JCB ਕਰੈਸਟ ''ਚ ਉਸਾਰੀ ਅਧੀਨ ਮਕਾਨ ਦੀ ਕੰਧ ਡਿੱਗੀ, ਮਜ਼ਦੂਰ ਦੀ ਮੌਤ

Monday, Apr 25, 2022 - 02:52 PM (IST)

JCB ਕਰੈਸਟ ''ਚ ਉਸਾਰੀ ਅਧੀਨ ਮਕਾਨ ਦੀ ਕੰਧ ਡਿੱਗੀ, ਮਜ਼ਦੂਰ ਦੀ ਮੌਤ

ਖਰੜ (ਰਣਬੀਰ) : ਨਗਰ ਕੌਂਸਲ ਏਰੀਆ ਅਧੀਨ ਧੜਾਧੜ ਹੋ ਰਹੀਆਂ ਉਸਾਰੀਆਂ ਦੇ ਨਤੀਜੇ ਵੱਜੋਂ ਸੁਰੱਖਿਆ ਨਿਯਮਾਂ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤੇ ਜਾਣ ਕਾਰਨ ਨਿਰਮਾਣ ਕਾਰਜਾਂ ਦੌਰਾਨ ਵਾਪਰਨ ਵਾਲੇ ਹਾਦਸੇ ਅਕਸਰ ਸਾਡੇ ਸਾਹਮਣੇ ਆਉਂਦੇ ਰਹਿੰਦੇ ਹਨ। ਇਕ ਹੋਰ ਹਾਦਸੇ ਵਿਚ ਉਸਾਰੀ ਅਧੀਨ ਇਕ ਮਕਾਨ ਦੀ ਕੰਧ ਮਜ਼ਦੂਰਾਂ ’ਤੇ ਡਿਗਣ ਨਾਲ ਇਕ ਮਜ਼ਦੂਰ ਦੀ ਮੌਤ ਅਤੇ 2 ਜ਼ਖ਼ਮੀ ਹੋ ਗਏ। ਹਾਦਸਾ ਇੱਥੋਂ ਦੀ ਖਰੜ-ਮੋਰਿੰਡਾ ਰੋੜ ਭਾਗੋ ਮਾਜਰਾ ਟੋਲ ਪਲਾਜ਼ਾ ਜੀ. ਬੀ. ਪੀ. ਕਰੈਸਟ ਅਪਾਰਟਮੈਂਟ ਦੇ ਉਸਾਰੀ ਅਧੀਨ ਮਕਾਨ ਨੰ-206 ਵਿਚ ਉਸ ਵੇਲੇ ਵਾਪਰਿਆ, ਜਦੋਂ ਉਕਤ ਥਾਂ ਗਰਾਊਂਡ ਫਲੋਰ ’ਤੇ ਲੈਂਟਰ ਪਾਉਣ ਤੋਂ ਪਹਿਲਾਂ ਸ਼ਟਰਿੰਗ ਦਾ ਕੰਮ‌ ਚੱਲ ਰਿਹਾ ਸੀ।

