ਬਿਸ਼ਨੋਈ ਗਰੁੱਪ ਦੇ ਸ਼ੂਟਰ ਮਨਪ੍ਰੀਤ ਮਨੂੰ ਦੇ ਇਨਕਾਊਂਟਰ 'ਚ ਮਾਰੇ ਜਾਣ 'ਤੇ ਕੁੱਸਾ ਪਿੰਡ ਆਇਆ ਫਿਰ ਚਰਚਾ 'ਚ
Wednesday, Jul 20, 2022 - 10:51 PM (IST)
ਨਿਹਾਲ ਸਿੰਘ ਵਾਲਾ (ਬਾਵਾ) : ਸਿੱਧੂ ਮੂਸੇਵਾਲਾ ਦੇ ਕਤਲ 'ਚ ਹਲਕੇ ਦੇ ਪਿੰਡ ਕੁੱਸਾ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮਨੂੰ ਨੂੰ ਅੱਜ ਉਸ ਦੇ ਇਕ ਹੋਰ ਸਾਥੀ ਜਗਰੂਪ ਸਿੰਘ ਰੂਪਾ ਸਮੇਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿਖੇ ਪੁਲਸ ਵੱਲੋਂ ਇਨਕਾਊਂਟਰ ਵਿੱਚ ਮਾਰੇ ਜਾਣ ਤੋਂ ਬਾਅਦ ਪਿੰਡ ਕੁੱਸਾ ਇਕ ਵਾਰ ਮੁੜ ਸੁਰਖੀਆਂ ਵਿੱਚ ਆ ਗਿਆ ਹੈ ਤੇ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਵਿਸ਼ਵ ਪੱਧਰ 'ਤੇ ਚਰਚਿਤ ਹੋਏ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਇਸ ਪਿੰਡ ਦੇ ਨੌਜਵਾਨ ਮਨਪ੍ਰੀਤ ਮਨੂੰ ਨਾਲ ਜੁੜਨ ਨਾਲ ਇਹ ਪਿੰਡ ਸੰਸਾਰ ਪੱਧਰ 'ਤੇ ਚਰਚਾ ਵਿੱਚ ਆਇਆ ਸੀ। ਦਿੱਲੀ ਪੁਲਸ ਵੱਲੋਂ ਕੁਝ ਦਿਨ ਪਹਿਲਾਂ ਕੀਤੇ ਖੁਲਾਸੇ ਵਿੱਚ ਸ਼ੂਟਰ ਮਨਪ੍ਰੀਤ ਮਨੂੰ ਦਾ ਜ਼ਿਕਰ ਆਇਆ ਸੀ। ਦਿੱਲੀ ਪੁਲਸ ਅਨੁਸਾਰ ਮਨੂੰ ਨੇ ਹੀ ਸਿੱਧੂ ਮੂਸੇਵਾਲਾ 'ਤੇ ਏ ਕੇ 47 ਨਾਲ ਹਮਲਾ ਕਰਕੇ ਉਸ ਨੂੰ ਕਤਲ ਕੀਤਾ ਸੀ।
ਇਹ ਵੀ ਪੜ੍ਹੋ : MSP ਲਈ ਕਾਇਮ ਕੀਤੀ ਕਮੇਟੀ 'ਚੋਂ ਪੰਜਾਬ ਨੂੰ ਬਾਹਰ ਰੱਖਣ 'ਤੇ CM ਵੱਲੋਂ NDA ਸਰਕਾਰ ਦੀ ਆਲੋਚਨਾ
ਲੱਕੜੀ ਦਾ ਉੱਘਾ ਮਿਸਤਰੀ ਸੀ ਮਨੂੰ ਪਰ ਜੇਲ੍ਹ ਜਾਣ ਤੋਂ ਬਾਅਦ ਬਣਿਆ ਗੈਂਗਸਟਰ
ਗੈਂਗਸਟਰ ਮਨਪ੍ਰੀਤ ਸਿੰਘ ਮਨੂ ਬਾਰੇ ਜਾਣਕਾਰੀ ਇਕੱਤਰ ਕਰਨ 'ਤੇ ਪਤਾ ਲੱਗਾ ਹੈ ਕਿ ਮਨੂੰ ਪਹਿਲਾਂ ਲੱਕੜੀ ਦਾ ਮਿਸਤਰੀ ਸੀ ਤੇ ਆਪਣੇ 2 ਭਰਾਵਾਂ ਨਾਲ ਪਿੰਡ ਵਿੱਚ ਹੀ ਕਾਰਪੇਂਟਰ ਦੀ ਦੁਕਾਨ ਚਲਾਉਂਦਾ ਸੀ। ਪਿੰਡ ਰੰਗੀਆਂ ਦਾ ਇਕ ਵਿਅਕਤੀ ਉਸ 'ਤੇ ਹਮਲਾ ਕਰਨ ਦੇ ਇਰਾਦੇ ਨਾਲ ਉਸ ਦੇ ਘਰ ਆਇਆ ਤਾਂ ਮਨੂੰ ਤੋਂ ਉਸ ਵਿਅਕਤੀ ਦੇ ਕੀਤੇ ਗਏ ਵਾਰ ਨਾਲ ਉਸ ਵਿਅਕਤੀ ਦੀ ਮੌਤ ਹੋ ਗਈ ਸੀ। ਕਤਲ ਕਰਨ ਦੇ ਮੁਕੱਦਮੇ 'ਚ ਨਾਮਜ਼ਦ ਹੋਣ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ। ਜੇਲ੍ਹ ਜਾਣ ਤੋਂ ਬਾਅਦ ਮਨਪ੍ਰੀਤ ਸਿੰਘ ਮਨੂੰ ਲਗਾਤਾਰ ਅਪਰਾਧ ਜਗਤ ਦੀ ਦੁਨੀਆ ਵਿੱਚ ਧੱਸਦਾ ਗਿਆ। ਜੇਲ੍ਹ ਤੋਂ ਛੁੱਟੀ ਆਉਣ ਉਪਰੰਤ ਮਨੂੰ ਨੇ ਆਪਣੇ ਛੋਟੇ ਭਰਾ ਗੁਰਦੀਪ ਸਿੰਘ ਗੋਰਾ ਨਾਲ ਰਲ ਕੇ ਇਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਮਨੂੰ ਆਪਣੇ ਭਰਾ ਗੋਰਾ ਨਾਲ ਜੇਲ੍ਹ ਚਲਾ ਗਿਆ। ਸਮਝਿਆ ਜਾਂਦਾ ਹੈ ਕਿ ਜੇਲ੍ਹ 'ਚੋਂ ਹੀ ਇਨ੍ਹਾਂ ਦੋਵਾਂ ਭਰਾਵਾਂ ਦੇ ਰਿਲੇਸ਼ਨ ਬਿਸ਼ਨੋਈ ਗਰੁੱਪ ਨਾਲ ਬਣ ਗਏ।
ਇਹ ਵੀ ਪੜ੍ਹੋ : ਜੀਂਦ ਤੋਂ ਫਿਰੋਜ਼ਪੁਰ ਲਾਈਨ 'ਤੇ ਨਵੀਂ ਪੈਸੰਜਰ ਰੇਲ ਗੱਡੀ ਅਗਸਤ ਦੇ ਪਹਿਲੇ ਹਫਤੇ ਸ਼ੁਰੂ, ਸਮਾਂ ਸਾਰਣੀ ਜਾਰੀ
ਮਨਪ੍ਰੀਤ ਮਨੂੰ 'ਤੇ ਕੁਲ 14 ਅਪਰਾਧਿਕ ਮਾਮਲੇ ਹਨ ਦਰਜ
ਜਾਣਕਾਰੀ ਮੁਤਾਬਕ ਮਨਪ੍ਰੀਤ ਮਨੂੰ 'ਤੇ ਕੁਲ 14 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ 'ਚ 4 ਕਤਲ ਦੇ ਮਾਮਲੇ ਹਨ। ਥਾਣਾ ਬੱਧਨੀ ਕਲਾਂ ਵਿਖੇ ਮਨੂੰ 'ਤੇ 5 ਮੁਕੱਦਮੇ ਦਰਜ ਹਨ। ਮਜ਼੍ਹਬੀ ਸਿੱਖ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਮਨਪ੍ਰੀਤ ਮਨੂੰ ਦਾ ਪਿੰਡ ਕੁੱਸਾ ਵਿਚਲਾ ਘਰ ਬੰਦ ਵੇਖਿਆ ਗਿਆ ਕਿਉਂਕਿ ਉਸ ਦੇ ਦੂਸਰੇ 2 ਭਰਾ ਗੁਰਦੀਪ ਸਿੰਘ ਗੋਰਾ ਤੇ ਸ਼ਮਸ਼ੇਰ ਸਿੰਘ ਵੀ ਫਰੀਦਕੋਟ ਦੀ ਜੇਲ੍ਹ ਵਿੱਚ ਅਪਰਾਧਿਕ ਮਾਮਲਿਆਂ 'ਚ ਬੰਦ ਹਨ। ਉਸ ਦੇ ਮਾਤਾ-ਪਿਤਾ ਘਰ ਵਿੱਚ ਨਹੀਂ ਹਨ। ਉਸ ਦੇ ਘਰ ਅੱਗੇ ਕੁਝ ਸਮਾਂ ਪਹਿਲਾਂ ਦਿੱਲੀ ਪੁਲਸ ਵੱਲੋਂ ਇਕ ਨੋਟਿਸ ਵੀ ਲਗਾਇਆ ਗਿਆ ਹੈ, ਜਿਸ ਵਿੱਚ ਉਸ ਨੂੰ ਪੁਲਸ ਕੋਲ ਪੇਸ਼ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਸ ਪਿੰਡ ਦੇ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਸੁਖਪ੍ਰੀਤ ਬੁੱਢਾ ਵੀ ਕਈ ਸਾਲ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੀ ਪੁਲਸ ਦੀ ਨੀਂਦ ਉਡਾ ਚੁੱਕਾ ਹੈ, ਜਿਸ 'ਤੇ ਵੀ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ, ਜੋ ਕਿ ਅੱਜ-ਕੱਲ੍ਹ ਜੇਲ੍ਹ ਵਿੱਚ ਬੰਦ ਹੈ। ਸੁਖਪ੍ਰੀਤ ਬੁੱਢਾ ਵੀ ਪਹਿਲਾਂ ਗੱਡੀਆਂ ਦਾ ਬਹੁਤ ਵਧੀਆ ਮਕੈਨਿਕ ਸੀ ਪਰ ਉਸ ਦੇ ਵੀ ਜੇਲ੍ਹ ਜਾਣ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਨਾਲ ਨਜ਼ਦੀਕੀਆਂ ਬਣ ਗਈਆਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨ ਜੇਲ੍ਹ ਜਾਣ ਤੋਂ ਬਾਅਦ ਹੀ ਕਿਉਂ ਅਪਰਾਧ ਦੀ ਦੁਨੀਆ ਵਿੱਚ ਜਾਂਦੇ ਹਨ? ਇਸ ਬਾਰੇ ਸਰਕਾਰਾਂ ਨੂੰ ਜ਼ਰੂਰ ਸੁਚੇਤ ਹੋਣਾ ਪਵੇਗਾ।
ਇਹ ਵੀ ਪੜ੍ਹੋ : ਬਿਜਲੀ ਮੁਲਾਜ਼ਮ ਬਣ ਕੇ ਆਏ 3 ਲੁਟੇਰੇ, ਲੋਕਾਂ ਨੇ ਕਾਬੂ ਕਰ ਕੀਤੇ ਪੁਲਸ ਹਵਾਲੇ
ਲੋਕ ਘੋਲਾਂ ਵਜੋਂ ਜਾਣਿਆ ਜਾਂਦਾ ਹੈ ਪਿੰਡ ਕੁੱਸਾ
ਪਿੰਡ ਕੁੱਸਾ ਪੰਜਾਬ ਦੇ ਨਕਸ਼ੇ 'ਤੇ ਅੰਕਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦਾ ਲੋਕ ਘੋਲਾਂ ਵਜੋਂ ਜਾਣਿਆ ਜਾਂਦਾ ਪਿੰਡ ਹੈ। ਇਹ ਪਿੰਡ ਸਾਹਿਤਕਾਰਾਂ, ਕਵੀਸ਼ਰਾਂ, ਢਾਡੀਆਂ ਦੇ ਪਿੰਡ ਵਜੋਂ ਦੇਸ਼-ਵਿਦੇਸ਼ ਦੇ ਨਕਸ਼ੇ 'ਤੇ ਅੰਕਿਤ ਹੋਇਆ ਸੀ ਕਿਉਂਕਿ ਇਸ ਪਿੰਡ ਨੇ ਵਿਸ਼ਵ ਪ੍ਰਸਿੱਧ ਲੇਖਕ, ਸਾਹਿਤਕਾਰ, ਢਾਡੀ ਅਤੇ ਕਵੀਸ਼ਰ ਪੈਦਾ ਕੀਤੇ, ਜਿਵੇਂ ਵਿਸ਼ਵ ਪ੍ਰਸਿੱਧ ਢਾਡੀ ਗੁਰਬਖਸ਼ ਸਿੰਘ ਅਲਵੇਲਾ, ਅਮਰ ਸਿੰਘ ਸ਼ੌਂਕੀ, ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਇੰਗਲੈਂਡ, ਕਰਮਜੀਤ ਸਿੰਘ ਕੁੱਸਾ, ਪ੍ਰਸਿੱਧ ਗਾਇਕ ਗੁਰਦੀਪ ਧਾਲੀਵਾਲ ਕੈਨੇਡਾ, ਕਿੱਸਾਕਾਰ ਛੋਟਾ ਸਿੰਘ ਧਾਲੀਵਾਲ, ਕਵੀਸ਼ਰ ਬਾਪੂ ਧਰਮ ਸਿੰਘ ਧਾਲੀਵਾਲ, ਸ਼ਿੰਦਰ ਸਿੰਘ, ਇਨਕਲਾਬੀ ਕਵੀ ਓਮ ਪ੍ਰਕਾਸ਼ ਕੁੱਸਾ ਆਦਿ ਇਸ ਪਿੰਡ ਨੇ ਪੰਜਾਬੀਆਂ ਨੂੰ ਦਿੱਤੇ, ਜਿਨ੍ਹਾਂ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਦਿਨ-ਰਾਤ ਇਕ ਕੀਤਾ। ਇਥੇ ਹੀ ਨਹੀਂ, ਪਿੰਡ ਦਾ ਇਕ ਨੌਜਵਾਨ ਆਤਮਾ ਸਿੰਘ 1965 ਦੀ ਜੰਗ ਦਾ ਸ਼ਹੀਦ ਹੈ, ਜਿਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬਲੀਦਾਨ ਦਿੱਤਾ। ਕਿਸਾਨ-ਮਜ਼ਦੂਰ-ਵਿਦਿਆਰਥੀ ਸੰਘਰਸ਼ ਦੇ ਵੱਡੇ ਘੋਲ ਇਸ ਪਿੰਡ ਦੀ ਧਰਤੀ ਤੋਂ ਸ਼ੁਰੂ ਹੋਏ ਅਤੇ ਲੜੇ ਗਏ ਪਰ ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਇਸ ਪਿੰਡ ਦੇ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਆਪਣੇ ਪਿੰਡ ਦਾ ਸ਼ਾਨਾਮੱਤੀ ਇਤਿਹਾਸ ਭੁਲਾ ਕੇ ਅਪਰਾਧ ਦੀ ਦੁਨੀਆ ਵਿੱਚ ਸ਼ਾਮਿ ਹੋ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।