ਸਰਕਾਰ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਲਈ ਅਦਾਲਤ ’ਚ ਬਿਲਕੁਲ ਵੀ ਢਿੱਲ ਨਹੀਂ ਵਿਖਾਵੇਗੀ: ਧਾਲੀਵਾਲ

Sunday, Mar 05, 2023 - 11:03 AM (IST)

ਜਲੰਧਰ/ਫਰੀਦਕੋਟ (ਧਵਨ)-ਬਹਿਬਲ ਕਲਾਂ ਮੋਰਚੇ ਨੂੰ ਚੁੱਕੇ ਜਾਣ ਭਾਵ ਧਰਨਾ ਖ਼ਤਮ ਹੋਣ ’ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਇਸ ਮਾਮਲੇ ਵਿਚ ਪੀੜਤਾਂ ਨੂੰ ਇਨਸਾਫ਼ ਦਿਵਾ ਕੇ ਰਹੇਗੀ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ ਤਾਂ ਹੀ ਪੀੜਤਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲੱਗੇਗੀ।

ਇਹ ਵੀ ਪੜ੍ਹੋ : ਲੋਹੀਆਂ ਵਿਖੇ ਦਰਦਨਾਕ ਹਾਦਸੇ 'ਚ ਜਵਾਨ ਕੁੜੀ ਦੀ ਮੌਤ, ਮਾਪੇ ਬੋਲੇ, ਫਰਜ਼ੀ ਐਕਸੀਡੈਂਟ 'ਚ ਮੁੰਡੇ ਨੇ ਮਾਰੀ ਸਾਡੀ ਧੀ

ਧਾਲੀਵਾਲ ਨੇ ਮੁੜ ਦੁਹਰਾਇਆ ਕਿ ਸਰਕਾਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਦਾਲਤ ਵਿਚ ਬਿਲਕੁਲ ਵੀ ਢਿੱਲ ਨਹੀਂ ਵਿਖਾਵੇਗੀ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਿਚ ਜੋ ਵੀ ਦੋਸ਼ੀ ਪਾਏ ਜਾਣਗੇ, ਅਦਾਲਤ ਵੱਲੋਂ ਉਨ੍ਹਾਂ ਨੂੰ ਜ਼ਰੂਰ ਸਜ਼ਾ ਮਿਲੇਗੀ। ਇਸ ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹੁਣ ਮਾਮਲਾ ਅਦਾਲਤ ਵਿਚ ਆ ਗਿਆ ਹੈ। ਅਦਾਲਤ ਹਰ ਪੱਖ ਤੋਂ ਜਾਂਚ ਕਰੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਮਿਲਣਗੀਆਂ। ਉਨ੍ਹਾਂ ਨੂੰ ਅਦਾਲਤੀ ਪ੍ਰਕਿਰਿਆ ’ਤੇ ਪੂਰਾ ਭਰੋਸਾ ਹੈ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਅਮੋਲਕ ਸਿੰਘ ਵੀ ਖ਼ਾਸ ਤੌਰ ’ਤੇ ਮੌਜੂਦ ਸਨ।

ਇਹ ਵੀ ਪੜ੍ਹੋ : ਵੱਡੀ ਖ਼ੁਸ਼ਖ਼ਬਰੀ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ-ਕੈਨੇਡਾ ਲਈ ਉਡਾਣ ਭਰਨਗੇ ਜਹਾਜ਼

