ਆਬਜ਼ਰਵਰਾਂ ਦੇ ਸਾਹਮਣੇ ਮੱਕੜ ਤੇ ਮੰਨਣ ਵਿਚਾਲੇ ਜੰਮ ਕੇ ਹੋਇਆ ਗਾਲੀ-ਗਲੋਚ

12/10/2019 2:01:03 PM

ਜਲੰਧਰ (ਬੁਲੰਦ) : ਪਿਛਲੇ ਕਈ ਦਿਨਾਂ ਤੋਂ ਠੰਡਾ ਪਿਆ ਅਕਾਲੀ ਦਲ ਇਕ ਵਾਰ ਫਿਰ ਗਰਮੀ ਵਿਚ ਆ ਗਿਆ ਤੇ ਪਾਰਟੀ ਦੇ ਜ਼ਿਲਾ ਪ੍ਰਧਾਨ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ ਤੇ ਕੈਂਟ ਹਲਕੇ ਦੇ ਇੰਚਾਰਜ ਸਰਬਜੀਤ ਸਿੰਘ ਮੱਕੜ ਵਿਚ ਆਬਜ਼ਰਵਰਾਂ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਬੀਬੀ ਮਹਿੰਦਰ ਕੌਰ ਜੋਸ਼ ਦੇ ਸਾਹਮਣੇ ਹੀ ਜੰਮ ਕੇ ਗਾਲੀ ਗਲੋਚ ਹੋਇਆ, ਜਿਸ ਨੂੰ ਸ਼ਾਂਤ ਕਰਵਾਉਣ ਲਈ ਖੁਦ ਆਬਜ਼ਰਵਰਾਂ ਨੂੰ ਦਖਲ ਦੇਣਾ ਪਿਆ।
ਵਾਲੀਆ ਨੂੰ ਦੇਖ ਭੜਕੇ ਮੱਕੜ ਦਾ ਗੁੱਸਾ ਮੰਨਣ 'ਤੇ ਨਿਕਲਿਆ : ਮੰਨਣ ਧਿਰ
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮੰਨਣ ਧਿਰ ਦੇ ਅਕਾਲੀ ਆਗੂਆਂ ਨੇ ਦੱਸਿਆ ਕਿ ਗੱਲ ਤਾਂ ਉਸ ਵੇਲੇ ਹੀ ਵਿਗੜ ਗਈ ਜਦੋਂ ਆਬਜ਼ਰਵਰਾਂ ਦੇ ਬਿਲਕੁਲ ਨਾਲ ਦੀ ਕੁਰਸੀ 'ਤੇ ਸਰਬਜੀਤ ਮੱਕੜ ਨੂੰ ਕੈਂਟ ਹਲਕੇ 'ਚ ਟੱਕਰ ਦੇਣ ਵਾਲਾ ਉਨ੍ਹਾਂ ਦਾ ਸਖਤ ਵਿਰੋਧੀ ਐੱਚ. ਐੱਸ. ਵਾਲੀਆ ਬੈਠ ਗਿਆ ਸੀ। ਜਿਉਂ ਹੀ ਮੱਕੜ ਮੀਟਿੰਗ ਹਾਲ ਵਿਚ ਦਾਖਲ ਹੋਏ ਉਨ੍ਹਾਂ ਵੇਖਿਆ ਕਿ ਆਬਜ਼ਰਵਰਾਂ ਦੇ ਇਕ ਪਾਸੇ ਵਾਲੀਆ ਤੇ ਦੂਜੇ ਪਾਸੇ ਮੰਨਣ ਬੈਠੇ ਹਨ ਤਾਂ ਉਨ੍ਹਾਂ ਦਾ ਗੁੱਸਾ ਭੜਕ ਗਿਆ ਪਰ ਮੰਨਣ ਨੇ ਮੌਕਾ ਸੰਭਾਲਿਆ ਤੇ ਮੱਕੜ ਲਈ ਕੁਰਸੀ ਛੱਡ ਦਿੱਤੀ ਤੇ ਉਨ੍ਹਾਂ ਨੂੰ ਆਬਜ਼ਰਵਰ ਦੇ ਨਾਲ ਬਿਠਾ ਦਿੱਤਾ ਪਰ ਮੀਟਿੰਗ ਤੋਂ ਬਾਅਦ ਜਦੋਂ ਆਫਿਸ ਵਿਚ ਚਾਹ ਪੀਣ ਲੱਗੇ ਤਾਂ ਉਥੇ ਛੇ ਕੁਰਸੀਆਂ ਲੱਗੀਆਂ ਸਨ, ਜਿਨ੍ਹਾਂ 'ਤੇ ਮੰਨਣ, ਬੀਬੀ ਪਰਮਿੰਦਰ ਕੌਰ ਪੰਨੂ, ਨੀਲਾਮਹਿਲ ਤੇ ਬੀਬੀ ਜੋਸ਼ ਬੈਠੇ ਸਨ। ਦੋ ਕੁਰਸੀਆਂ ਖਾਲੀ ਸਨ, ਜਿਨ੍ਹਾਂ 'ਤੇ ਗਰੇਵਾਲ ਤੇ ਮੱਕੜ ਨੇ ਬੈਠਣਾ ਸੀ। ਜਦੋਂ ਮੱਕੜ ਆਫਿਸ ਪਹੁੰਚੇ ਤੇ ਖਾਲੀ ਕੁਰਸੀ 'ਤੇ ਬੈਠਣ ਲੱਗੇ ਤਾਂ ਉਨ੍ਹਾਂ ਨੂੰ ਕਿਸੇ ਨੇ ਕਿਹਾ ਕਿ ਇਹ ਕੁਰਸੀ ਗਰੇਵਾਲ ਦੀ ਹੈ, ਤੁਸੀਂ ਦੂਜੀ ਕੁਰਸੀ 'ਤੇ ਬੈਠ ਜਾਓ। ਇੰਨੇ ਵਿਚ ਮੰਨਣ ਨੇ ਕਿਹਾ ਕਿ ਲਓ ਮੇਰੀ ਕੁਰਸੀ ਲੈ ਲਓ, ਇਸ 'ਤੇ ਮੱਕੜ ਦਾ ਪਾਰਾ ਹਾਈ ਹੋ ਗਿਆ ਤੇ ਉਨ੍ਹਾਂ ਗਾਲੀ ਗਲੋਚ ਕਰਦਿਆਂ ਕਿਹਾ ਕਿ ਇਹ ਡਰਾਮਾ ਮੇਰੇ ਨਾਲ ਨਹੀਂ ਚੱਲਣਾ। ਮੰਨਣ ਨੇ ਵੀ ਭਾਜੀ ਮੋੜਦਿਆਂ ਚੰਗੀਆਂ ਗਾਲ੍ਹਾਂ ਕੱਢੀਆਂ, ਜਿਸ ਨਾਲ ਮੀਟਿੰਗ ਦਾ ਮਾਹੌਲ ਗਰਮਾ ਗਿਆ। ਆਖਿਰ ਆਬਜ਼ਰਵਰਾਂ ਨੇ ਮੱਕੜ ਨੂੰ ਉਨ੍ਹਾਂ ਦੀ ਗਲਤ ਸ਼ਬਦਾਵਲੀ ਲਈ ਝਾੜ ਵੀ ਪਾਈ।
ਜਾਣ-ਬੁੱਝ ਕੇ ਮੱਕੜ ਨੂੰ ਨੀਵਾਂ ਵਿਖਾਇਆ ਗਿਆ : ਮੱਕੜ ਧੜਾ
ਮੀਟਿੰਗ ਵਿਚ ਹੋਏ ਵਿਵਾਦ ਬਾਰੇ ਮੱਕੜ ਨੇ ਤਾਂ ਕੁੱਝ ਨਹੀਂ ਕਿਹਾ ਪਰ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਸੀ ਕਿ ਮੱਕੜ ਨੂੰ ਜਾਣ-ਬੁੱਝ ਕੇ ਨੀਵਾਂ ਵਿਖਾਉਣ ਲਈ ਵਾਲੀਆ ਨੂੰ ਆਬਜ਼ਰਵਰਾਂ ਦੇ ਨਾਲ ਵਾਲੀ ਕੁਰਸੀ ਦਿੱਤੀ ਗਈ ਤੇ ਮੱਕੜ ਲਈ ਕੋਈ ਜਗ੍ਹਾ ਨਹੀਂ ਰੱਖੀ ਗਈ। ਉਨ੍ਹਾਂ ਕਿਹਾ ਕਿ ਮੱਕੜ ਨੇ ਗਾਲ੍ਹਾਂ ਨਹੀਂ ਕੱਢੀਆਂ ਸਗੋਂ ਉਨ੍ਹਾਂ ਦੇ ਵਿਰੋਧੀਆਂ ਨੇ ਗਾਲੀ-ਗਲੋਚ ਸ਼ੁਰੂ ਕੀਤਾ, ਜਿਸ ਦਾ ਮੱਕੜ ਨੇ ਜਵਾਬ ਵੀ ਨਹੀਂ ਦਿੱਤਾ ਤੇ ਮੀਟਿੰਗ ਵਿਚੇ ਹੀ ਛੱਡ ਕੇ ਚਲੇ ਗਏ।
ਉਥੇ ਮੀਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਸ਼ਹਿਰ ਦੇ ਦਰਜਨਾਂ ਸੀਨੀਅਰ ਆਗੂ ਜਿਨ੍ਹਾਂ ਵਿਚ ਕੁਲਵੰਤ ਸਿੰਘ ਮੰਨਣ, ਬਲਜੀਤ ਸਿੰਘ ਨੀਲਾਮਹਿਲ, ਰਣਜੀਤ ਸਿੰਘ ਰਾਣਾ, ਜਲੰਧਰ ਦੇ 5 ਅਕਾਲੀ ਕੌਂਸਲਰ ਜਿਨ੍ਹਾਂ ਵਿਚ ਗੁਰਦੀਪ ਸਿੰਘ, ਪਰਮਜੀਤ ਰੇਰੂ, ਰੰਧਾਵਾ ਸਣੇ ਕਈ ਵੱਡੇ ਆਗੂ ਕਾਰਾਂ ਭਰ ਕੇ ਲੁਧਿਆਣਾ ਵਿਚ ਆਬਜ਼ਰਵਰ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਮਿਲਣ ਪਹੁੰਚੇ। ਇਸ ਮੌਕੇ ਉਨ੍ਹਾਂ ਗਰੇਵਾਲ ਨੂੰ ਸਪੱਸ਼ਟ ਕਿਹਾ ਕਿ ਜਾਂ ਤਾਂ ਮੱਕੜ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਵਿਖਾਉਣ ਜਾਂ ਸਾਨੂੰ ਅਕਾਲੀ ਦਲ ਛੱਡਣ ਦੀ ਇਜਾਜ਼ਤ ਦੇਣ। ਅਕਾਲੀਆਂ ਨੇ ਤਾਂ ਗਰੇਵਾਲ ਨੂੰ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਮੱਕੜ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਨਾਲ ਬਦਸਲੂਕੀ ਕੀਤੀ ਹੋਵੇ, ਘੱਟੋ-ਘੱਟ ਅਜਿਹੇ ਅੱਧੀ ਦਰਜਨ ਮਾਮਲੇ ਪਹਿਲਾਂ ਹੀ ਹਾਈਕਮਾਨ ਪਹੁੰਚ ਚੁੱਕੇ ਹਨ ਪਰ ਹਾਈਕਮਾਨ ਵਲੋਂ ਹਰ ਵਾਰ ਮੱਕੜ ਦਾ ਸਾਥ ਦਿੱਤਾ ਜਾਂਦਾ ਹੈ, ਜਿਸ ਨਾਲ ਪਾਰਟੀ ਦੀ ਸਮੁੱਚੀ ਜ਼ਿਲਾ ਇਕਾਈ ਵਿਚ ਰੋਸ ਤੇ ਨਿਰਾਸ਼ਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਆਉਣ ਵਾਲੇ ਦਿਨਾਂ ਵਿਚ ਪਾਰਟੀ ਦੀਆਂ ਮੀਟਿੰਗਾਂ ਵਿਚ ਸਿਰਫ ਮੱਕੜ ਹੀ ਨਜ਼ਰ ਆਉਣਗੇ, ਬਾਕੀ ਆਗੂ ਨਹੀਂ।
ਪਾਰਟੀ ਆਗੂਆਂ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਗਰੇਵਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਿਉਂਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਸਾਹਮਣੇ ਹੀ ਵਾਪਰਿਆ ਹੈ, ਇਸ ਲਈ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਾਈਕਮਾਨ ਤੱਕ ਪਹੁੰਚਾਉਣਗੇ ਅਤੇ ਮੱਕੜ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ।
ਖਾਲਸਾ ਅਤੇ ਰਾਜਪਾਲ 'ਚ ਨੌਬਤ ਹੱਥੋਪਾਈ ਤੱਕ ਪਹੁੰਚੀ
ਮੱਕੜ ਅਤੇ ਮੰਨਣ ਦੀ ਬਹਿਸਬਾਜ਼ੀ ਤੋਂ ਬਾਅਦ ਗੁਰਦੁਆਰਾ ਸੋਢਲ ਵਿਚ ਹੀ ਗੁਰਪ੍ਰੀਤ ਖਾਲਸਾ ਅਤੇ ਸੁਖਮਿੰਦਰ ਰਾਜਪਾਲ ਵੀ ਆਪਸ ਵਿਚ ਖਹਿਬੜ ਪਏ ਅਤੇ ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਮੌਜੂਦ ਲੋਕਾਂ ਦੀ ਮੰਨੀਏ ਤਾਂ ਖਾਲਸਾ ਨੇ ਰਾਜਪਾਲ ਕੋਲ ਵਿਰੋਧ ਜਤਾਇਆ ਕਿ ਜਦੋਂ ਮੀਟਿੰਗ ਵਿਚ ਮੱਕੜ ਅਤੇ ਮੰਨਣ ਆਪਸ ਵਿਚ ਉਲਝ ਰਹੇ ਸਨ ਤਾਂ ਰਾਜਪਾਲ ਅਤੇ ਉਸ ਦੇ ਸਾਥੀ ਕਿਉਂ ਮੱਕੜ ਦੇ ਨਾਲ ਮੰਨਣ ਦੇ ਵਿਰੋਧ ਵਿਚ ਬੋਲ ਰਹੇ ਸਨ। ਖਾਲਸਾ ਨੇ ਕਿਹਾ ਕਿ ਇਸ ਨੂੰ ਯੂਥ ਅਕਾਲੀ ਦਲ ਦੀ ਅਨੁਸ਼ਾਨਹੀਣਤਾ ਮੰਨਿਆ ਜਾਵੇਗਾ। ਉਨ੍ਹਾਂ ਰਾਜਪਾਲ ਨੂੰ ਕਿਹਾ ਕਿ ਤੈਨੂੰ ਪਾਰਟੀ ਵਿਚ ਕੁਝ ਜ਼ਿਆਦਾ ਹੀ ਹਵਾ ਮਿਲ ਗਈ ਹੈ, ਜਿਸ ਨੂੰ ਘੱਟ ਕਰਨਾ ਪਵੇਗਾ। ਇਸ ਤੋਂ ਬਾਅਦ ਰਾਜਪਾਲ ਨੇ ਵੀ ਖਾਲਸਾ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਉਹ ਖਾਲਸਾ ਜਾਂ ਕਿਸੇ ਹੋਰ ਕਾਰਣ ਪਾਰਟੀ 'ਚ ਨਹੀਂ ਆਏ, ਸਗੋਂ ਆਪਣੀ ਮਿਹਨਤ ਅਤੇ ਪਾਰਟੀ ਦੇ ਕੰਮਾਂ ਕਾਰਣ ਅੱਗੇ ਆਏ ਹਨ। ਕਿਸੇ ਵਿਚ ਦਮ ਹੈ ਤਾਂ ਉਨ੍ਹਾਂ ਨੂੰ ਰੋਕ ਕੇ ਵਿਖਾਏ। ਮੌਕੇ 'ਤੇ ਮੌਜੂਦ ਪਾਰਟੀ ਵਰਕਰਾਂ ਨੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਠੰਡਾ ਕੀਤਾ।
ਮੱਕੜ 'ਤੇ ਸਖ਼ਤ ਕਾਰਵਾਈ ਕਰੇ ਹਾਈ ਕਮਾਨ : ਭਾਟੀਆ
ਮਾਮਲੇ ਬਾਰੇ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੂੰ ਗਰੇਵਾਲ ਨੇ ਸਾਰੀ ਗੱਲ ਸਪੱਸ਼ਟ ਕੀਤੀ ਹੈ ਕਿ ਮੱਕੜ ਵਲੋਂ ਅਜਿਹੀਆਂ ਗੈਰ-ਜ਼ਿੰਮੇਵਾਰਾਨਾ ਹਰਕਤਾਂ ਵਧਦੀਆਂ ਜਾ ਰਹੀਆਂ ਹਨ। ਕਦੀ ਵਾਲੀਆ ਦੇ ਨਾਲ ਹੱਥੋਪਾਈ ਤੇ ਕਦੀ ਮੇਰੇ ਨਾਲ ਤੇ ਅੱਜ ਜ਼ਿਲਾ ਪ੍ਰਧਾਨ ਦੇ ਨਾਲ ਬਦਤਮੀਜ਼ੀ ਬਰਦਾਸ਼ਤ ਤੋਂ ਬਾਹਰ ਹੈ। ਭਾਟੀਆ ਨੇ ਕਿਹਾ ਕਿ ਗਰੇਵਾਲ ਨੇ ਉਸੇ ਸਮੇਂ ਫੋਨ ਕਰ ਕੇ ਸਾਰੀ ਗੱਲ ਹਾਈਕਮਾਨ ਨੂੰ ਦੱਸੀ ਤੇ ਇਸ ਬਾਰੇ ਸਖਤ ਐਕਸ਼ਨ ਲੈਣ ਲਈ ਕਿਹਾ।
