ ਇੱਕ ਤੇਜ਼ ਰਫਤਾਰ ਤੂੜੀ ਵਾਲੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਨਾਂ ਦਾ ਸਕੂਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇੱਕ ਮਜ਼ਦੂਰ ਮੁਹੰਮਦ ਆਦਿਲ (27) ਦੀ ਟਰੱਕ ਦੇ ਟਾਇਰਾਂ ਥੱਲੇ ਆ ਜਾਣ ਕਾਰਨ ਮੌਤ ਹੋ ਗਈ ਅਤੇ ਉਸਦਾ ਦੂਜਾ ਸਾਥੀ ਵੀ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ।
ਇਸ ਮੌਕੇ ਉਕਤ ਟਰੱਕ ਚਾਲਕ ਨੇ ਅੱਗਿਓਂ ਆ ਰਹੇ ਇੱਕ ਮੋਟਰਸਾਈਕਲ ਨੂੰ ਵੀ ਟੱਕਰ ਮਾਰ ਦਿੱਤੀ, ਜਿਸ ਕਾਰਨ ਮਨਦੀਪ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਡਾਂਗੋ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ। ਇਸ ਹਾਦਸੇ ਉਪਰੰਤ ਉਕਤ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਹ ਹਾਦਸੇ ਦੀ ਸੂਚਨਾ ਮਿਲਣ 'ਤੇ ਪੁੱਜੀ ਥਾਣਾ ਜੋਧਾਂ ਦੀ ਪੁਲਸ ਨੇ ਜ਼ਖਮੀਆਂ ਨੂੰ ਸਰਾਭਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ 'ਚ ਰਖਵਾ ਦਿੱਤਾ। ਇਸ ਸਬੰਧ 'ਚ ਜੋਧਾਂ ਪੁਲਸ ਨੇ ਟਰੱਕ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।