ਸਰਕਾਰ ਵਲੋਂ ਪੱਲੇਦਾਰ ਮਜਦੂਰ ਵਿਰੋਧੀ ਨੀਤੀਆਂ ਬਣਾਕੇ ਗਰੀਬਾਂ ਨੂੰ ਖਤਮ ਕੀਤਾ ਜਾ ਰਿਹੈ : ਬੱਛੋਆਣਾ
Thursday, Mar 01, 2018 - 11:02 AM (IST)

ਬੁਢਲਾਡਾ (ਬਾਂਸਲ) — ਸਥਾਨਕ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਦਫਤਰ ਵਿਖੇ 12 ਮਾਰਚ ਨੂੰ ਪਟਿਆਲਾ ਵਿਖੇ ਲਗਾਏ ਜਾ ਰਹੇ ਧਰਨੇ ਸਬੰਧੀ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ । ਇਸ ਮੌਕੇ ਬੋਲਦਿਆਂ ਡੀਪੂ ਪ੍ਰਧਾਨ ਦਰਸ਼ਨ ਸਿੰਘ ਬੱਛੋਆਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਪੱਲੇਦਾਰ ਮਜਦੂਰ ਵਿਰੋਧੀ ਨੀਤੀਆਂ ਬਣਾ ਕੇ ਗਰੀਬੀ ਨੂੰ ਖਤਮ ਕਰਨ ਦੀ ਬਜਾਏ ਗਰੀਬ ਮਜਦੂਰ ਨੂੰ ਖਤਮ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਮਜਦੂਰਾਂ ਨਾਲ ਚੋਣਾਂ ਤੋ ਪਹਿਲਾਂ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ, ਜਿਸ ਕਾਰਨ ਮਜਦੂਰ ਵਰਗ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਵੀਂ ਬਣਾਈ ਜਾ ਰਹੀ ਮਜਦੂਰ ਮਾਰੂ ਪਾਲਸੀ ਕਾਰਨ ਮਜਦੂਰ ਵਰਗ ਦਾ ਬੁਰੀ ਤਰ੍ਹਾਂ ਕਚੂੰਮਰ ਨਿਕਲ ਜਾਵੇਗਾ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਅਤੇ ਬੱਚਿਆਂ ਦੇ ਭਵਿੱਖ 'ਤੇ ਖਤਰੇ ਦੇ ਬਦਲ ਮਡਰਾਂ ਰਹੇ ਹਨ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਾਲਸੀ ਨੂੰ ਵਾਪਸ ਲੈ ਕੇ ਮਜਦੂਰ ਹਿੱਤਾਂ ਦੀ ਰਾਖੀ ਕੀਤੀ ਜਾਵੇ। ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਸੁਖਦੇਵ ਸਿੰਘ ਮੰਡੇਰ,ਸੈਕਟਰੀ ਰਾਜਦੀਪ ਸਿੰਘ,ਜੰਟਾ ਸਿੰਘ ਗੁਰਨੇ,ਜੱਗਾ ਸਿੰਘ ਸਤੀਕੇ,ਜਗਤਾਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ ।