ਲੇਬਰਫੈੱਡ ਦੇ ਚੇਅਰਮੈਨ ਤੋਂ ਹਥਿਆਰਾਂ ਦੇ ਜ਼ੋਰ 'ਤੇ ਖੋਹੀ ਨਕਦੀ ਤੇ ਗੱਡੀ

Thursday, Dec 06, 2018 - 01:00 PM (IST)

ਲੇਬਰਫੈੱਡ ਦੇ ਚੇਅਰਮੈਨ ਤੋਂ ਹਥਿਆਰਾਂ ਦੇ ਜ਼ੋਰ 'ਤੇ ਖੋਹੀ ਨਕਦੀ ਤੇ ਗੱਡੀ

ਅੰਮ੍ਰਿਤਸਰ (ਛੀਨਾ) - ਬੀਤੀ ਰਾਤ ਲੇਬਰਫੈੱਡ ਤਰਨਤਾਰਨ ਦੇ ਚੇਅਰਮੈਨ ਤੋਂ ਹਥਿਆਰਾਂ ਦੀ ਨੋਕ 'ਤੇ ਕੁਝ ਵਿਅਕਤੀਆਂ ਵਲੋਂ ਜਬਰੀ ਕਰੇਟਾ ਗੱਡੀ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਐੱਸ. ਪੀ. ਡੀ. ਹਰਪਾਲ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ, ਜਿੰਨਾ ਨੇ ਜਾਣਕਾਰੀ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਲੇਬਰਫੈੱਡ ਤਰਨਤਾਰਨ ਦੇ ਚੇਅਰਮੈਨ ਗੁਰਦਿਆਲ ਸਿੰਘ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਵਿਭਾਗ ਦੇ ਜ਼ਰੂਰੀ ਕੰਮ ਸਬੰਧੀ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਤੋਂ ਚਿੱਟੇ ਰੰਗ ਦੀ ਕਰੇਟਾ ਗੱਡੀ ਨੰ. ਪੀ. ਬੀ. 02 ਡੀ. ਕਿਊ 7374 'ਚ ਵਾਪਸ ਆ ਰਹੇ ਸਨ। ਜਦ ਉਹ ਆਪਣੇ ਇਕ ਸਾਥੀ ਨੂੰ ਉਸ ਦੇ ਘਰ ਛੱਡਣ ਲਈ ਜੰਡਿਆਲਾ ਗੁਰੂ-ਤਰਨਤਾਰਨ ਰੋਡ ਤੋਂ ਨਿਕਲੇ ਤਾਂ ਪੱਖੋਕੇ ਲਿੰਕ ਸੜਕ 'ਤੇ ਪਿੱਛੋਂ ਦੀ ਤੇਜ਼ ਰਫਤਾਰ 'ਚ ਆਈ ਇਕ ਗੱਡੀ ਸਾਡੀ ਗੱਡੀ ਦੇ ਅੱਗੇ ਖੜ੍ਹ ਗਈ, ਜਿਸ 'ਚ 4 ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ਦੇ ਮੂੰਹ ਢੱਕੇ ਹੋਏ ਸਨ। ਹਥਿਆਰਾਂ ਦੀ ਨੋਕ 'ਤੇ ਉਹ ਮੈਨੂੰ ਗੱਡੀ 'ਚੋਂ ਜਬਰੀ ਉਤਾਰਨ ਲੱਗ ਪਏ, ਜਦੋਂ ਮੈਂ ਵਿਰੋਧ ਕਰਨਾ ਚਾਹਿਆ ਤਾਂ ਉਨ੍ਹਾਂ 'ਚੋਂ ਇਕ ਨੇ ਸਾਨੂੰ ਡਰਾਉਣ ਲਈ 2 ਫਾਇਰ ਜ਼ਮੀਨ 'ਤੇ ਕਰ ਦਿੱਤੇ, ਜਿਸ ਤੋਂ ਬਾਅਦ ਮੈਂ ਤੇ ਮੇਰੇ ਸਾਥੀ ਗੱਡੀ 'ਚੋਂ ਉਤਰ ਗਏ। ਉਕਤ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ 'ਤੇ ਸਾਡੀ ਤਲਾਸ਼ੀ ਲੈ ਕੇ ਸਾਡੇ ਕੋਲੋਂ ਸਾਰੀ ਨਕਦੀ ਖੋਹ ਲਈ ਤੇ ਕਰੇਟਾ ਗੱਡੀ ਲੈ ਕੇ ਪਿੰਡ ਪੱਖੋਕੇ ਨੂੰ ਫਰਾਰ ਹੋ ਗਏ। 

ਚੇਅਰਮੈਨ ਨੇ ਸ਼ੱਕ ਪ੍ਰਗਟਾਇਆ ਕਿ ਉਕਤ ਵਿਅਕਤੀਆਂ ਕੋਲ ਕਾਫੀ ਮਾਤਰਾ 'ਚ ਹਥਿਆਰ ਜਾਪਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਸਿਰਫ ਲੁਟੇਰੇ ਕਹਿਣਾ ਠੀਕ ਨਹੀਂ, ਉਹ ਅੱਤਵਾਦੀ ਵੀ ਹੋ ਸਕਦੇ ਹਨ, ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੱਡੀ ਖੋਹਣ ਵਾਲੇ ਵਿਅਕਤੀ ਪੰਜਾਬ 'ਚ ਕਿਸੇ ਮੰਦਭਾਗੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ, ਜਿਸ ਕਾਰਨ ਇਸ ਮਾਮਲੇ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ।


author

rajwinder kaur

Content Editor

Related News