ਅਕਾਲੀ ਦਲ ਦੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਦੀ ਚੋਣ ਰਣਨੀਤੀ ਬਾਰੇ ਚਰਚਾ
ਗੁਰਦੁਆਰਾ ਨਿਹੰਗ ਸਿੰਘ ਵਾਲਾ ਸੋਢਲ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਪਾਰਟੀ ਪ੍ਰਧਾਨ ਦੇ ਨਾਲ ਚੋਣਾਂ ਨੂੰ ਲੈ ਕੇ ਰਣਨੀਤੀ 'ਤੇ ਚਰਚਾ ਹੋਈ। ਮੀਟਿੰਗ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਨੂੰ ਬੀਤੇ ਦਿਨੀਂ ਕੇਂਦਰ ਸਰਕਾਰ ਵਲੋਂ ਸਜ਼ਾ ਮੁਆਫੀ ਦਿੱਤੀ ਗਈ ਸੀ। ਇਸ ਤੋਂ ਬਾਅਦ ਇਕ ਮਤਾ ਪਾਸ ਕਰ ਕੇ ਬਟਾਲਾ ਵਿਚ ਮਾਰੇ ਗਏ ਅਕਾਲੀ ਦਲ ਦੇ ਸਰਪੰਚ ਦੇ ਕੇਸ ਵਿਚ ਸੁੱਖਾ ਰੰਧਾਵਾ 'ਤੇ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਸਰਕਾਰ ਕੋਲ ਕੀਤੀ ਗਈ। ਇਸ ਮੌਕੇ ਦੱਸਿਆ ਗਿਆ ਕਿ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੌਰਾਨ 25 ਮੈਂਬਰਸ਼ਿਪ ਦੀਆਂ ਕਾਪੀਆਂ ਦੇ ਪਿੱਛੇ ਇਕ ਡੈਲੀਗੇਟ ਬਣਾਇਆ ਜਾਵੇਗਾ ਅਤੇ 10 ਕਾਪੀਆਂ ਦੇ ਪਿੱਛੇ ਇਕ ਬਲਾਕ ਪ੍ਰਧਾਨ ਬਣਾਇਆ ਜਾਵੇਗਾ। ਜੋ ਵੀ ਡੈਲੀਗੇਟ ਬਣਨਗੇ, ਉਹ 14 ਦਸੰਬਰ ਨੂੰ ਪਾਰਟੀ ਪ੍ਰਧਾਨ ਦੀਆਂ ਚੋਣਾਂ ਵਿਚ ਹਿੱਸਾ ਲੈਣ ਪਹੁੰਚਣਗੇ। ਇਸ ਮੌਕੇ ਰਣਜੀਤ ਸਿੰਘ ਰਾਣਾ, ਅਮਰਜੀਤ ਸਿੰਘ ਮਿੱਠਾ, ਭਜਨ ਚੋਪੜਾ, ਅਮਰਜੀਤ ਕਿਸ਼ਨਪੁਰਾ, ਗੁਰਪ੍ਰਤਾਪ ਪੰਨੂ, ਅਮਨਦੀਪ ਸਿੰਘ ਮੌਂਟੀ, ਸਤਿੰਦਰ ਸਿੰਘ ਪੀਤਾ ਆਦਿ ਮੌਜੂਦ ਸਨ।


Babita

Content Editor

Related News