ਮਕਾਨ ਮਾਲਕ ਹਿਮਾਚਲ ਪ੍ਰਦੇਸ਼ ਊਨਾ (ਗਗਰੇਟ) ਵਾਸੀ ਮਨੋਰੰਜਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਕਾਨ ਦੀ ਉਸਾਰੀ ਦਾ ਠੇਕਾ ਜਗਜੀਤ ਸਿੰਘ ਨਾਂ ਦੇ ਠੇਕੇਦਾਰ ਨੂੰ ਦਿੱਤਾ ਹੋਇਆ ਹੈ। ਬਿਲਕੁਲ ਨਾਲ ਵਾਲੇ ਮਕਾਨ ਨੰਬਰ-207, ਜਿਸ ਦਾ ਗਰਾਂਊਂਡ ਫਲੋਰ ਦਾ ਲੈਂਟਰ ਪੈ ਚੁੱਕਾ ਹੈ ਅਤੇ ਉਸ ਤੋਂ ਉੱਪਰ ਪਹਿਲੀ ਮੰਜ਼ਿਲ ਦੀ ਕੰਧ, ਜੋ ਉਨ੍ਹਾਂ ਨਾਲ ਸਾਂਝੀ ਹੈ, ਵੀ ਬਣ ਚੁੱਕੀ ਹੈ। ਜਿਵੇਂ ਹੀ ਲੇਬਰ ਨੇ ਕੰਮ ਸ਼ੁਰੂ ਕੀਤਾ ਤਾਂ ਕੰਧ ਇਸ ਪਾਸੇ ਡਿਗਣ ਨਾਲ ਇਹ ਹਾਦਸਾ ਵਾਪਰ ਗਿਆ। ਸ਼ਨੀਵਾਰ ਮਕਾਨ ਨੰਬਰ-206 ਵਾਲੇ ਪਾਸੇ ਲੈਂਟਰ ਲਈ ਸਰੀਆ ਬੰਨ੍ਹਣ ਦੀ ਤਿਆਰੀ ਚੱਲ ਰਹੀ ਸੀ ਕਿ ਨਾਲ ਦੇ ਮਕਾਨ ਦੀ ਸਾਂਝੀ ਕੰਧ 3 ਮਜ਼ਦੂਰਾਂ ’ਤੇ ਡਿਗ ਪਈ, ਜਿਸ ਨਾਲ ਮਜ਼ਦੂਰ ਔਖਿਲ ਕੁਮਾਰ ਸ਼ਾਹ (32), ਵੇਦ ਪ੍ਰਕਾਸ਼ ਅਤੇ ਨੋਨੂੰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪੁੱਜਦਿਆਂ ਹੀ ਔਖਿਲ, ਜੋ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਸੀ, ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਜਦੋਂ ਕਿ ਉਸ ਦੇ ਬਾਕੀ ਸਾਥੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਪਿੱਛੋਂ ਡਿਸਚਾਰਜ ਕਰ ਦਿੱਤਾ ਗਿਆ ਹੈ।

ਹਾਦਸੇ ਦੀ ਸੂਚਨਾ ਥਾਣਾ ਘੜੂੰਆਂ ਪੁਲਸ ਨੂੰ ਦਿੱਤੀ ਗਈ, ਜਿਥੋਂ ਤਫਤੀਸ਼ੀ ਅਫ਼ਸਰ ਬਲਬੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ, ਜਿਸ ਦੇ ਵਾਰਸਾਂ ਦੇ ਇੱਥੇ ਆਉਣ ਪਿੱਛੋਂ ਜੋ ਵੀ ਉਹ ਬਿਆਨ ਕਲਮਬੱਧ ਕਰਵਾਉਣਗੇ, ਉਸ ਦੇ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਬਿਲਡਿੰਗ ਇੰਸਪੈਕਟਰ ਨਗਰ ਕੌਂਸਲ ਖਰੜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜ ਗਏ ਸਨ ਅਤੇ ਦੋਵੇਂ ਮਕਾਨਾਂ ਦੇ ਬਕਾਇਦਾ ਨਕਸ਼ੇ ਨਗਰ ਕੌਂਸਲ ਵੱਲੋਂ ਪਾਸ ਹਨ। ਜੇਕਰ ਥੋੜ੍ਹਾ ਚੌਕਸੀ ਤੋਂ ਕੰਮ ਲਿਆ ਜਾਂਦਾ ਤਾਂ ਇਹ ਹਾਦਸਾ ਟਲ ਸਕਦਾ ਹੈ। ਇਸ ਸਬੰਧੀ ਠੇਕੇਦਾਰ ਜਗਜੀਤ ਸਿੰਘ ਦਾ ਪੱਖ ਜਾਨਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਫੋਨ ਅਟੈਂਡ ਨਹੀਂ ਕੀਤਾ।


 


author

Babita

Content Editor

Related News