ਢੰਡੀ ਕਦੀਮ ਸਕੂਲ ਪ੍ਰਿੰਸੀਪਲ ਦੀ ਬਦਲੀ ਰੱਦ ਕਰਵਾਉਣ ਲਈ ਪੰਚਾਇਤ ਵੀ ਆਈ ਅਧਿਆਪਕਾਂ ਦੇ ਹੱਕ ''ਚ
Thursday, Nov 23, 2017 - 03:06 PM (IST)
ਜਲਾਲਾਬਾਦ (ਸੇਤੀਆ) - ਜ਼ਿਲਾ ਫਾਜ਼ਿਲਕਾ ਦੇ ਚਾਰ ਅਧਿਆਪਕਾਂ ਦੀਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੀਆਂ ਬਦਲੀਆਂ ਦੇ ਵਿਰੁੱਧ ਜ਼ਿਲਾ ਫਾਜ਼ਿਲਕਾ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ 'ਚ ਲੋਕ ਖੁੱਲ ਕੇ ਅਧਿਆਪਕਾਂ ਦੇ ਹੱਕ 'ਚ ਖੜੇ ਹੋ ਰਹੇ ਹਨ, ਉਥੇ ਉਕਤ ਬਦਲੀਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਡੀ ਕਦੀਮ ਦੀ ਪ੍ਰਿੰਸੀਪਲ ਸ੍ਰੀਮਤੀ ਅੰਜੂ ਰਾਣੀ ਦੀ ਕੀਤੀ ਬਦਲੀ ਹੋਣ 'ਤੇ ਪਿੰਡ ਢੰਡੀ ਕਦੀਮ ਦੀ ਪੰਚਾਇਤ ਅਤੇ ਪਸਵਕ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਸਰਪੰਚ, ਪੰਚਾਂ ਅਤੇ 100 ਤੋਂ ਵਧ ਪਿੰਡ ਵਾਸੀਆਂ ਦਾ ਦਸਤਖਤ ਕੀਤਾ ਬਿਆਨ ਹਲਫੀਆ ਮੀਡੀਆ ਨੂੰ ਦਿੰਦਿਆਂ ਪੰਚਾਇਤ ਨੇ ਕਿਹਾ ਕਿ ਸ੍ਰੀਮਤੀ ਅੰਜੂ ਰਾਣੀ 2014 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਡੀ ਕਦੀਮ ਵਿਖੇ ਬਤੌਰ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਹਨ। ਇਨ੍ਹਾਂ ਨੇ ਸਕੂਲ 'ਚ ਵਿਦਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਸ਼ਲਾਘਾਯੋਗ ਕੰਮ ਕੀਤੇ ਹਨ ਅਤੇ ਇਨ੍ਹਾਂ ਦੀ ਬਦੌਲਤ ਸਕੂਲ ਨੇ ਬਹੁਤ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਤਬਾਦਲੇ ਦੀ ਨਿੰਦਾ ਕਰਦਿਆਂ ਕਿਹਾ ਕਿ 4 ਸਾਲ ਪੁਰਾਣੇ ਕੇਸ ਨੂੰ ਆਧਾਰ ਬਣਾ ਕੇ, ਜਿਸਦੀ ਸਜ਼ਾ ਪਹਿਲਾਂ ਵੀ ਇਕ ਤਰੱਕੀ ਰੋਕ ਕੇ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਉਸੇ ਕੇਸ ਵਿੱਚ ਦੋਬਾਰਾ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਜ਼ਿਲਾ ਤਰਨਤਾਰਨ ਵਿਖੇ ਕੀਤੀ ਬਦਲੀ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਜਿਸ ਸਦਕਾ ਉਨ੍ਹਾਂ ਨੇ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਕਰਨ 'ਤੇ ਸਮੂਹ ਪੰਚਾਇਤ ਦੇ ਮੈਂਬਰਾਂ ਨੇ ਸੜਕਾਂ 'ਤੇ ਉਤਰ ਕੇ ਚੱਕਾ ਜਾਮ ਕਰਨ ਲਈ ਕਿਹਾ।