ਪੰਜਾਬ ਸਰਕਾਰ ਇਨਸਾਫ਼ ਲਈ ਲੜ ਰਹੀ ਸਿੱਖ ਸੰਗਤ ਦੇ ਨਾਲ
ਕੁਲਦੀਪ ਧਾਲੀਵਾਲ ਨੇ ਅਕਾਲੀਆਂ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਸਿਆਸੀ ਹਮਲਾ ਬੋਲਦੇ ਹੋਏ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਦੋਸ਼ੀ ਸਰਕਾਰ ਵਿਚ ਬੈਠੇ ਲੋਕ ਹੁਣ ਸਿੱਖ ਇਤਿਹਾਸ ਵਿਚ ਸਿਆਸੀ ਤੌਰ ’ਤੇ ਖ਼ਤਮ ਹੋ ਗਏ ਹਨ ਅਤੇ ਗੁਰੂਆਂ ਨੇ ਉਨ੍ਹਾਂ ਨੂੰ ਸਜ਼ਾ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਅੱਜ ਸੰਗਤ ਵਿਚਕਾਰ ਭੇਜਿਆ ਹੈ। ਸਾਡੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਹੇਗੀ। ਮੁੱਖ ਮੰਤਰੀ ਨੇ ਇਸ ਸਬੰਧੀ ਦ੍ਰਿੜ੍ਹ ਨਿਸ਼ਚਾ ਲਿਆ ਹੋਇਆ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਸੰਗਤ ਦੇ ਸੰਘਰਸ਼ ਦੇ ਕਾਰਨ ਹੀ ਅੱਜ ਸਾਡੀ ਜਿੱਤ ਹੋਈ ਹੈ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਸੁਨੇਹਾ ਦੇ ਕੇ ਸਾਨੂੰ ਭੇਜਿਆ ਹੈ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਲੜਾਈ ਪੰਜਾਬ ਸਰਕਾਰ ਆਪ ਲੜੇਗੀ। ਸਰਕਾਰ ਨੂੰ ਭਾਵੇਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਕਿਉਂ ਨਾ ਜਾਣਾ ਪਵੇ, ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਹੇਗੀ ਕਿਉਂਕਿ ਮੁੱਖ ਮੰਤਰੀ ਸੰਗਤ ਦੇ ਨਾਲ ਖੜ੍ਹੇ ਹਨ। ਮੁੱਖ ਮੰਤਰੀ ਜਲਦੀ ਹੀ ਸੰਗਤ ਦੇ ਵਿਚਕਾਰ ਆ ਕੇ ਗੱਲਬਾਤ ਕਰਨਗੇ।

ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਹਾਈ ਕੋਰਟ ਵਿਚ ਚੱਲ ਰਹੇ ਮਾਮਲੇ ’ਤੇ ਪੂਰੀ ਨਜ਼ਰ ਰੱਖ ਕੇ ਚੱਲ ਰਹੀ ਹੈ। ਅਜਨਾਲਾ ਵਿਚ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਦੋਂ ਅਜਨਾਲਾ ਦੀ ਘਟਨਾ ਵਾਪਰ ਰਹੀ ਸੀ ਤਾਂ ਅਸੀਂ ਸਭ ਮੁੱਖ ਮੰਤਰੀ ਦੇ ਨਾਲ ‘ਇਨਵੈਸਟ ਪੰਜਾਬ’ ਸੰਮੇਲਨ ਵਿਚ ਮੌਜੂਦ ਸੀ। ਮੁੱਖ ਮੰਤਰੀ ਨੇ ਤੁਰੰਤ ਹਦਾਇਤਾਂ ਭੇਜੀਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਖਾਵਾਕਾਰੀਆਂ ਨੇ ਆਪਣੀ ਢਾਲ ਬਣਾਇਆ ਹੋਇਆ ਹੈ, ਇਸ ਲਈ ਪੁਲਸ ਨੂੰ ਪੂਰੀ ਤਰ੍ਹਾਂ ਖਾਮੋਸ਼ ਰਹਿਣਾ ਚਾਹੀਦਾ ਹੈ ਕਿਉਂਕਿ ਮੁੱਖ ਮੰਤਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਣ ਦੇਣਾ ਚਾਹੁੰਦੇ ਸਨ। ਧਾਲੀਵਾਲ ਨੇ ਕਿਹਾ ਕਿ ਜੋ ਜੰਗ ਸਿੱਖ ਸੰਗਤ ਇਨਸਾਫ਼ ਲਈ ਲੜ ਰਹੀ ਹੈ, ਉਸ ਵਿਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ 'ਤੇ ਕਾਰਵਾਈ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News