ਪ੍ਰਵਾਸੀ ਮਜ਼ਦੂਰ ਨੇ ਕਹੀ ਨਾਲ ਵੱਢਿਆ ਕਿਸਾਨ

Saturday, Jun 15, 2019 - 11:30 AM (IST)

ਪ੍ਰਵਾਸੀ ਮਜ਼ਦੂਰ ਨੇ ਕਹੀ ਨਾਲ ਵੱਢਿਆ ਕਿਸਾਨ

ਲੋਪੋਕੇ/ਚੋਗਾਵਾਂ (ਸਤਨਾਮ/ਹਰਜੀਤ) : ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੇਲੇਕੇ ਦੇ ਬਾਹਰ ਬਣੀ ਬਹਿਕ 'ਤੇ ਪ੍ਰਵਾਸੀ ਮਜ਼ਦੂਰ ਨੇ ਇਕ ਕਿਸਾਨ ਦਾ ਕਹੀ ਨਾਲ ਸਿਰ 'ਤੇ ਵਾਰ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਪੁੱਤਰ ਦਿਆਲ ਸਿੰਘ (40) ਪਿੰਡ ਚੇਲੇਕੇ ਜੋ ਕਿ 2 ਦਿਨ ਪਹਿਲਾਂ ਹੀ ਇਕ ਪ੍ਰਵਾਸੀ ਮਜ਼ਦੂਰ ਬੰਟੀ ਨੂੰ ਖੇਤੀਬਾੜੀ ਦੇ ਕੰਮ ਲਈ ਲੈ ਕੇ ਆਇਆ ਸੀ, ਸ਼ੁੱਕਰਵਾਰ ਸਵੇਰੇ ਜਦੋਂ ਉਹ ਉਸ ਨੂੰ ਕੰਮ ਲਈ ਕਹਿ ਕੇ ਵਾਪਸ ਘਰ ਪਰਤਣ ਲੱਗਾ ਤਾਂ ਬੰਟੀ ਨੇ ਬੰਬੀ ਵਾਲੇ ਕਮਰੇ 'ਚ ਪਈ ਕਹੀ ਨਾਲ ਪਿੱਛੋਂ ਉਸ ਦੇ ਸਿਰ 'ਤੇ ਤਿੱਖਾ ਵਾਰ ਕਰ ਦਿੱਤਾ, ਜਿਸ 'ਤੇ ਦਲਜੀਤ ਸਿੰਘ ਹੇਠਾਂ ਡਿੱਗ ਪਿਆ ਤਾਂ ਬੰਟੀ ਨੇ 4 ਹੋਰ ਵਾਰ ਕਰ ਦਿੱਤੇ। ਬੁਰੀ ਤਰ੍ਹਾਂ ਜ਼ਖਮੀ ਹੋਏ ਦਲਜੀਤ ਸਿੰਘ ਨੂੰ ਘਰ ਵਾਲਿਆਂ ਵਲੋਂ ਤੁਰੰਤ ਕਾਰ 'ਚ ਪਾ ਕੇ ਅੰਮ੍ਰਿਤਸਰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਿੰਡ ਵਾਲਿਆਂ ਨੇ ਬੰਟੀ ਨੂੰ ਮੌਕੇ 'ਤੇ ਹੀ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਘਟਨਾ ਤੋਂ 4 ਘੰਟੇ ਬਾਅਦ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਪੁਲਸ ਕੋਲ ਪ੍ਰਵਾਸੀ ਮਜ਼ਦੂਰਾਂ ਦਾ ਕੋਈ ਰਿਕਾਰਡ ਨਹੀਂ
ਜ਼ਿਕਰਯੋਗ ਹੈ ਕਿ ਪਿੰਡਾਂ 'ਚ ਕਿਸਾਨਾਂ ਨੇ ਅਨੇਕਾਂ ਪ੍ਰਵਾਸੀ ਮਜ਼ਦੂਰਾਂ ਨੂੰ ਨਾਜਾਇਜ਼ ਤੌਰ 'ਤੇ ਰੱਖਿਆ ਹੋਇਆ ਹੈ, ਜਿਨ੍ਹਾਂ ਕੋਲੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਹੈ ਪਰ ਪੁਲਸ ਕੋਲ ਇਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਇਸ ਨਾਲ ਹੋਰ ਵੀ ਵੱਡੀਆਂ ਘਟਨਾਵਾਂ ਵਾਪਰਨ ਦਾ ਡਰ ਹੈ।


author

Baljeet Kaur

Content Editor

Related News